ਸਰਕਾਰਾਂ ਨਾਲ ਮਿਲੀ ਫ਼ੇਸਬੁੱਕ, ਨਫ਼ਰਤ ਭਰੀ ਸਮੱਗਰੀ ਨੂੰ ਦੇਣ ਲੱਗੀ ਖੁੱਲ੍ਹ? (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Nov 21 2020 13:32
Reading time: 2 mins, 9 secs

ਸੋਸ਼ਲ ਮੀਡਆ 'ਤੇ ਏਨੀ ਜ਼ਿਆਦਾ ਨਫ਼ਰਤ ਭਰੀ ਭਾਸ਼ਾ ਵਰਤੀ ਜਾ ਰਹੀ ਹੈ ਕਿ ਕੋਈ ਕਹਿਣ ਦੀ ਹੱਦ ਨਹੀਂ। ਇਹ ਨਫ਼ਰਤ ਭਰੀ ਭਾਸ਼ਾ ਕੋਈ ਹੋਰ ਨਹੀਂ ਬਲਕਿ ਜ਼ਿਆਦਾਤਰ ਸੱਤਾਧਿਰ ਦੇ ਕੁੱਝ ਕੁ ਲੋਕ ਹੀ ਵਰਤ ਰਹੇ ਹਨ। ਨਫ਼ਰਤ ਭਰੇ ਸੰਦੇਸ਼ਾਂ ਅਤੇ ਪੋਸਟਾਂ ਜੋ ਇਸ ਵਕਤ ਸ਼ੋਸਲ ਮੀਡੀਆ 'ਤੇ ਸਾਹਮਣੇ ਆ ਰਹੀਆਂ ਹਨ, ਇਨ੍ਹਾਂ ਨੂੰ ਵੇਖ ਕੇ ਇੰਝ ਚੱਲਦਾ ਹੈ ਕਿ ਜਿਵੇਂ ਇਹ ਸੋਸ਼ਲ ਮੀਡੀਆ ਨੂੰ ਵੀ ਸਰਕਾਰਾਂ ਨੇ ਆਪਣੀ ਮੁੱਠੀ ਦੇ ਵਿੱਚ ਕਰ ਲਿਆ ਹੁੰਦਾ ਹੈ। ਸਰਕਾਰਾਂ ਦੇ ਨਾਲ ਮਿਲੀ ਹੋਈ ਹੈ, ਫ਼ੇਸਬੁੱਕ, ਇਹ ਦੋਸ਼ ਬਹੁਤ ਸਾਰੇ ਕਾਂਗਰਸੀ ਤੇ ਹੋਰ ਵਿਰੋਧੀ ਲਗਾ ਰਹੇ ਹਨ।

ਦਰਅਸਲ, ਪਿਛਲੇ ਦਿਨੀਂ ਇਹ ਖ਼ਬਰਾਂ ਸਾਹਮਣੇ ਆਈ ਕਿ, ਫੇਸਬੁੱਕ ਨੇ ਆਪਣੇ ਪਲੇਟਫਾਰਮ 'ਤੇ ਮੌਜੂਦ ਨਫ਼ਰਤ ਭਰੇ ਸੰਦੇਸ਼ਾਂ ਬਾਰੇ ਪਹਿਲੀ ਵਾਰ ਜਾਣਕਾਰੀ ਉਜਾਗਰ ਕੀਤੀ ਹੈ। ਫੇਸਬੁੱਕ ਨੇ ਦੱਸਿਆ ਕਿ ਦੁਨੀਆ ਭਰ ਵਿੱਚ ਉਸ ਦੇ ਪਲੇਟਫਾਰਮ 'ਤੇ ਤੀਜੀ ਤਿਮਾਹੀ ਦੌਰਾਨ ਪੋਸਟ ਕੀਤੀ ਗਈ ਸਮੱਗਰੀ ਦਾ ਵਿਸ਼ਲੇਸ਼ਣ ਕੀਤਾ ਗਿਆ। ਇਸ ਵਿੱਚ ਹਰ 10,000 ਸਮੱਗਰੀ ਵਿੱਚੋਂ 10 ਤੋਂ 11 ਸੰਦੇਸ਼ ਨਫ਼ਰਤ ਭਰੇ ਪਾਏ ਗਏ। ਭਾਰਤ ਫੇਸਬੁੱਕ ਦਾ ਵੱਡਾ ਬਾਜ਼ਾਰ ਹੈ, ਜਿੱਥੇ ਹੁਣੇ ਜਿਹੇ ਨਫ਼ਰਤ ਭਰੇ ਸੰਦੇਸ਼ਾਂ ਨਾਲ ਨਜਿੱਠਣ ਵਿੱਚ ਇਸ ਦੇ ਤੌਰ ਤਰੀਕਿਆਂ 'ਤੇ ਕਾਫ਼ੀ ਵਿਵਾਦ ਹੋਇਆ ਸੀ।

ਦੱਸਣਾ ਬਣਦਾ ਹੈ, ਕਿ ਭਾਰਤ ਵਿਚਲੀ ਮੋਦੀ ਸਰਕਾਰ 'ਤੇ ਫ਼ੇਸਬੁੱਕ ਦੇ ਨਾਲ ਮਿਲ ਦੇ ਦੇਸ਼ ਦੇ ਅੰਦਰ ਨਫ਼ਰਤ ਫ਼ੈਲਾਉਣ ਦਾ ਦੋਸ਼ ਸਮੇਂ ਸਮੇਂ 'ਤੇ ਲੱਗਦਾ ਰਿਹਾ ਹੈ। ਦਰਅਸਲ, ਫੇਸਬੁਕ ਦੇ ਮੁਖੀ ਅਤੇ ਮੋਦੀ ਦੀ ਯਾਰੀ ਦਾ ਉਸ ਵੇਲੇ ਸਭਨਾਂ ਨੂੰ ਪਤਾ ਲੱਗ ਗਿਆ, ਜਦੋਂ ਦਿੱਲੀ ਦੇ ਅੰਦਰ ਨਾਗਰਿਕਤਾ ਸੋਧ ਕਾਨੂੰਨ ਦਾ ਵਿਰੋਧ ਕਰ ਰਹੇ ਲੋਕਾਂ ਨੂੰ ਉਠਾਉਣ ਦੇ ਲਈ ਕਈ ਭਾਜਪਾਈਆਂ ਅਤੇ ਆਰਐਸਐਸ ਵਾਲਿਆਂ ਨੇ ਫੇਸਬੁੱਕ 'ਤੇ ਲਾਈਵ ਹੋ ਕੇ ਧਮਕੀਆਂ ਦਿੱਤੀਆਂ। ਭਾਜਪਾਈਆਂ ਤੇ ਆਰਐਸਐਸ ਵਾਲਿਆਂ ਦੀਆਂ ਪ੍ਰੋਫ਼ਾਈਲਾਂ ਵਿੱਚ ਹਾਲੇ ਵੀ ਨਫ਼ਰਤ ਭਰੀਆਂ ਪੋਸਟਾਂ ਪਈਆਂ ਹਨ।

ਜਿਨ੍ਹਾਂ ਨੂੰ ਫ਼ਰੋਲਣ ਲਈ ਫ਼ੇਸਬੁੱਕ ਕੋਈ ਕਾਰਵਾਈ ਨਹੀਂ ਕਰ ਰਹੀ। ਜੇਕਰ ਕੋਈ ਆਮ ਬੰਦਾ ਫ਼ੇਸਬੁੱਕ ਨੂੰ ਇੱਕ ਆਜ਼ਾਦ ਪਲੇਟਫ਼ਾਰਮ ਸਮਝ ਕੇ, ਆਪਣੇ ਵਿਚਾਰ ਪੇਸ਼ ਵੀ ਕਰਦਾ ਹੈ ਤਾਂ, ਉਸ ਦੇ ਖ਼ਿਲਾਫ਼ ਸਰਕਾਰ ਅਤੇ ਪੁਲਿਸ ਅਜਿਹੀ ਕਾਰਵਾਈ ਕਰ ਦਿੰਦੀ ਹੈ ਕਿ, ਉਸ ਨੂੰ ਜੇਲ੍ਹ ਦੀ ਸੈਰ ਵੀ ਕਰਨੀ ਪੈਂਦੀ ਹੈ। ਛਪੀਆਂ ਖ਼ਬਰਾਂ ਦੇ ਮੁਤਾਬਿਕ ਫੇਸਬੁੱਕ ਨੇ ਜੁਲਾਈ-ਸਤੰਬਰ ਤੱਕ ਦੀ ਤੀਜੀ ਤਿਮਾਹੀ ਦੀ ਆਪਣੀ ਰਿਪੋਰਟ ਵਿੱਚ ਕਿਹਾ ਕਿ ਉਹ ਦੁਨੀਆ ਭਰ ਵਿੱਚ ਆਪਣੇ ਪਲੇਟਫਾਰਮ 'ਤੇ ਮੌਜੂਦ ਨਫ਼ਰਤ ਭਰੇ ਸੰਦੇਸ਼ਾਂ ਬਾਰੇ ਪਹਿਲੀ ਵਾਰ ਜਾਣਕਾਰੀ ਸਾਂਝੀ ਕਰ ਰਿਹਾ ਹੈ।

ਉਸ ਨੇ ਦੱਸਿਆ ਕਿ 2020 ਦੀ ਤੀਜੀ ਤਿਮਾਹੀ ਵਿੱਚ ਹਰ ਦਸ ਹਜ਼ਾਰ ਸਮੱਗਰੀ ਦੇ ਵਿਸ਼ਲੇਸ਼ਣ ਵਿੱਚ 0.10 ਤੋਂ 0.11 ਫ਼ੀਸਦੀ ਯਾਨੀ 10 ਤੋਂ 11 ਸੰਦੇਸ਼ ਨਫ਼ਰਤ ਭਰੇ ਪਾਏ ਗਏ। ਆਰਟੀਫੀਸ਼ੀਅਲ ਇੰਟੈਲੀਜੈਂਸ ਵਿੱਚ ਨਿਵੇਸ਼ ਕਾਰਨ ਕੰਪਨੀ ਇਸ ਤਰ੍ਹਾਂ ਦੇ ਸੰਦੇਸ਼ਾਂ ਨੂੰ ਹਟਾਉਣ 'ਚ ਵੱਧ ਸਮਰੱਥ ਹੋਈ ਹੈ। ਯੂਜ਼ਰਸ ਦੀ ਸ਼ਿਕਾਇਤ ਤੋਂ ਪਹਿਲਾਂ ਹੀ ਇਨ੍ਹਾਂ ਨੂੰ ਹਟਾ ਦਿੱਤਾ ਗਿਆ। ਤੀਜੀ ਤਿਮਾਹੀ ਦੌਰਾਨ ਫੇਸਬੁੱਕ ਨੇ 2 ਕਰੋੜ 21 ਲੱਖ ਨਫ਼ਰਤ ਵਾਲੇ ਸੰਦੇਸ਼ਾਂ 'ਤੇ ਕਾਰਵਾਈ ਕੀਤੀ। ਫੇਸਬੁੱਕ ਨੇ ਦੱਸਿਆ ਕਿ ਇੰਸਟਾਗ੍ਰਾਮ 'ਤੇ ਵੀ ਨਫ਼ਰਤ ਫੈਲਾਉਣ ਵਾਲੀਆਂ ਪੋਸਟਾਂ 'ਤੇ ਕਾਰਵਾਈ ਕੀਤੀ ਗਈ।