ਹਾਕਮਾਂ ਦਾ ਭਾਰਤ ਅੰਦਰ ਰਹਿੰਦੇ ਘੱਟ ਗਿਣਤੀਆਂ 'ਤੇ ਇੱਕ ਹੋਰ ਜ਼ੁਲਮ!! (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Oct 17 2020 15:03
Reading time: 2 mins, 19 secs

ਭਾਰਤ ਦੇ ਵਿੱਚ ਜਦੋਂ ਤੋਂ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਕੇਂਦਰ ਸੱਤਾ ਵਿੱਚ ਆਈ ਹੈ, ਉਦੋਂ ਤੋਂ ਲੈ ਕੇ ਹੀ ਦੇਸ਼ ਦੇ ਅੰਦਰ ਅਜਿਹਾ ਕੁੱਝ ਹੋ ਰਿਹਾ ਹੈ, ਜਿਸ ਦੀ ਉਮੀਦ ਅਸੀਂ ਕਦੇ ਕੀਤੀ ਵੀ ਨਹੀਂ ਸੀ। ਦੇਸ਼ ਨੂੰ ਹਿੰਦੂ ਰਾਸ਼ਟਰ ਬਣਾਉਣ ਦੀਆਂ ਚਾਲਾਂ ਜੋ ਲਗਾਤਾਰ ਭਾਰਤੀ ਜਨਤਾ ਪਾਰਟੀ ਦੀ ਮਾਂ ਆਰਐਸਐਸ ਦੇ ਵੱਲੋਂ ਚੱਲੀਆਂ ਜਾ ਰਹੀਆਂ ਹਨ, ਉਸ ਦੇ ਬਾਰੇ ਵਿੱਚ ਤਾਂ ਸਾਰੇ ਲੋਕ ਜਾਣਦੇ ਹੀ ਹਨ। ਭਾਰਤ ਨੂੰ ਕਿਸ ਤਰ੍ਹਾਂ ਨਾਲ ਹਿੰਦੂ ਰਾਸ਼ਟਰ ਬਣਾਉਣਾ ਹੈ, ਇਹ ਸਭ ਕੁੱਝ ਹੁਣ ਸੰਘ ਦੇ ਹੱਥ ਆ ਚੁੱਕਿਆ ਹੈ।

ਦਰਅਸਲ, ਭਾਰਤ ਦੇਸ਼ ਨੂੰ ਹਿੰਦੂ ਰਾਸ਼ਟਰ ਬਣਾਉਣ ਦੀਆਂ ਤਿਆਰੀਆਂ ਮੋਦੀ ਭਗਤਾਂ ਅਤੇ ਆਰਐਸਐਸ ਦੇ ਵੱਲੋਂ ਜੋਰਾਂ ਸ਼ੋਰਾਂ ਦੇ ਨਾਲ ਕੀਤੀਆਂ ਜਾ ਰਹੀਆਂ ਹਨ। ਭਾਰਤ ਦੇਸ਼ ਦੇ ਅੰਦਰ ਲਗਾਤਾਰ ਘੱਟ ਗਿਣਤੀਆਂ ਦੇ ਧਾਰਮਿਕ ਸਥਾਨਾਂ ਨੂੰ ਭਾਰਤ ਦੇ ਅੰਦਰ ਹਟਾਉਣ ਦੀ ਮੁਹਿੰਮ ਜੋ ਭਾਜਪਾ ਅਤੇ ਆਰਐਸਐਸ ਦੇ ਵੱਲੋਂ ਚਲਾਈ ਗਈ ਹੈ, ਇਹ ਮੁਹਿੰਮ ਆਗਾਮੀ ਦਿਨਾਂ ਦੇ ਵਿਚ ਭਾਬੜ ਵੀ ਬਣ ਸਕਦੀ ਹੈ। ਪਹਿਲੋਂ ਬਾਬਰੀ ਮਸਜਿਦ ਅਤੇ ਹੁਣ ਮਥੁਰਾ ਲਾਗੇ ਬਣੀ ਮਸਜਿਦ ਨੂੰ ਹਟਾਉਣ ਦੀਆਂ ਤਿਆਰੀਆਂ ਜੋਰਾਂ 'ਤੇ ਚੱਲ ਰਹੀਆਂ ਹਨ।

ਭਾਰਤ ਵਿੱਚ ਲਗਾਤਾਰ ਮੁਸਲਮਾਨਾਂ, ਦਲਿਤਾਂ, ਸਿੱਖਾਂ ਅਤੇ ਹੋਰਨਾਂ ਘੱਟ ਗਿਣਤੀਆਂ 'ਤੇ ਹੋ ਰਹੇ ਅੱਤਿਆਚਾਰ ਦੇ ਕਾਰਨ ਭਾਰਤ ਦੀ ਸਥਿਤੀ ਦਿਨ ਪ੍ਰਤੀ ਦਿਨ ਡਾਵਾਂ ਡੋਲ ਹੁੰਦੀ ਜਾ ਰਹੀ ਹੈ। ਭਾਰਤ ਵਿੱਚ ਰਹਿਣ ਵਾਲੇ ਮੁਸਲਮਾਨ ਸੰਘੀਆਂ ਨੂੰ ਅੱਤਵਾਦੀ ਜਾਪ ਰਹੇ ਹਨ, ਜਦੋਂਕਿ ਅਜਿਹਾ ਕੁੱਝ ਵੀ ਨਹੀਂ ਹੈ। ਬੁੱਧੀਜੀਵੀ ਦੋਸ਼ ਮੜਦੇ ਹਮੇਸ਼ਾ ਹੀ ਆਏ ਹਨ ਕਿ ਸਭ ਤੋਂ ਵੱਡੇ ਅੱਤਵਾਦੀ ਤਾਂ ਇਹ ਆਰਐਸਐਸ ਅਤੇ ਭਾਜਪਾਈ ਖ਼ੁਦ ਦੇ ਕੁੱਝ ਲੀਡਰ ਖ਼ੁਦ ਹਨ, ਜੋ ਸ਼ਰੇਆਮ ਬੰਦੂਕਾਂ ਅਤੇ ਕਿਰਪਾਨਾਂ ਲੈ ਕੇ ਸੜਕਾਂ 'ਤੇ ਰੋਜ਼ ਘੁੰਮ ਰਹੇ ਹਨ।

ਖ਼ਬਰਾਂ ਮੁਤਾਬਿਕ ਅਯੁੱਧਿਆ ਵਿੱਚ ਸ਼੍ਰੀ ਰਾਮ ਜਨਮਭੂਮੀ ਤੋਂ ਬਾਅਦ ਹੁਣ ਮਥੁਰਾ ਵਿੱਚ ਸ਼੍ਰੀ ਕ੍ਰਿਸ਼ਨ ਜਨਮਭੂਮੀ ਦਾ ਮਾਮਲਾ ਬੇਹੱਦ ਗਰਮਾ ਗਿਆ ਹੈ। ਮਥੁਰਾ ਸੈਸ਼ਨ ਅਦਾਲਤ ਵਿੱਚ ਸ਼੍ਰੀ ਕ੍ਰਿਸ਼ਨ ਜਨਮਭੂਮੀ ਦੇ ਨਾਲ ਲੱਗਦੀ ਮਸਜਿਦ ਨੂੰ ਹਟਾਉਣ ਦੀ ਮੰਗ ਖਾਰਜ ਹੋਣ ਦੀ ਅਰਜ਼ੀ ਜ਼ਿਲ੍ਹਾ ਜੱਜ ਦੀ ਅਦਾਲਤ ਨੇ ਮਨਜ਼ੂਰ ਕਰ ਲਈ ਹੈ। ਪੰਜਾਬੀ ਦੇ ਇੱਕ ਅਖ਼ਬਾਰ ਵਿੱਚ ਛਪੀ ਖ਼ਬਰ ਦੀ ਮੰਨੀਏ ਤਾਂ, ਹੁਣ ਇਸ ਅਰਜ਼ੀ 'ਤੇ 18 ਨਵੰਬਰ ਨੂੰ ਸੁਣਵਾਈ ਹੋਵੇਗੀ। ਅਰਜ਼ੀ ਵਿੱਚ ਸ੍ਰੀਕ੍ਰਿਸ਼ਨ ਜਨਮ ਸਥਾਨ ਦੇ ਨੇੜੇ ਬਣੇ ਈਦਗਾਹ ਨੂੰ ਹਟਾਉਣ ਦੀ ਮੰਗ ਕੀਤੀ ਗਈ ਹੈ।

ਜ਼ਿਲ੍ਹਾ ਅਦਾਲਤ ਵਿੱਚ ਮੁਕੱਦਮਾ ਚੱਲੇਗਾ। ਮਥੁਰਾ ਵਿੱਚ ਸ੍ਰੀ ਕ੍ਰਿਸ਼ਨ ਜਨਮਭੂਮੀ ਮਾਮਲੇ ਵਿੱਚ ਜ਼ਿਲ੍ਹਾ ਜੱਜ ਨੇ ਅਪੀਲ ਸਵੀਕਾਰ ਕਰ ਲਈ ਹੈ। ਖ਼ਬਰ ਇਹ ਵੀ ਹੈ ਕਿ ਸ਼੍ਰੀ ਕ੍ਰਿਸ਼ਨ ਜਨਮ ਭੂਮੀ ਨਾਲ ਲੱਗੀ ਸ਼ਾਹੀ ਮਸਜਿਦ ਨੂੰ ਹਟਾਉਣ ਦੀ ਮੰਗ 'ਤੇ ਵਿਰੋਧੀਆਂ ਨੂੰ ਨੋਟਿਸ ਜਾਰੀ ਹੋਣਗੇ। ਸੁਣਵਾਈ ਪੂਰੀ ਹੋਣ ਤੋਂ ਬਾਅਦ ਵਾਦੀ ਧਿਰ ਦੇ ਵਕੀਲ ਵਿਸ਼ਨੂੰ ਜੈਨ ਨੇ ਇਹ ਜਾਣਕਾਰੀ ਦਿੱਤੀ ਹੈ। ਹੁਣ ਇਸ ਮਾਮਲੇ ਵਿੱਚ ਅਗਲੀ ਸੁਣਵਾਈ 18 ਨਵੰਬਰ 2020 ਨੂੰ ਹੋਵੇਗੀ।

ਦੱਸਣਾ ਬਣਦਾ ਹੈ ਕਿ ਬਾਬਰੀ ਮਸਜਿਦ ਢਾਂਚੇ ਨੂੰ ਡੇਗਣ ਦੇ ਮਾਮਲੇ ਵਿੱਚ ਪਿਛਲੇ ਕੁੱਝ ਦਿਨ ਪਹਿਲੋਂ ਹੀ ਮਾਨਯੋਗ ਅਦਾਲਤ ਨੇ ਅਨੇਕਾਂ ਭਾਜਪਾਈਆਂ ਅਤੇ ਹਿੰਦੂਆਂ ਨੂੰ ਬਾ-ਇੱਜਤ ਬਰੀ ਕਰ ਦਿੱਤਾ ਗਿਆ ਸੀ, ਪਰ ਇੱਕ ਭਾਜਪਾਈ ਨੇ ਅਦਾਲਤਾਂ ਦੇ ਬਾਹਰ ਖੜ੍ਹ ਕੇ ਹੀ ਮੀਡੀਆ ਨੂੰ ਬਿਆਨ ਦਿੱਤਾ ਸੀ, 'ਹਾਂ ਮੈਂ ਬਾਬਰੀ ਮਸਜਿਦ ਢਾਹੀ, ਹੁਣ ਮਥੁਰਾ ਦੀ ਵਾਰੀ ਆਈ'। ਉਕਤ ਭਾਜਪਾਈ ਦਾ ਬਿਆਨ ਅੱਜ ਸੱਚ ਸਾਬਤ ਹੋ ਗਿਆ ਹੈ।