ਆਪਹੁਦਰੀਆਂ 'ਤੇ ਉੱਤਰੀ ਆਰਐਸਐਸ, ਫ਼ੌਜ ਭੜਕਾਉਣ ਲੱਗੀ.? (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Oct 26 2020 15:59
Reading time: 2 mins, 12 secs

ਭਾਰਤ ਦੇ ਅੰਦਰ ਜੇਕਰ ਕੋਈ ਖਾਲਿਸਤਾਨੀ ਆਖੇ ਕਿ ਉਨ੍ਹਾਂ ਨੂੰ ਖਾਲਿਸਤਾਨ ਚਾਹੀਦਾ ਹੈ ਤਾਂ, ਬਵਾਲ ਖੜਾ ਹੋ ਜਾਂਦਾ ਹੈ ਕਿ ਇਹ ਅੱਤਵਾਦੀ ਕਿੱਥੋਂ ਆ ਗਿਆ, ਵੱਖਰਾ ਦੇਸ਼ ਮੰਗਣ? ਇਸੇ ਤਰ੍ਹਾ ਜੇਕਰ ਕੋਈ ਕਾਮਰੇਡ ਉੱਠਦਾ ਹੈ ਕਿ, ਸਾਨੂੰ ਬਾਬੇ ਨਾਨਕ ਵਾਲਾ ਦੇਸ਼ ਚਾਹੀਦਾ ਹੈ, ਜਿੱਥੇ ਕਿਰਤ ਦਾ ਮੁੱਲ ਪਵੇ ਅਤੇ ਲੁਟੇਰੇ ਹਾਕਮ ਵੀ ਕਿਰਤੀਆਂ ਵਾਂਗ ਕੰਮ ਕਰਨ ਤਾਂ, ਉਨ੍ਹਾਂ ਕਾਮਰੇਡਾਂ ਨੂੰ ਦੇਸ਼ ਵਿਰੋਧੀ, ਦੇਸ਼ ਦੇ ਗੱਦਾਰ ਅਤੇ ਦੇਸ਼ ਧਰੋਹੀ ਆਖਿਆ ਜਾ ਰਿਹਾ ਹੈ। ਕਾਂਗਰਸੀ ਅਤੇ ਭਾਜਪਾਈਆਂ ਦਾ ਤਾਂ ਕਹਿਣਾ ਹੀ ਕੀ ਹੈ? ਇਹ ਜੋ ਮਰਜ਼ੀ ਕਹਿਣ ਇਨ੍ਹਾਂ ਨੂੰ ਸਭ ਮੁਆਫ਼ ਹੈ।

ਦਰਅਸਲ, ਇਸੇ ਤਰ੍ਹਾਂ ਹੀ ਭਾਜਪਾ ਦੀ ਮਾਂ ਰਾਸ਼ਟਰੀ ਸਵੈ-ਸੇਵਕ ਸੰਘ (ਆਰਐੱਸਐੱਸ) ਜੇਕਰ ਦੇਸ਼ ਦੇ ਅੰਦਰ ਹਿੰਦੂ ਰਾਸ਼ਟਰ ਲਿਆਉਣ ਦੀ ਗੱਲ ਕਰਦੀ ਹੈ ਤਾਂ, ਸਮੂਹ ਭਾਜਪਾਈ ਇਸ ਦੀ ਹਮਾਇਤ ਕਰਦੇ ਹਨ ਅਤੇ ਕਿਸਾਨ ਹਿਤੈਸ਼ੀ ਆਪਣੇ ਆਪ ਨੂੰ ਦੱਸਣ ਵਾਲੇ ਬਾਦਲ ਵੀ ਆਰਐਸਐਸ ਦੇ ਇਸ ਬਿਆਨ ਦੀ ਹਾਮੀ ਭਰਦੇ ਹਨ। ਕਈ ਕਾਂਗਰਸੀ ਅਤੇ ਆਮ ਆਦਮੀ ਪਾਰਟੀ ਵਾਲੇ ਵੀ ਆਰਐਸਐਸ ਦੇ ਹਿੰਦੂਤਵੀ ਏਜੰਡੇ ਨੂੰ ਸਹੀ ਦੱਸਦੇ ਹਨ, ਪਰ ਹੁਣ ਇੱਥੇ ਸਵਾਲ ਖੜ੍ਹਾ ਹੁੰਦਾ ਹੈ ਕਿ ਕਾਮਰੇਡਾਂ ਅਤੇ ਖਾਲਿਸਤਾਨੀਆਂ ਦੇ ਨਾਲ ਭਾਰਤ ਦੇ ਅੰਦਰ ਧੱਕਾ ਕਿਉਂ?

ਆਰਐਸਐਸ ਆਪਹੁਦਰੀ ਕਰਦੀ ਹੈ ਤਾਂ, ਉਸ ਨੂੰ ਸਭ ਮੁਆਫ਼ ਹੈ, ਪਰ ਜੇਕਰ ਕੋਈ ਕਾਮਰੇਡ ਸਮੂਹ ਦੇਸ਼ ਵਾਸੀਆਂ ਦੀ ਗੱਲ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ, ਉਸ ਨੂੰ ਆਰਐਸਐਸ ਅਤੇ ਭਾਜਪਾ ਵਾਲੇ ਦੇਸ਼ ਧਰੋਹੀ ਅਤੇ ਦੇਸ਼ ਦਾ ਗੱਦਾਰ ਤੱਕ ਕਹਿ ਦਿੰਦੇ ਹਨ। ਕੱਲ੍ਹ ਆਰਐਸਐਸ ਦੇ ਸਥਾਪਨਾ ਦਿਵਸ 'ਤੇ ਆਰਐਸਐਸ ਮੁਖੀ ਮੋਹਨ ਭਾਗਵਤ ਨੇ ਚੀਨ ਨੂੰ ਸਖ਼ਤ ਸੰਦੇਸ਼ ਦਿੱਤਾ। ਵੈਸੇ, ਚੀਨ ਨਾਲ ਜਦੋਂ ਲੜਣ ਲਈ ਸਰਹੱਦਾਂ 'ਤੇ ਫ਼ੌਜ ਤਾਇਨਾਤ ਹੈ, ਤਾਂ ਫਿਰ ਮੋਹਨ ਭਾਗਵਤ ਕਿਉਂ ਅੱਗ ਲਾਉ ਸਖ਼ਤ ਸੰਦੇਸ਼ ਚੀਨ ਨੂੰ ਦੇ ਰਿਹਾ ਹੈ?

ਆਰਐਸਐਸ ਮੁਖੀ ਨੇ ਆਪਣੀ 'ਨਿੱਕਰਾਂ ਆਲੀ' ਫ਼ੌਜ ਦਾ ਜ਼ਿਕਰ ਨਾ ਕਰਦਿਆਂ ਅਤੇ ਸਰਹੱਦਾਂ 'ਤੇ ਤਾਇਨਾਤ ਫ਼ੌਜ ਦੇ ਮਨਾਂ ਅੰਦਰ ਜ਼ਹਿਰ ਭਰਦਿਆਂ ਕਿਹਾ ਕਿ, ਸਰਹੱਦਾਂ 'ਤੇ ਤਾਇਨਾਤ ਸਾਡੀ ਫ਼ੌਜ ਦੀ ਅਟੁੱਟ ਦੇਸ਼ ਭਗਤੀ ਤੇ ਅਦਭੁੱਤ ਵੀਰਤਾ, ਸਾਡੀ ਸਰਕਾਰ ਦੀ ਰਵੱਈਆ ਤੇ ਦੇਸ਼ ਦੇ ਲੋਕਾਂ ਦਾ ਸਬਰ ਚੀਨ ਨੂੰ ਪਹਿਲੀ ਵਾਰ ਮਿਲਿਆ, ਉਸ ਨਾਲ ਉਸ ਦੇ ਧਿਆਨ ਵਿੱਚ ਇਹ ਗੱਲ ਆ ਜਾਣਾ ਚਾਹੀਦੀ ਹੈ ਕਿ ਭਾਰਤ ਪਹਿਲੇ ਵਾਲਾ ਦੇਸ਼ ਨਹੀਂ ਹੈ, ਉਸ ਦੇ ਰਵੱਈਏ ਵਿੱਚ ਵੀ ਸੁਧਾਰ ਹੋ ਜਾਣਾ ਚਾਹੀਦਾ ਹੈ, ਨਹੀਂ ਹੋਇਆ ਤਾਂ ਜੋ ਸਥਿਤੀ ਬਣੇਗੀ, ਉਸ ਨਾਲ ਅਸੀਂ ਸਾਰੇ ਲੋਕਾਂ ਦੀ ਜਾਗਰੂਕਤਾ, ਤਿਆਰੀ ਤੇ ਦ੍ਰੜਿਤਾ ਘੱਟ ਨਹੀਂ ਪਵੇਗੀ।

ਵੈਸੇ, ਆਰਐਸਐਸ ਮੁਖੀ ਮੋਹਨ ਭਾਗਵਤ ਭਾਵੇਂ ਹੀ ਦੇਸ਼ ਹਿੱਤ ਗੱਲ ਕਰ ਰਿਹਾ ਹੈ, ਪਰ ਉਹ ਇਥੇ ਆਪਹੁਦਰੀ ਇਹ ਵੀ ਝਾੜ ਰਿਹਾ ਹੈ ਕਿ, ਸਾਡੀ ਫ਼ੌਜ ਇਹ ਕਰ ਦੇਵੇਗੀ, ਔਹ ਕਰ ਦੇਵੇਗੀ, ਐਵੇਂ ਫ਼ੌਜੀਆਂ ਦੀਆਂ ਭਾਵਨਾਵਾਂ ਨੂੰ ਭੜਕਾਇਆ ਹੀ ਮਹਿਜ਼ ਗਿਆ ਹੈ। ਚੀਨ ਦੇ ਵਿਰੁੱਧ ਬਿਆਨ ਦੇਣ ਨੂੰ ਰਾਜਨਾਥ ਹੈ, ਅਮਿਤ ਸ਼ਾਹ ਹੈ ਅਤੇ ਮੋਦੀ ਹੈ, ਫਿਰ ਇਹ ਮੋਹਨ ਭਾਗਵਤ ਨੂੰ ਕਿਉਂ ਅੱਗੇ ਕੀਤਾ ਜਾ ਰਿਹਾ ਹੈ? ਵੈਸੇ, ਸੰਘੀ ਤਾਂ ਮੋਦੀ ਵੀ ਰਿਹਾ ਹੈ, ਇਸੇ ਲਈ ਉਹ ਮੋਹਨ ਭਾਗਵਤ ਨੂੰ ਸਭ ਕੁੱਝ ਕਰਨ ਦੀ ਖੁੱਲ੍ਹ ਦਿੰਦਾ ਹੈ ਅਤੇ ਹਿੰਦੂ ਰਾਸ਼ਟਰ 'ਤੇ ਵੀ ਇੱਕ ਸ਼ਬਦ ਨਹੀਂ ਬੋਲਦਾ।