ਕੀ ਖੁੱਲ੍ਹਣਗੇ ਪੰਜਾਬ ਨਾਲ ਲੱਗਦੇ ਸਮੂਹ ਪਾਕਿਸਤਾਨੀ ਸਰਹੱਦੀ ਲਾਂਘੇ? (ਨਿਊਜ਼ਨੰਬਰ ਖਾਸ ਖ਼ਬਰ)

Last Updated: Oct 27 2020 16:13
Reading time: 2 mins, 2 secs

ਭਾਰਤ ਦੇਸ਼ ਆਜ਼ਾਦ ਹੋਇਆਂ ਨੂੰ ਕਰੀਬ 74 ਵਰ੍ਹੇ ਤੋਂ ਜ਼ਿਆਦਾ ਸਮਾਂ ਬੀਤ ਚੁੱਕਿਆ ਹੈ, ਪਰ ਹੁਣ ਤੱਕ ਕਿਸੇ ਵੀ ਸਰਕਾਰ ਨੇ ਇਹ ਕੋਸ਼ਿਸ਼ ਨਹੀਂ ਕੀਤੀ, ਕਿ ਲਹਿੰਦੇ ਤੇ ਚੜ੍ਹਦੇ ਪੰਜਾਬ ਨੂੰ ਫਿਰ ਤੋਂ ਇੱਕ ਕੀਤਾ ਜਾਵੇ। ਹਰ ਸਰਕਾਰਾਂ ਵੱਲੋਂ ਤਰ੍ਹਾਂ ਤਰ੍ਹਾਂ ਦੇ ਬਹਾਨੇ ਬਣਾ ਕੇ ਪੰਜਾਬ ਨੂੰ ਹਮੇਸ਼ਾਂ ਹੀ ਲਤਾੜਨ ਦੀ ਕੋਸ਼ਿਸ਼ ਕੀਤੀ ਜਾਂਦੀ ਰਹੀ ਹੈ। ਪੰਜਾਬ 'ਤੇ ਜਿਹੜੀ ਮਰਜ਼ੀ ਪਾਰਟੀ ਦੀ ਸਰਕਾਰ ਆਈ ਹੋਵੇ, ਹਰ ਸਰਕਾਰ ਦੇ ਵਲੋਂ ਹੀ ਨਫ਼ਰਤ ਭਰੀ ਬਿਆਨਬਾਜ਼ੀ ਕੀਤੀ ਜਾਂਦੀ ਰਹੀ ਹੈ ਅਤੇ ਪਾਕਿਸਤਾਨ ਤੇ ਹਮੇਸ਼ਾਂ ਹੀ ਸ਼ਬਦੀ ਵਾਰ ਕੀਤੇ ਜਾਂਦੇ ਰਹੇ ਹਨ।

ਇਸ ਦਾ ਨੁਕਸਾਨ ਸਰਕਾਰਾਂ ਨੂੰ ਤਾਂ ਹੁੰਦਾ ਨਹੀਂ, ਪਰ ਪੰਜਾਬ ਦੇ ਲੋਕਾਂ ਨੂੰ ਜ਼ਰੂਰ ਨੁਕਸਾਨ ਝੱਲਣਾ ਪੈਂਦਾ ਹੈ। ਦੱਸ ਦੇਈਏ ਕਿ ਸੰਨ 1947 ਤੋਂ ਲੈ ਕੇ ਹੁਣ ਤੱਕ ਕਿਸੇ ਵੀ ਸਰਕਾਰ ਨੇ ਕੋਸ਼ਿਸ਼ ਨਹੀਂ ਕੀਤੀ ਕਿ ਪੰਜਾਬ ਦੇ ਨਾਲ ਲੱਗਦੇ ਪਾਕਿਸਤਾਨੀ ਸਰਹੱਦੀ ਲਾਂਘੇ ਵਪਾਰ ਲਈ ਖੋਲ੍ਹ ਦਿੱਤੇ ਜਾਣ। ਲੰਘੇ ਦਿਨ ਕਿਸਾਨ ਅੰਦੋਲਨ ਨੂੰ ਪੰਜਾਬ ਦੇ ਰਾਜਨੀਤਕ ਆਰਥਿਕ ਅਤੇ ਸਭਿਆਚਾਰਕ ਦੇ ਇਤਿਹਾਸ ਪਿਛੋਕੜ ਨਾਲ ਜੋੜਦਿਆਂ ਹੋਇਆ ਟਿੱਪਣੀਕਾਰ ਮਾਲਵਿੰਦਰ ਸਿੰਘ ਮਾਲੀ ਨੇ ਕਿਹਾ ਕਿ ਖੇਤੀ ਆਰਡੀਨੈਂਸ ਦੇ ਹਵਾਲੇ ਨਾਲ ਫੁੱਟਿਆ ਕਿਸਾਨ ਅੰਦੋਲਨ ਜਿਹੜਾ ਕਿਸਾਨੀ ਸੰਕਟ ਦਾ ਪ੍ਰਗਟਾਵਾ ਹੈ।

ਇਹ ਕੋਈ ਅਚਨਚੇਤੀ ਵਾਪਰਿਆ ਵਰਤਾਰਾ ਨਹੀਂ, ਅਸਲ ਵਿੱਚ ਇਸ ਦੀਆਂ ਜੜ੍ਹਾਂ ਮੁਲਕ ਦੇ ਖ਼ਾਸ ਕਰਕੇ ਪੰਜਾਬ ਦੇ ਖੇਤੀ ਤੇ ਉਸ ਤੋਂ ਵੀ ਅੱਗੇ ਵਧ ਕੇ ਸਮੁੱਚੇ ਆਰਥਿਕ ਮਾਡਲ ਨਾਲ ਜੁੜੀਆਂ ਹੋਈਆਂ ਹਨ। ਇਸ ਦਾ ਹੱਲ ਵੀ ਇਸ ਮਾਡਲ ਦੀ ਤਬਦੀਲੀ ਨਾਲ ਹੋਣਾ ਹੈ। ਸੋਧੇ ਖੇਤੀ ਕਾਨੂੰਨ ਕਿਸਾਨਾਂ ਅਤੇ ਪੇਂਡੂ ਸਮਾਜ ਦੇ ਭਲੇ ਲਈ ਨਹੀਂ, ਸਗੋਂ ਕਾਰਪੋਰੇਟ ਘਰਾਣਿਆਂ ਦੇ ਭਲੇ ਲਈ ਹਨ। ਉਨ੍ਹਾਂ ਦੇ ਹਿੱਤ ਪੈਰਵੀ ਸੁਰੱਖਿਆ ਤੇ ਵਾਧੇ ਨਾਲ ਸਮਰਪਿਤ ਰਾਜਨੀਤਿਕ ਅਤੇ ਆਰਥਿਕ ਨੀਤੀ ਘਾੜਿਆਂ ਵੀ ਇਨ੍ਹਾਂ ਘਰਾਣਿਆਂ ਦਾ ਪਰਚੂਨ ਖੇਤੀ ਤੇ ਖ਼ਪਤ ਮੰਡੀ ਤੇ ਕਬਜ਼ਾ ਕਰਵਾਉਣ ਦੇ ਮੰਤਵ ਪੂਰਵੀ ਲਈ ਘੜੇ ਗਏ ਹਨ।

ਕਿਸਾਨੀ ਸੰਕਟ ਦੇ ਹੱਲ ਲਈ ਕਿਸਾਨੀ ਸੰਘਰਸ਼ ਨੂੰ ਇਸ ਮੰਗ ਨਾਲ ਜੋੜਨ ਅਤੇ ਜ਼ੋਰ ਦਿੰਦਿਆਂ ਮਾਲੀ ਨੇ ਕਿਹਾ ਕਿ ਪੰਜਾਬ ਨਾਲ ਲੱਗਦੀਆਂ ਪਾਕਿਸਤਾਨ ਦੀਆਂ ਸਮੂਹ ਸਰਹੱਦਾਂ ਤੇ ਲਾਂਘੇ ਖੋਲ੍ਹ ਦੇਣੇ ਚਾਹੀਦੇ ਹਨ, ਤਾਂ ਹੀ ਪੰਜਾਬ ਨੂੰ ਕੁਝ ਲਾਭ ਪ੍ਰਾਪਤ ਹੋ ਸਕਦਾ ਹੈ। ਦੱਸਣਾ ਇਹ ਵੀ ਬਣਦਾ ਹੈ ਕਿ ਸਮੂਹ ਸਿਆਸੀ ਪਾਰਟੀਆਂ ਕਦੇ ਵੀ ਨਹੀਂ ਚਾਹੁੰਦੀਆਂ, ਕਿ ਕਿਸਾਨ ਖੁਸ਼ਹਾਲ ਹੋਣ। ਕਿਉਂਕਿ ਸਰਕਾਰਾਂ ਇਹੀ ਚਾਹੁੰਦੀਆਂ ਹਨ ਕਿ ਕਿਸਾਨ ਮੰਗਤੇ ਬਣੇ ਰਹਿਣ, ਉਨ੍ਹਾਂ ਦੇ ਅੱਗੇ।

ਭਾਰਤੀ ਜਨਤਾ ਪਾਰਟੀ ਅਤੇ ਕਾਂਗਰਸ ਦੀ ਮੂਲ ਵਿਚਾਰ ਧਾਰਾ ਇੱਕੋ ਹੀ ਹੈ। ਕਿਉਂਕਿ ਜਿਸ ਰਾਸ਼ਟਰਵਾਦ ਦੀ ਗੱਲ ਕਾਂਗਰਸ ਕਰਦੀ ਆਈ ਹੈ, ਉਸ ਰਾਸ਼ਟਰਵਾਦ ਨੂੰ ਹੁਣ ਭਾਰਤੀ ਜਨਤਾ ਪਾਰਟੀ ਅਤੇ ਆਰਐਸਐਸ ਦੇ ਵੱਲੋਂ ਹਿੰਦੂ ਰਾਸ਼ਟਰ ਦਾ ਨਾਂਅ ਦਿੱਤਾ ਹੈ ਅਤੇ ਭਾਰਤ ਨੂੰ ਹਿੰਦੂ ਰਾਸ਼ਟਰ ਵੱਲ ਭਾਜਪਾ ਲੈ ਜਾ ਰਹੀ ਹੈ। ਹਾਕਮ ਜਮਾਤ ਕਿਸਾਨਾਂ ਮਜ਼ਦੂਰਾਂ ਬੇਰੁਜ਼ਗਾਰਾਂ ਨੌਜਵਾਨਾਂ ਮਜ਼ਦੂਰਾਂ ਦੀਆਂ ਮੰਗਾਂ ਨੂੰ ਲਤਾੜ ਕੇ, ਦੇਸ਼ ਵਾਸੀਆਂ ਨੂੰ ਹਿੰਦੂ ਮੁਸਲਿਮ ਕਹਿ ਕੇ ਲੜਾ ਮਰਵਾ ਰਹੀ ਹੈ।