ਮੋਦੀ ਵਾਂਗ ਟਰੰਪ ਦੀ ਵੀ ਅਮੀਰਾਂ ਨਾਲ ਯਾਰੀ!! (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Oct 26 2020 16:05
Reading time: 2 mins, 4 secs

ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਜਿਵੇਂ ਅੰਬਾਨੀ, ਅੰਡਾਨੀ ਅਤੇ ਨੀਰਵ ਮੋਦੀ ਤੇ ਵਿਜੈ ਮਾਲਿਆ ਵਰਗੇ ਧਨਾਢ ਲੋਕਾਂ ਦੇ ਨਾਲ ਯਾਰੀ ਹੈ, ਬਿਲਕੁਲ ਉਸੇ ਤਰ੍ਹਾਂ ਹੀ ਅਮਰੀਕੀ ਰਾਸ਼ਟਰਪਤੀ ਟਰੰਪ ਦੀ ਵੀ ਅਮੀਰਾਂ ਦੇ ਨਾਲ ਹੀ ਯਾਰੀ ਹੈ। ਟਰੰਪਾਂ ਦੇ ਅਮੀਰ ਯਾਰਾਂ ਦੇ ਵੱਲੋਂ ਟਰੰਪ ਤੋਂ ਮਿਹਰ ਭਰਿਆ ਹੱਥ ਲੈ ਕੇ, ਅਮਰੀਕਾ ਦੇ ਅੰਦਰ ਬਹੁਤ ਸਾਰੇ ਅਜਿਹੇ ਕੰਮ ਚਲਾਏ ਜਾ ਰਹੇ ਹਨ, ਜਿਸ ਦੇ ਨਾਲ ਦੇਸ਼ ਨੂੰ ਬਹੁਤ ਜ਼ਿਆਦਾ ਨੁਕਸਾਨ ਪੁੱਜ ਰਿਹਾ ਹੈ, ਜਿਵੇਂ ਕਿ ਅੰਬਾਨੀ ਅੰਡਾਨੀ ਆਪਣੇ ਕਾਰੋਬਾਰ ਚਲਾ ਕੇ ਭਾਰਤ ਨੂੰ ਬਰਬਾਦ ਕਰਨ ਦੇ ਵਿੱਚ ਰੁੱਝੇ ਹੋਏ ਹਨ।

ਮੋਦੀ ਤੇ ਟਰੰਪ ਦੀ ਯਾਰੀ ਬੜੀ ਗੂੜੀ ਹੈ ਅਤੇ ਦੋਵੇਂ ਹੀ ਪੱਕੇ ਯਾਰ ਹਨ, ਤਾਂ ਹੀ ਦੋਵਾਂ ਦੀਆਂ ਹਰਕਤਾਂ ਮਿਲਦੀਆਂ ਜ਼ੁਲਦੀਆਂ ਹਨ। ਵੈਸੇ, ਅਮਰੀਕੀ ਚੋਣਾਂ ਵਿੱਚ ਜਦੋਂ ਤੋਂ ਤੇਜ਼ੀ ਆਈ ਹੈ, ਉਦੋਂ ਤੋਂ ਟਰੰਪ ਦੇ ਭੇਤ ਥੋੜੇ ਜ਼ਿਆਦਾ ਹੀ ਖੁੱਲਣੇ ਸ਼ੁਰੂ ਹੋ ਗਏ ਹਨ। ਅਮਰੀਕਾ ਰਾਸ਼ਟਰਪਤੀ ਚੋਣ ਦੌਰਾਨ ਬਣੇ ਉਮੀਦਵਾਰ ਟਰੰਪ ਅਤੇ ਬਿਡੇਨ ਜਿੱਥੇ ਇੱਕ ਦੂਜੇ 'ਤੇ ਦੋਸ਼ ਮੜੀ ਜਾ ਰਹੇ ਹਨ, ਉੱਥੇ ਹੀ ਸਾਬਕਾ ਰਾਸ਼ਟਰਪਤੀ ਅਤੇ ਡੈਮੋਕ੍ਰੇਟਿਕ ਪਾਰਟੀ ਦੇ ਲੀਡਰ ਬਰਾਕ ਉਬਾਮਾ ਵੀ ਅਮਰੀਕਾ ਦੇ ਮੌਜ਼ੂਦਾ ਰਾਸ਼ਟਰਪਤੀ ਟਰੰਪ 'ਤੇ ਕਈ ਤਰ੍ਹਾਂ ਦੇ ਦੋਸ਼ ਮੜ ਰਹੇ ਹਨ।

ਖ਼ਬਰਾਂ ਦੇ ਮੁਤਾਬਿਕ ਡੈਮੋਕ੍ਰੇਟਿਕ ਪਾਰਟੀ ਦੇ ਨੇਤਾ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨੇ ਟਰੰਪ ਨੂੰ ਚੋਣ ਪ੍ਰਚਾਰ ਵਿੱਚ ਸਿੱਧਾ ਨਿਸ਼ਾਨਾ ਬਣਾਇਆ। ਉਨ੍ਹਾਂ ਫਲੋਰੀਡਾ ਦੀ ਇੱਕ ਰੈਲੀ ਵਿੱਚ ਕਿਹਾ ਕਿ ਟਰੰਪ ਆਪਣੇ ਨਿੱਜੀ ਸਵਾਰਥ ਅਤੇ ਅਮੀਰ ਦੋਸਤਾਂ ਦੀ ਮਦਦ ਲਈ ਰਾਸ਼ਟਰਪਤੀ ਬਣਨਾ ਚਾਹੁੰਦੇ ਹਨ। ਉਨ੍ਹਾਂ ਕੋਲ ਕੋਰੋਨਾ ਮਹਾਮਾਰੀ ਨਾਲ ਲੜਨ ਲਈ ਕੋਈ ਯੋਜਨਾ ਨਹੀਂ ਹੈ। ਓਬਾਮਾ ਨੇ ਜਨਤਾ ਨੂੰ ਅਪੀਲ ਕੀਤੀ ਹੈ ਕਿ ਟਰੰਪ ਨੂੰ ਹੁਣ ਦੂਜਾ ਮੌਕਾ ਨਹੀਂ ਦਿੱਤਾ ਜਾਣਾ ਚਾਹੀਦਾ ਹੈ।

ਕਿਉਂਕਿ ਉਹ ਆਮ ਆਦਮੀ ਲਈ ਨਹੀਂ। ਬਲਕਿ ਆਪਣੇ ਸੁਆਰਥਾਂ ਲਈ ਰਾਸ਼ਟਰਪਤੀ ਬਣਨਾ ਚਾਹੁੰਦੇ ਹਨ। ਅਮਰੀਕਾ 'ਚ ਛਪੀਆਂ ਖ਼ਬਰਾਂ ਦੇ ਮੁਤਾਬਿਕ ਓਬਾਮਾ ਲੋਕਾਂ ਨੂੰ ਕਹਿ ਰਹੇ ਹਨ ਕਿ ਬਿਡੇਨ ਅਤੇ ਕਮਲਾ ਹੈਰਿਸ ਸਾਡੇ ਅਤੇ ਤੁਹਾਡੇ ਲਈ ਚੋਣ ਲੜ ਰਹੇ ਹਨ। ਇਨ੍ਹਾਂ ਦੇ ਆਲੇ-ਦੁਆਲੇ ਦਲਾਲ ਨਹੀਂ, ਬਲਕਿ ਜਨਤਾ ਦਾ ਭਲਾ ਚਾਉਣ ਵਾਲੇ ਹੀ ਲੋਕ ਹਨ। ਉਨ੍ਹਾਂ ਕਿਹਾ ਕਿ ਜਿਹੜਾ ਵਿਅਕਤੀ ਇੱਕ ਇੰਟਰਵਿਊ ਵਿੱਚ ਸਿਰਫ਼ ਇਸ ਸਵਾਲ 'ਤੇ ਉੱਠ ਕੇ ਭੱਜ ਸਕਦਾ ਹੈ ਕਿ ਦੂਜੇ ਕਾਰਜਕਾਲ ਵਿੱਚ ਤੁਸੀਂ ਕੀ ਕਰੋਗੇ? ਸੋਚੋ ਫਿਰ ਉਹ ਕੀ ਕੰਮ ਕਰ ਸਕਦਾ ਹੈ?

ਵੈਸੇ, ਡੈਮੋਕ੍ਰੇਟਿਕ ਪਾਰਟੀ ਦੇ ਨੇਤਾ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਜੋ ਵੀ ਟਰੰਪ ਦੇ ਬਾਰੇ ਵਿੱਚ ਕਹਿ ਰਹੇ ਹਨ, ਇਹ ਬਿਲਕੁਲ ਸੱਚ ਹੀ ਹੈ ਅਤੇ ਅਜਿਹਾ ਕੁੱਝ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਕਰ ਰਿਹਾ ਹੈ। ਮੋਦੀ ਨੇ ਸੱਤਾ ਸੰਭਾਲਣ ਤੋਂ ਮਗਰੋਂ ਇੱਕ ਵੀ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਨਹੀਂ ਕੀਤਾ ਅਤੇ ਨਾ ਹੀ ਮੀਡੀਆ ਮੂਹਰੇ ਆ ਕੇ, ਸਵਾਲਾਂ ਦਾ ਜਵਾਬ ਦਿੱਤਾ ਹੈ। ਮੋਦੀ ਆਪਣੀ ਤਾਨਾਸ਼ਾਹੀ ਮਨ ਕੀ ਬਾਤ ਦੇ ਵਿੱਚ, ਸਿਰਫ਼ ਆਪਣੇ ਹੀ ਮਨ ਦੀ ਗੱਲ ਕਰਦਾ ਹੈ। ਜਨਤਾ ਮਰ ਰਹੀ ਹੈ, ਪਰ ਮੋਦੀ ਨੂੰ ਕੋਈ ਪ੍ਰਵਾਹ ਨਹੀਂ।