ਕਿਸਾਨਾਂ 'ਤੇ ਇੱਕ ਮੁਸੀਬਤ ਮੁੱਕੀ ਨਹੀਂ, ਦੂਜੀ ਦਰ 'ਤੇ ਆਣ ਖੜੀ!! (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Nov 22 2020 15:26
Reading time: 2 mins, 7 secs

ਪੰਜਾਬ ਸਮੇਤ ਦੇਸ਼ ਦਾ ਕਿਸਾਨ ਇਸ ਵਕਤ ਆਪਣੀਆਂ ਹੱਕੀ ਮੰਗਾਂ ਤੋਂ ਇਲਾਵਾ ਮੋਦੀ ਸਰਕਾਰ ਦੁਆਰਾ ਪਾਸ ਕੀਤੇ ਗਏ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਦੇ ਲਈ ਰੇਲ ਪਟੜੀਆਂ ਅਤੇ ਸੜਕਾਂ 'ਤੇ ਉੱਤਰਿਆ ਹੋਇਆ ਹੈ। ਕਿਸਾਨਾਂ ਦੀਆਂ ਮੰਗਾਂ ਨੂੰ ਮੰਨਣ ਲਈ ਜਿੱਥੇ ਮੋਦੀ ਸਰਕਾਰ ਤਿਆਰ ਨਹੀਂ ਹੈ, ਉੱਥੇ ਹੀ ਦੂਜੇ ਪਾਸੇ ਕਿਸਾਨਾਂ ਦਾ ਰੋਹ ਵੀ ਰੁਕਣ ਦਾ ਨਾਂਅ ਨਹੀਂ ਲੈ ਰਿਹਾ। ਲਗਾਤਾਰ ਕਿਸਾਨਾਂ ਦਾ ਰੋਹ ਵੱਧਦਾ ਜਾ ਰਿਹਾ ਹੈ, ਪਰ ਸਮੇਂ ਦੇ ਹਾਕਮ ਕਿਸਾਨਾਂ 'ਤੇ ਨਿੱਤ ਨਵੀਆਂ ਹੀ ਮੁਸੀਬਤਾਂ ਪਾ ਰਹੇ ਹਨ, ਜਿਸ ਦੇ ਕਾਰਨ ਕਿਸਾਨ ਬਹੁਤ ਜ਼ਿਆਦਾ ਪ੍ਰੇਸ਼ਾਨ ਨਜ਼ਰੀ ਆ ਰਹੇ ਹਨ।

ਕਿਸਾਨ ਇੱਕ ਪਾਸੇ ਤਾਂ ਲੋਕ ਮਾਰੂ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਦੇ ਲਈ ਸੰਘਰਸ਼ ਕਰ ਰਹੇ ਹਨ, ਉੱਥੇ ਹੀ ਸਰਕਾਰ ਦੇ ਵੱਲੋਂ ਪੰਜਾਬ ਦੇ ਅੰਦਰ ਯੂਰੀਆ ਖਾਦ ਦਾ ਕੱਟ ਲਗਾ ਦਿੱਤਾ ਗਿਆ ਹੈ। ਪੰਜਾਬ ਦੇ ਅੰਦਰ ਯੂਰੀਆ ਖਾਦ ਨਾ ਮਿਲਣ ਦੇ ਕਾਰਨ ਕਿਸਾਨਾਂ ਦੇ ਵਿੱਚ ਜਿੱਥੇ ਭਾਰੀ ਰੋਹ ਵੇਖਣ ਨੂੰ ਮਿਲ ਰਿਹਾ ਹੈ, ਉੱਥੇ ਹੀ ਕਿਸਾਨ ਮੋਦੀ ਸਰਕਾਰ ਦੀਆਂ ਕਿਸਾਨ ਮਾਰੂ ਨੀਤੀਆਂ ਨੂੰ ਵੀ ਕੋਸਦੇ ਵਿਖਾਈ ਦੇ ਰਹੇ ਹਨ। ਪੰਜਾਬ ਦੇ ਕਿਸਾਨਾਂ ਯੂਰੀਆ ਖਾਦ ਨਾ ਮਿਲਣ ਦੇ ਕਾਰਨ ਪ੍ਰੇਸ਼ਾਨ ਤਾਂ ਹਨ ਹੀ, ਨਾਲ ਹੀ ਉਹ ਹੁਣ ਹਾਈ-ਵੇ ਵੀ ਜਾਮ ਕਰ ਰਹੇ ਹਨ।

ਲੰਘੇ ਕੱਲ੍ਹ ਦੀ ਜੇਕਰ ਗੱਲ ਕਰੀਏ ਤਾਂ, ਕਿਸਾਨਾਂ ਨੂੰ ਯੂਰੀਆ ਖਾਦ ਨਾ ਮਿਲਣ ਦੇ ਕਾਰਨ ਬਠਿੰਡਾ ਅਤੇ ਹੋਰਨਾਂ ਕਈ ਜ਼ਿਲ੍ਹਿਆਂ ਦੇ ਕਿਸਾਨਾਂ ਵੱਨੋਂ ਚੰਡੀਗੜ੍ਹ ਬਠਿੰਡਾ ਹਾਈਵੇ ਨੂੰ ਮੁਕੰਮਲ ਤੌਰ 'ਤੇ ਜਾਮ ਕਰ ਦਿੱਤਾ ਗਿਆ ਅਤੇ ਐੱਨਐੱਫਐੱਲ ਦੇ ਗੇਟ ਸਾਹਮਣੇ ਧਰਨਾ ਦਿੰਦਿਆਂ ਹੋਇਆ ਕਿਸਾਨਾਂ ਨੇ ਜ਼ੋਰਦਾਰ ਮੰਗ ਕੀਤੀ ਕਿ ਪੰਜਾਬ ਦੇ ਅੰਦਰ ਕਿਸਾਨਾਂ ਨੂੰ ਫ਼ਸਲਾਂ 'ਤੇ ਛਿੜਕਾਅ ਕਰਨ ਵਾਸਤੇ ਯੂਰੀਆ ਖਾਦ ਦੀ ਕਮੀ ਪੂਰੀ ਕੀਤੀ ਜਾਵੇ। ਕਿਸਾਨਾਂ ਨੇ ਦੱਸਿਆ ਕਿ ਉਹ 16 ਨਵੰਬਰ ਤੋਂ ਐੱਨਐੱਫਐੱਲ ਦੇ ਗੇਟ ਅੱਗੇ ਖਾਦ ਲੈਣ ਲਈ ਆਉਂਦੇ ਹਨ।

ਇਸ ਦੌਰਾਨ ਐੱਨਐੱਫਐੱਲ ਦੇ ਅਧਿਕਾਰੀਆਂ ਨੇ ਉਨ੍ਹਾਂ ਦੇ ਨਾਂਅ ਲਿਖ ਕੇ ਪ੍ਰਤੀ ਕਿਸਾਨ ਪੱਚੀ ਗੱਟੇ ਯੂਰੀਆ ਦੇਣ ਦਾ ਵਾਅਦਾ ਕੀਤਾ ਸੀ, ਪਰ ਹੁਣ ਤੱਕ ਉਨ੍ਹਾਂ ਨੂੰ ਯੂਰੀਆ ਨਹੀਂ ਦਿੱਤੀ ਗਈ। ਕਪੂਰਥਲਾ ਅਤੇ ਤਰਨਤਾਰਨ ਤੋਂ ਆਏ ਕਰੀਬ ਦੋ ਦਰਜਨ ਕਿਸਾਨ ਪਿਛਲੇ 2 ਦਿਨਾਂ ਤੋਂ ਐਨਐਫਐਲ ਅੱਗੇ ਡਟੇ ਹੋਏ ਹਨ, ਪਰ ਉਨ੍ਹਾਂ ਨੂੰ ਖਾਦ ਨਹੀਂ ਮਿਲ ਰਹੀ। ਲੰਘੇ ਦਿਨੀਂ ਵੀ ਕਿਸਾਨਾਂ ਨੇ ਐੱਨਐੱਫਐੱਲ ਦਾ ਘੇਰਾਓ ਕਰਿਆ ਸੀ, ਪਰ ਮੌਕੇ 'ਤੇ ਪਹੁੰਚੇ ਅਧਿਕਾਰੀਆਂ ਨੇ ਕਿਸਾਨਾਂ ਨਾਲ ਵਾਅਦਾ ਕੀਤਾ ਸੀ ਕਿ ਬਹੁਤ ਜਲਦ ਖਾਦ ਉਨ੍ਹਾਂ ਨੂੰ ਦੇ ਦਿੱਤੀ ਜਾਵੇਗੀ।

ਪਰ, ਹੁਣ ਮੁੜ ਤੋਂ ਕਿਸਾਨਾਂ ਨੂੰ ਖਾਦ ਦੇਣ ਤੋਂ ਅਧਿਕਾਰੀਆਂ ਇਨਕਾਰ ਕਰ ਰਹੇ ਹਨ। ਦੱਸਣਾ ਬਣਦਾ ਹੈ ਕਿ, ਕਿਸਾਨਾਂ ਨੂੰ ਜਿੱਥੇ ਸਰਕਾਰਾਂ ਪ੍ਰੇਸ਼ਾਨ ਕਰਨ 'ਤੇ ਲੱਗੀਆਂ ਹੋਈਆਂ ਹਨ, ਉੱਥੇ ਹੀ ਦੂਜੇ ਪਾਸੇ ਸਰਕਾਰੀ ਅਧਿਕਾਰੀ ਵੀ ਆਪਣੀ ਪੂਰੀ ਦਾਦਾਗਿਰੀ ਵਿਖਾਉਣ 'ਤੇ ਲੱਗੇ ਹੋਏ ਹਨ। ਕਿਸਾਨਾਂ 'ਤੇ ਨਿੱਤ ਨਵੀਆਂ ਮੁਸੀਬਤਾਂ ਜੋ ਪੈ ਰਹੀਆਂ ਹਨ, ਇਸ ਦਾ ਜ਼ਿੰਮੇਵਾਰ ਕੋਈ ਹੋਰ ਨਹੀਂ, ਬਲਕਿ ਸਮੇਂ ਦੀਆਂ ਸਰਕਾਰਾਂ ਤੋਂ ਇਲਾਵਾ ਸਰਕਾਰੀ ਵਿਭਾਗਾਂ ਦੇ ਅਧਿਕਾਰੀ ਹੀ ਹਨ, ਜੋ ਕਿਸਾਨਾਂ ਨੂੰ ਸਿਵਾਏ ਪ੍ਰੇਸ਼ਾਨੀਆਂ ਤੋਂ ਕੁੱਝ ਨਹੀਂ ਦੇ ਰਹੇ।