ਕੋਰੋਨਾ: ਸਚਾਈ ਵਿਖਾਉਣ ਤੋਂ ਕਿਉਂ ਭੱਜ ਰਿਹੈ ਗੋਦੀ ਮੀਡੀਆ? (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Nov 22 2020 15:32
Reading time: 1 min, 44 secs

ਕੋਰੋਨਾ ਜਦੋਂ ਤੋਂ ਸਾਡੇ ਦੇਸ਼ ਦੇ ਅੰਦਰ ਵੜਿਆ ਹੈ, ਉਦੋਂ ਤੋਂ ਹੀ ਗੋਦੀ ਮੀਡੀਆ ਨੂੰ ਹੋਰ ਕੁੱਝ ਵੀ ਵਿਖਾਈ ਨਹੀਂ ਦੇ ਰਿਹਾ। ਗੋਦੀ ਮੀਡੀਆ ਵੱਧਦੇ ਕੋਰੋਨਾ ਕੇਸਾਂ ਦੇ ਬਾਰੇ ਵਿੱਚ ਤਾਂ ਜਾਣਕਾਰੀ ਲੋਕਾਂ ਤੱਕ ਪਹੁੰਚਾ ਰਿਹਾ ਹੈ, ਪਰ ਕਿੰਨੇ ਮਰੀਜ਼ ਬਿਨ੍ਹਾਂ ਕੋਰੋਨਾ ਵੈਕਸੀਨ ਦੇ ਠੀਕ ਹੋਏ, ਉਨ੍ਹਾਂ ਦੇ ਅੰਕੜੇ ਵਿਖਾਉਣ ਤੋਂ ਭੱਜ ਰਿਹਾ ਹੈ। ਗੋਦੀ ਮੀਡੀਆ ਨੂੰ ਸਿਰਫ਼ ਦਹਿਸ਼ਤ ਫ਼ੈਲਾਉਣੀ ਹੀ ਆਉਂਦੀ ਹੈ, ਜਦੋਂਕਿ ਸਚਾਈ ਵਿਖਾਉਣ ਤੋਂ ਹਮੇਸ਼ਾ ਗੋਦੀ ਮੀਡੀਆ ਪੈਰ ਖਿੱਚਦਾ ਰਿਹਾ ਹੈ ਅਤੇ ਖ਼ੌਰੇ ਅੱਗੇ ਵੀ ਇਹ ਖਿੱਚਦਾ ਹੀ ਰਹੇਗਾ।

ਦੱਸਣਾ ਬਣਦਾ ਹੈ ਕਿ ਭਾਰਤ ਦੇ ਅੰਦਰ ਜਿੱਥੇ ਕੋਰੋਨਾ ਮਰੀਜ਼ਾਂ ਦੀ ਗਿਣਤੀ 91 ਲੱਖ ਦੇ ਕਰੀਬ ਹੋ ਗਈ ਹੈ, ਉੱਥੇ ਹੀ ਦੂਜੇ ਪਾਸੇ 85 ਲੱਖ ਤੋਂ ਵੱਧ ਲੋਕ ਬਗ਼ੈਰ ਕੋਰੋਨਾ ਵੈਕਸੀਨ ਤੋਂ ਠੀਕ ਵੀ ਹੋ ਚੁੱਕੇ ਹਨ। ਜੇਕਰ ਅਸੀਂ ਭਾਰਤ ਦੇ ਅੰਦਰ ਕੁੱਲ ਸਿਹਤਮੰਦ ਹੋਏ ਕੋਰੋਨਾ ਮਰੀਜ਼ਾਂ ਦੀ ਗਿਣਤੀ 'ਤੇ ਨਿਗਾਹ ਮਾਰੀਏ ਤਾਂ ਸਿਹਤਮੰਗ ਹੋਣ ਵਾਲੇ ਲੋਕਾਂ ਦੀ ਦਰ 93.6 ਫ਼ੀਸਦੀ ਬਣਦੀ ਹੈ। ਕੋਰੋਨਾ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ ਭਾਰਤ ਦੇ ਅੰਦਰ 1 ਲੱਖ 33 ਹਜ਼ਾਰ 227 ਹੈ, ਜੋ ਕਿ ਮਰਨ ਵਾਲਿਆਂ ਦੀ ਦਰ ਘੱਟ ਹੋ ਕੇ 1.46 ਫ਼ੀਸਦੀ ਰਹਿ ਗਈ ਹੈ।

ਜਾਣਕਾਰੀ ਲਈ ਦੱਸ ਦਈਏ ਕਿ ਜੋ ਰਿਪੋਰਟ ਅਸੀਂ 'ਨਿਊਜ਼ਨੰਬਰ' ਦੇ ਪਾਠਕਾਂ ਨੂੰ ਵਿਖਾ ਰਹੇ ਹਨ ਅਤੇ ਪਾਠਕਾਂ ਦੇ ਮਨਾਂ ਵਿੱਚੋਂ ਖ਼ੌਫ਼ ਕੱਢ ਰਹੇ ਹਾਂ, ਇਹ ਸਭ ਕੁੱਝ ਗੋਦੀ ਮੀਡੀਆ ਦੇ ਅਦਾਰਿਆਂ ਤੋਂ ਤੁਹਾਨੂੰ ਪ੍ਰਾਪਤ ਨਹੀਂ ਹੋਵੇਗਾ। ਨਿਊਜ਼ਨੰਬਰ ਹਮੇਸ਼ਾ ਹੀ ਸੱਚੀ ਪੱਤਰਕਾਰੀ ਕਰਦਾ ਆਇਆ ਹੈ ਅਤੇ ਲੋਕਾਂ ਦੇ ਮਨਾਂ ਦੇ ਅੰਦਰ ਗੋਦੀ ਮੀਡੀਆ ਵੱਲੋਂ ਫ਼ੈਲਾਏ ਗਏ ਵਹਿਮ ਨੂੰ ਕੱਢਦਾ ਆਇਆ ਹੈ। ਦਰਅਸਲ, ਗੋਦੀ ਮੀਡੀਆ ਹਮੇਸ਼ਾ ਹੀ ਸਚਾਈ ਵਿਖਾਉਣ ਤੋਂ ਡਰਦਾ ਰਿਹਾ ਹੈ ਅਤੇ ਟੀਆਰਪੀ ਬਟੋਰਨ ਦੇ ਚੱਕਰ ਵਿੱਚ 'ਫੇਕ ਖ਼ਬਰਾਂ' ਵੀ ਵਿਖਾ ਰਿਹਾ ਹੈ।

ਦੱਸਣਾ ਬਣਦਾ ਹੈ ਕਿ, ਕੇਂਦਰੀ ਸਿਹਤ ਮੰਤਰਾਲੇ ਦੁਆਰਾ ਸਵੇਰੇ 8 ਵਜੇ ਜਾਰੀ ਕੀਤੇ ਗਏ ਅੰਕੜਿਆਂ ਮੁਤਾਬਕ ਦੇਸ਼ ਵਿੱਚ ਕੋਰੋਨਾ ਵਾਇਰਸ ਸੰਕ੍ਰਮਣ ਦੇ ਕੁੱਲ 90 ਲੱਖ 95 ਹਜ਼ਾਰ 807 ਮਾਮਲੇ ਹੋ ਗਏ ਹਨ। 24 ਘੰਟਿਆਂ ਦੇ ਅੰਦਰ-ਅੰਦਰ ਸੰਕ੍ਰਮਣ ਨਾਲ 501 ਲੋਕਾਂ ਦੀ ਮੌਤ ਹੋਈ, ਜਿਸ ਕਾਰਨ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 1 ਲੱਖ 33 ਹਜ਼ਾਰ 227 ਹੋ ਗਈ ਹੈ। ਕੋਰੋਨਾ ਵਾਇਰਸ ਸੰਕ੍ਰਮਣ ਨਾਲ ਮਰਨ ਵਾਲਿਆਂ ਦੀ ਦਰ ਘੱਟ ਹੋ ਕੇ 1.46 ਫ਼ੀਸਦੀ ਰਹਿ ਗਈ ਹੈ। ਸਿਹਤ ਮੰਤਰਾਲੇ ਦੀ ਮੰਨੀਏ ਤਾਂ, ਸਿਹਤਯਾਬ ਹੋਣ ਵਾਲੇ ਲੋਕਾਂ ਦੀ ਹੁਣ ਦਰ 93.6 ਫ਼ੀਸਦੀ ਤੱਕ ਪਹੁੰਚ ਗਈ ਹੈ।