'ਮਤਲਬ' ਖ਼ਾਤਰ ਅਮਰੀਕਾ ਖੜ੍ਹਾ ਭਾਰਤ ਨਾਲ.!! (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Oct 26 2020 15:57
Reading time: 2 mins, 12 secs

ਅਮਰੀਕਾ ਦੇ ਵਿੱਚ ਆਉਣ ਵਾਲੇ ਕੁੱਝ ਹੀ ਦਿਨਾਂ ਦੇ ਅੰਦਰ ਚੋਣਾਂ ਰਾਸ਼ਟਰਪਤੀ ਦੇ ਅਹੁਦੇ ਵਜੋਂ ਚੋਣਾਂ ਹੋਣ ਜਾ ਰਹੀਆਂ ਹਨ। ਰਾਸ਼ਟਰਪਤੀ ਦੀਆਂ ਚੋਣਾਂ ਤੋਂ ਪਹਿਲੋ ਹੀ ਚੋਣ ਮੈਦਾਨ ਭਖਿਆ ਹੋਇਆ ਹੈ ਅਤੇ ਡੋਨਾਲਡ ਟਰੰਪ ਅਤੇ ਬਿਡੇਨ ਇੱਕ ਦੂਜੇ 'ਤੇ ਤਿੱਖੇ ਸ਼ਬਦੀ ਹਮਲੇ ਬੋਲ ਰਹੇ ਹਨ। ਅਮਰੀਕੀ ਚੋਣਾਂ ਦਾ ਅਸਰ ਭਾਰਤੀਆਂ 'ਤੇ ਵੀ ਪੈ ਰਿਹਾ ਹੈ, ਕਿਉਂਕਿ ਵੱਡੀ ਗਿਣਤੀ ਵਿੱਚ ਭਾਰਤ ਦੇ ਲੋਕ ਅਮਰੀਕਾ ਵਿੱਚ ਵੀ ਰਹਿੰਦੇ ਹਨ ਅਤੇ ਅਮਰੀਕਾ ਦਾ ਰਾਸ਼ਟਰਪਤੀ ਡੋਨਾਲਡ ਟਰੰਪ ਚਾਹੁੰਦਾ ਹੈ ਕਿ, ਮੋਦੀ ਦਾ ਸਹਾਰਾ ਲੈ ਕੇ ਅਮਰੀਕੀ ਭਾਰਤੀਆਂ ਦੀਆਂ ਵੋਟਾਂ ਉਸ ਨੂੰ ਭੁਗਤਾਈਆਂ ਜਾਣ।

ਦੱਸਣਾ ਬਣਦਾ ਹੈ ਕਿ, ਇਸ ਵੇਲੇ ਟਰੰਪ ਅਜਿਹੇ ਅਜਿਹੇ ਬਿਆਨ ਭਾਰਤ ਦੇ ਪ੍ਰਤੀ ਦੇ ਰਿਹਾ ਹੈ, ਜਿਸ ਤੋਂ ਮੋਦੀ ਜੁੰਡਲੀ ਤਾਂ ਖੁਸ਼ ਹੈ ਹੀ, ਨਾਲ ਹੀ ਅਮਰੀਕਾ ਨੂੰ ਪਿਆਰ ਕਰਨ ਵਾਲੇ ਵੀ ਟਰੰਪ ਦੇ ਫ਼ੈਨ ਹੋਏ ਫਿਰਦੇ ਹਨ। ਅਮਰੀਕੀ ਰਾਸ਼ਟਰਪਤੀ ਟਰੰਪ ਦੇ ਵੱਲੋਂ ਲੰਘੇ ਦਿਨੀਂ ਕਿਹਾ ਕਿ ਉਸ ਨੇ ਭਾਰਤੀ ਅਮਰੀਕੀ ਸਮੁਦਾਇ ਅਤੇ ਭਾਰਤੀ ਅਗਵਾਈ ਦਾ ਸਨਮਾਨ ਕੀਤਾ ਹੈ। ਇਸ ਤਰ੍ਹਾਂ ਦਾ ਸਨਮਾਨ ਪਹਿਲਾਂ ਕਿਸੇ ਰਾਸ਼ਟਰਪਤੀ ਨੇ ਨਹੀਂ ਕੀਤਾ ਹੈ। ਟਰੰਪ ਵਿਕਟਰੀ ਇੰਡੀਅਨ ਅਮਰੀਕਨ ਫਾਇਨੈਂਸ ਕਮੇਟੀ ਦੇ ਸਹਿ ਚੇਅਰਮੈਨ ਅਲ ਮੇਸਨ ਨੇ ਰਾਸ਼ਟਰਪਤੀ ਟਰੰਪ ਦੀ ਤਰੀਫ਼ ਦੇ ਪੁਲ ਬੰਨ੍ਹਦੇ ਹੋਏ ਕਿਹਾ ਕਿ ਟਰੰਪ ਨੇ ਵਿਸ਼ਵ ਮੰਚ 'ਤੇ ਭਾਰਤ ਦੇ ਅਹੁਦੇ ਨੂੰ ਉੱਚਾ ਕੀਤਾ ਹੈ।

ਉਨ੍ਹਾਂ ਨੇ ਕਿਹਾ ਕਿ 2019 ਵਿੱਚ ਜਦੋਂ ਦੁਨੀਆ ਕਸ਼ਮੀਰ ਮੁੱਦੇ 'ਤੇ ਮੋਦੀ ਖ਼ਿਲਾਫ਼ ਸੀ, ਉਸ ਸਮੇਂ ਟਰੰਪ ਨੇ ਮੋਦੀ ਦਾ ਸਾਥ ਨਿਭਾਇਆ। ਉਨ੍ਹਾਂ ਨੇ ਕਿਹਾ ਮੁਸ਼ਕਿਲ ਸਮੇਂ ਵਿੱਚ ਰਾਸ਼ਟਰਪਤੀ ਟਰੰਪ ਨੇ ਭਾਰਤ ਨਾਲ ਖੜ੍ਹੇ ਹੋਣ ਦੀ ਹਿੰਮਤ ਦਿਖਾਈ। ਉਨ੍ਹਾਂ ਇਹ ਵੀ ਆਖਿਆ ਕਿ ਭਾਰਤੀ ਅਮਰੀਕੀ ਇੱਕ ਸ਼ਕਤੀ ਦੇ ਰੂਪ ਵਿੱਚ ਉੱਭਰੇ ਹਨ। ਅਮਰੀਕੀ ਰਾਸ਼ਟਰਪਤੀ ਚੋਣਾਂ ਦੇ ਇਤਿਹਾਸ ਵਿੱਚ ਪਹਿਲੀ ਵਾਰ ਭਾਰਤੀ ਅਮਰੀਕੀ ਡੈਮੋਕ੍ਰੇਟਿਕ ਸਮਰਥਕਾਂ ਨੇ ਰਿਪਬਲਿਕਨ ਵੱਲ ਰੁਖ਼ ਕੀਤਾ ਹੈ। ਭਾਰਤੀਆਂ ਚ ਇਹ ਬਦਲਾਅ ਟਰੰਪ ਦੀ ਜਿੱਤ ਦਾ ਵੱਡਾ ਕਾਰਨ ਹੋ ਸਕਦਾ ਹੈ।

ਦੱਸਣਾ ਬਣਦਾ ਹੈ ਕਿ, ਟਰੰਪ ਅਤੇ ਟਰੰਪ ਵਿਕਟਰੀ ਇੰਡੀਅਨ ਅਮਰੀਕਨ ਫਾਇਨੈਂਸ ਕਮੇਟੀ ਦੇ ਸਹਿ ਚੇਅਰਮੈਨ ਅਲ ਮੇਸਨ ਦੇ ਵੱਲੋਂ ਕੀਤੀ ਗਈ ਤਰੀਫ਼, ਇਹ ਸਾਬਤ ਕਰਦੀ ਹੈ ਕਿ ਭਾਰਤੀ ਅਮਰੀਕੀਆਂ ਕੋਲੋਂ ਵੋਟਾਂ ਬਟੋਰਨ ਦੇ ਲਈ ਹੀ ਸਭ ਕੁੱਝ ਕੀਤਾ ਜਾ ਰਿਹਾ ਹੈ। ਬੇਸ਼ੱਕ ਇਸ ਤੋਂ ਪਹਿਲੋਂ ਵੀ ਅਮਰੀਕੀ ਰਾਸ਼ਟਰਪਤੀ ਮੋਦੀ ਦੇ ਨਾਲ ਮੋਢੇ ਦੇ ਨਾਲ ਮੋਢਾ ਜੋੜ ਕੇ ਖ਼ੜੇ ਹੁੰਦੇ ਰਹੇ ਹਨ, ਪਰ ਮੋਦੀ ਅਤੇ ਟਰੰਪ ਦਾ ਵਿਰੋਧ ਵੀ ਆਪਣੇ ਆਪਣੇ ਦੇਸ਼ਾਂ ਦੇ ਵਿੱਚ ਸਭ ਤੋਂ ਵੱਧ ਹੀ ਹੋਇਆ ਹੈ।

ਕਸ਼ਮੀਰ ਮੁੱਦੇ 'ਤੇ ਇਕੱਲਾ ਟਰੰਪ ਹੀ ਅਜਿਹਾ ਨੇਤਾ ਸੀ, ਜਿਸ ਨੇ ਮੋਦੀ ਦਾ ਸਾਥ ਦਿੱਤਾ, ਬਾਕੀ ਜਿਹੜੇ ਵੀ ਦੇਸ਼ਾਂ ਦੇ ਦੂਤ ਭਾਰਤ ਆਏ, ਉਨ੍ਹਾਂ ਨੇ ਮੋਦੀ ਸਮੇਤ ਟਰੰਪ ਨੂੰ ਕੋਸਿਆ। ਟਰੰਪ ਸਮੇਂ ਸਮੇਂ 'ਤੇ ਭਾਰਤ ਨੂੰ ਇਹ ਹੱਲਾਸ਼ੇਰੀ ਦਿੰਦਾ ਰਹਿੰਦਾ ਹੈ ਕਿ ਉਹ ਚੀਨ ਦੇ ਨਾਲ ਜੰਗ ਲੜਣ ਲਈ ਤਿਆਰ ਰਹੇ, ਅਮਰੀਕਾ ਉਨ੍ਹਾਂ ਦੇ ਨਾਲ ਖੜਾ ਹੈ। ਭਾਰਤ ਚੀਨ ਦੇ ਵਿਚਾਲੇ ਪਏ ਪੁਆੜੇ ਦੀ ਜੜ ਅਮਰੀਕਾ ਹੀ ਹੈ। ਅਮਰੀਕਾ ਦੇ ਵੱਲੋਂ ਹੁਣ ਆਪਣਾ ਮਤਲਬ ਕੱਢਣ ਵਾਸਤੇ, ਭਾਰਤ ਦੀ ਤਰੀਫ਼ ਕਰਦਿਆਂ ਅਨੇਕਾਂ ਹੀ ਅਣਕਹੀਆਂ ਗੱਲਾਂ ਵੀ ਆਖੀਆਂ ਜਾ ਰਹੀਆਂ ਹਨ।