ਹੁਣ ਪੰਜਾਬ ਦੀ ਪੁਲਿਸ ਵੀ ਹੋਈ 'ਨਸ਼ੇੜੀ'? (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Nov 22 2020 15:25
Reading time: 2 mins, 27 secs

ਬੇਸ਼ੱਕ ਨਸ਼ਾ ਮੁਕਤ ਪੰਜਾਬ ਬਣਾਉਣ ਦੀ ਸਰਕਾਰ ਨੇ ਮੁਹਿੰਮ ਛੇੜੀ ਹੋਈ ਹੈ, ਪਰ ਜਦੋਂ ਤੋਂ ਡੋਪ ਟੈਸਟ ਪੰਜਾਬ ਦੇ ਅੰਦਰ ਮੁਲਾਜ਼ਮਾਂ ਦੇ ਹੋਣੇ ਸ਼ੁਰੂ ਹੋਏ ਹਨ, ਉਦੋਂ ਤੋਂ ਬਹੁਤ ਸਾਰੇ ਮੁਲਾਜ਼ਮ ਸਿਰ ਲੁਕਾਉਂਦੇ ਵੀ ਵਿਖੇ ਹਨ। ਨਸ਼ਾ ਬੇਸ਼ੱਕ ਪੰਜਾਬ ਦੇ ਕਈ ਨੌਜਵਾਨਾਂ ਦੀ ਹੁਣ ਤੱਕ ਜਾਨ ਲੈ ਚੁੱਕਿਆ ਹੈ, ਪਰ ਇਹ ਨਸ਼ਾ ਉਹ ਮੁਲਾਜ਼ਮ ਵੀ ਹੁਣ ਕਰ ਰਹੇ ਹਨ, ਜਿਹੜੇ ਨਸ਼ੇੜੀਆਂ ਜਾਂ ਫਿਰ ਸਮੱਗਲਰਾਂ ਨੂੰ ਫੜ੍ਹ ਕੇ ਸਲਾਖ਼ਾਂ ਪਿੱਛੇ ਸੁੱਟ ਰਹੇ ਹਨ। ਹੁਣ ਤੱਕ ਕਈ ਵਿਭਾਗਾਂ ਦੇ ਮੁਲਾਜ਼ਮਾਂ ਦੀਆਂ ਜੋ ਡੋਪ ਟੈਸਟ ਦੀਆਂ ਰਿਪੋਰਟਾਂ ਸਾਹਮਣੇ ਆਈਆਂ ਹਨ, ਉਨ੍ਹਾਂ ਨੇ ਸਭਨਾਂ ਨੂੰ ਹੈਰਾਨ ਕਰਕੇ ਰੱਖ ਦਿੱਤਾ ਹੈ।

ਦਰਅਸਲ, ਕੋਈ ਸੋਚ ਵੀ ਨਹੀਂ ਸਕਦਾ ਹੋਣਾ ਕਿ, ਪੰਜਾਬ ਦੇ ਹਰੇਕ ਵਿਭਾਗ ਦੇ ਹੀ ਕਈ ਕਾਮੇ ਵੱਖ ਵੱਖ ਪ੍ਰਕਾਰ ਦੇ ਨਸ਼ਿਆਂ ਦਾ ਸੇਵਨ ਕਰਦੇ ਹਨ। ਇੱਥੋਂ ਤੱਕ ਕਿ ਸਾਡੇ ਸੂਤਰ ਇਹ ਦੱਸਦੇ ਹਨ ਕਿ ਜਿੱਥੇ ਛੋਟੇ ਕਰਮਚਾਰੀ ਨਸ਼ਿਆਂ ਦੇ ਆਦੀ ਹੋ ਚੁੱਕੇ ਹਨ, ਉੱਥੇ ਹੀ ਦੂਜੇ ਪਾਸੇ ਉੱਚ ਰੈਂਕ ਦੇ ਅਧਿਕਾਰੀ ਵੀ ਸ਼ਰਾਬ ਤੋਂ ਇਲਾਵਾ ਹੋਰ ਮਹਿੰਗੇ ਨਸ਼ਿਆਂ ਦਾ ਸੇਵਨ ਕਰ ਰਹੇ ਹਨ। ਪੁਲਿਸ ਵਿਭਾਗ ਬੇਸ਼ੱਕ ਨਸ਼ੇੜੀਆਂ ਜਾਂ ਫਿਰ ਸਮੱਗਲਰਾਂ ਨੂੰ ਫੜਣ ਦਾ ਕੰਮ ਕਰਦਾ ਹੈ।

ਪਰ ਅੱਜ ਸਮੱਗਲਰਾਂ ਕੋਲੋਂ ਬਰਾਮਦ ਕੀਤੇ ਗਏ ਨਸ਼ੇ ਦੇ ਆਦੀ, ਪੁਲਿਸ ਵਿਭਾਗ ਦੇ ਕਈ ਮੁਲਾਜ਼ਮ ਹੋ ਚੁੱਕੇ ਹਨ। ਪਿਛਲੇ ਸਾਲ ਜਦੋਂ ਇਹ ਖ਼ਬਰ ਸਾਹਮਣੇ ਆਈ ਸੀ ਕਿ ਜ਼ਿਲ੍ਹਾ ਤਰਨਤਾਰਨ ਅਤੇ ਫਿਰੋਜ਼ਪੁਰ ਦੇ ਨਾਲ ਸਬੰਧਤ ਪੁਲਿਸ ਮੁਲਾਜ਼ਮ ਡੋਪ ਟੈਸਟ ਦੇ ਵਿੱਚ ਨਸ਼ਾ ਕਰਦੇ ਪਾਏ ਗਏ ਹਨ ਤਾਂ, ਬਹੁਤਾ ਰੌਲਾ ਨਹੀਂ ਸੀ ਪਿਆ, ਕਿਉਂਕਿ ਕਈ ਮੁਲਾਜ਼ਮਾਂ ਦੀ ਨੌਕਰੀ ਜਾਣ ਦਾ ਖ਼ਤਰਾ ਬਣ ਗਿਆ ਸੀ। ਸਰਕਾਰ ਨੇ ਇਹ ਐਲਾਨ ਕਰ ਦਿੱਤਾ ਸੀ ਕਿ, ਜਿਹੜਾ ਵੀ ਮੁਲਾਜ਼ਮ ਨਸ਼ੇੜੀ ਪਾਇਆ ਗਿਆ, ਉਸ ਨੂੰ ਘਰ ਤੋਰ ਦਿੱਤਾ ਜਾਵੇਗਾ।

ਤਰਨਤਾਰਨ ਅਤੇ ਫਿਰੋਜ਼ਪੁਰ ਤੋਂ ਬਾਅਦ, ਇਸੇ ਸਾਲ ਨਵੰਬਰ ਮਹੀਨੇ ਦੇ ਵਿੱਚ ਸਰਹੱਦੀ ਜ਼ਿਲ੍ਹਾ ਅੰਮ੍ਰਿਤਸਰ ਤੋਂ ਇਹ ਖ਼ਬਰ ਸਾਹਮਣੇ ਆਈ ਹੈ ਕਿ, ਅੰਮ੍ਰਿਤਸਰ ਪੁਲਿਸ ਦੇ ਡੇਢ ਦਰਜਨ ਦੇ ਕਰੀਬ ਪੰਜਾਬ ਪੁਲਿਸ ਦੇ ਕਰਮਚਾਰੀ ਨਸ਼ਾ ਕਰਨ ਦੇ ਆਦੀ ਹੋ ਚੁੱਕੇ ਹਨ। ਜਾਣਕਾਰੀ ਲਈ ਦੱਸ ਦਈਏ ਕਿ ਇਹ ਸਿਰਫ਼ ਇਕੱਲੇ ਅਮ੍ਰਿਤਸਰ ਦੀ ਰਿਪੋਰਟ ਹੈ, ਜੇਕਰ ਪੰਜਾਬ ਭਰ ਵਿੱਚ ਤਾਇਨਾਤ ਪੁਲਿਸ ਦੇ ਡੋਪ ਟੈਸਟ ਕੀਤੇ ਜਾਣ ਤਾਂ, ਸੈਂਕੜੇ ਹੀ ਪੁਲਿਸ ਮੁਲਾਜ਼ਮ ਨਸ਼ੇੜੀ ਪਾਏ ਜਾ ਸਕਦੇ ਹਨ, ਪਰ ਸਾਰੇ ਪੰਜਾਬ ਵਿੱਚ ਇੰਨੇ ਡੋਪ ਟੈਸਟ ਹੋ ਨਹੀਂ ਸਕਣਗੇ।

ਕਿਉਂਕਿ ਬਹੁਤੇ ਪੁਲਿਸ ਮੁਲਾਜ਼ਮਾਂ ਨੂੰ ਵੱਡੇ ਲੀਡਰ ਬਚਾ ਲੈਣਗੇ ਅਤੇ ਛੋਟੇ ਮੁਲਾਜ਼ਮ ਰਗੜੇ ਜਾਣਗੇ। ਦੱਸਣਾ ਬਣਦਾ ਹੈ ਕਿ ਅਮ੍ਰਿਤਸਰ ਦਿਹਾਤੀ ਵਿੱਚ ਤਾਇਨਾਤ 15 ਪੁਲਿਸ ਮੁਲਾਜ਼ਮ ਨਸ਼ੇੜੀ ਪਾਏ ਗਏ ਹਨ। ਇਨ੍ਹਾਂ ਮੁਲਾਜ਼ਮਾਂ 'ਤੇ ਪੁਲਿਸ ਵਿਭਾਗ ਨੂੰ ਸ਼ੱਕ ਸੀ ਕਿ ਇਹ ਨਸ਼ਾ ਸੇਵਨ ਕਰਨ ਦੇ ਆਦੀ ਹਨ। ਲਿਹਾਜ਼ਾ ਇਨ੍ਹਾਂ ਦਾ ਸਿਵਲ ਹਸਪਤਾਲ ਵਿੱਚ ਅਧਿਕਾਰੀਆਂ ਵੱਲੋਂ ਡੋਪ ਟੈਸਟ ਕਰਵਾਇਆ ਗਿਆ। ਵਿਭਾਗ ਦੇ 25 ਮੁਲਾਜ਼ਮਾਂ ਨੂੰ ਡੋਪ ਟੈਸਟ ਕਰਵਾਉਣ ਨੂੰ ਕਿਹਾ ਗਿਆ ਸੀ, ਜਿਨ੍ਹਾਂ ਵਿੱਚੋਂ 21 ਮੁਲਾਜ਼ਮ ਸਿਵਲ ਹਸਪਤਾਲ ਪਹੁੰਚੇ।

ਇਨ੍ਹਾਂ ਦੇ ਪੇਸ਼ਾਬ ਦਾ ਨਮੂਨਾ ਲੈ ਕੇ ਟੈਸਟ ਕੀਤਾ ਗਿਆ, ਤਾਂ 15 ਮੁਲਾਜ਼ਮ ਨਸ਼ਾ ਸੇਵਨ ਕਰਨ ਦੇ ਆਦੀ ਪਾਏ ਗਏ। ਇਨ੍ਹਾਂ ਦੇ ਪੇਸ਼ਾਬ ਵਿੱਚ ਮਾਰਫੀਨ ਦੀ ਮਾਤਰਾ ਪਾਈ ਗਈ ਹੈ। ਇਸ ਤੋਂ ਸਪੱਸ਼ਟ ਹੈ ਕਿ ਇਹ ਮੁਲਾਜ਼ਮ ਅਫ਼ੀਮ, ਟ੍ਰਾਮਾਡੋਲ, ਚਰਸ ਜਾਂ ਹੈਰੋਇਨ ਸੇਵਨ ਦੇ ਆਦੀ ਹੋ ਸਕਦੇ ਹਨ। ਸਿਵਲ ਹਸਪਤਾਲ ਪ੍ਰਸ਼ਾਸਨ ਨੇ ਮਾਮਲੇ ਦੀ ਜਾਣਕਾਰੀ ਐੱਸਐੱਸਪੀ ਦਿਹਾਤੀ ਨੂੰ ਭੇਜ ਦਿੱਤੀ ਗਈ ਹੈ। ਦੂਜੇ ਪਾਸੇ 21 ਪੁਲਿਸ ਮੁਲਾਜ਼ਮਾਂ ਵਿੱਚ ਇੱਕ ਮੁਲਾਜ਼ਮ ਅਜਿਹਾ ਵੀ ਸੀ, ਜੋ ਸਿਵਲ ਹਸਪਤਾਲ ਵਿੱਚ ਨਸ਼ਾ ਕਰਕੇ ਹੀ ਪਹੁੰਚ ਗਿਆ ਸੀ।