ਬਗ਼ੈਰ ਕਰੋਨਾ ਵੈਕਸੀਨ ਠੀਕ ਹੋਏ ਲੋਕਾਂ ਦਾ ਅੰਕੜਾ ਜਨਤਕ ਕਿਉਂ ਨਹੀਂ? (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Oct 17 2020 11:52
Reading time: 2 mins, 4 secs

ਜਦੋਂ ਦੇਸ਼ ਦੇ ਅੰਦਰ ਕਰੋਨਾ ਵਾਇਰਸ ਆਇਆ ਸੀ ਤਾਂ ਹਮੇਸ਼ਾ ਸਰਕਾਰ ਦੀ ਬੋਲੀ ਬੋਲਣ ਵਾਲੇ ਗੋਦੀ ਮੀਡੀਆ ਨੇ ਹੋਰਨਾਂ ਲੋਕ ਮੁੱਦਿਆਂ 'ਤੇ ਪਰਦਾ ਪਾ ਕੇ, ਸਿਰਫ਼ ਤੇ ਸਿਰਫ਼ ਲੋਕਾਂ ਸਾਹਮਣੇ ਕਰੋਨਾ ਹੀ ਲਿਆ ਕੇ ਖੜਾ ਕਰ ਦਿੱਤਾ ਸੀ ਅਤੇ ਕਹਿ ਦਿੱਤਾ ਸੀ ਕਿ ਕਰੋਨਾ ਤੋਂ ਬਚਣਾ ਹੈ ਤਾਂ ਘਰਾਂ ਵਿੱਚ ਵੜ੍ਹ ਜਾਉ। ਤਬਲੀਗੀਆਂ, ਸਿੱਖਾਂ ਅਤੇ ਹੋਰਨਾਂ ਘੱਟ ਗਿਣਤੀਆਂ 'ਤੇ ਗੋਦੀ ਮੀਡੀਆ ਇਹ ਵੀ ਬਗ਼ੈਰ ਸਬੂਤਾਂ ਤੋਂ ਦੋਸ਼ ਲਗਾਉਂਦਾ ਨਜ਼ਰੀ ਆਇਆ ਕਿ ਇਨ੍ਹਾਂ ਨੇ ਭਾਰਤ ਦੇਸ਼ ਦੇ ਅੰਦਰ ਕਰੋਨਾ ਵਾਇਰਸ ਨੂੰ ਫ਼ੈਲਾਇਆ ਹੈ।

ਖ਼ੈਰ, ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 22/23 ਮਾਰਚ 2020 ਨੂੰ ਪੂਰੇ ਦੇਸ਼ ਨੂੰ ਮੁਕੰਮਲ ਬੰਦ ਮਤਲਬ ਕਿ ਦੇਸ਼ ਦੇ ਅੰਦਰ ਤਾਲਾਬੰਦੀ ਅਤੇ ਕਰਫ਼ਿਊ ਲਗਾ ਦਿੱਤਾ। ਲੋਕਾਂ ਨੂੰ ਘਰਾਂ ਤੋਂ ਬਾਹਰ ਨਾ ਆਉਣ ਦੀ ਹਦਾਇਤ ਕਰ ਦਿੱਤੀ। ਮਜ਼ਦੂਰਾਂ ਕੋਲ ਖਾਣਾ ਨੂੰ ਕੁੱਝ ਬਚਿਆ ਨਹੀਂ ਸੀ, ਕਿਉਂਕਿ ਸਾਰੇ ਕਾਰੋਬਾਰ ਬੰਦ ਹੋ ਗਏ ਸਨ। ਜੇਕਰ ਕੋਈ ਮਜ਼ਦੂਰ ਸੜਕ, ਰੇਲ ਜਾਂ ਫਿਰ ਹੋਰਨਾਂ ਸਾਧਨਾ ਜ਼ਰੀਏ ਘਰਾਂ ਨੂੰ ਜਾ ਵੀ ਰਿਹਾ ਸੀ ਤਾਂ, ਉਸ 'ਤੇ ਪੁਲਿਸ ਕਹਿਰ ਢਾਹ ਰਹੀ ਸੀ। ਇੱਕ ਪਾਸੇ ਕਰੋਨਾ ਤੇ ਦੂਜੇ ਪਾਸੇ ਢਿੱਡ।

ਦੋਵਾਂ ਦਾ ਹੀ ਵੱਖੋ ਵੱਖਰਾ ਖ਼ੌਫ਼ ਸੀ। ਕੋਰੋਨਾ ਦੇ ਕੇਸ ਵੱਧਦੇ ਗਏ, ਪਰ ਗੋਦੀ ਮੀਡੀਆ ਵੱਧਦੇ ਕੇਸਾਂ ਨੂੰ ਵਿਖਾਈ ਗਿਆ, ਜਦੋਂਕਿ ਕੋਰੋਨਾ ਵੈਕਸੀਨ ਤੋਂ ਬਿਨ੍ਹਾਂ ਠੀਕ ਹੋਏ ਮਰੀਜ਼ਾਂ ਦੀ ਗਿਣਤੀ 'ਤੇ ਪਰਦਾ ਪਾਈ ਰੱਖਿਆ। ਮਜ਼ਦੂਰਾਂ, ਕਿਸਾਨਾਂ, ਕਿਰਤੀਆਂ, ਵਿਦਿਆਰਥੀਆਂ ਅਤੇ ਬੇਰੁਜ਼ਗਾਰਾਂ ਦੀਆਂ ਮੰਗਾਂ ਨੂੰ ਖ਼ਤਮ ਕਰਕੇ ਗੋਦੀ ਮੀਡੀਆ ਨੇ ਸਿਰਫ਼ ਤੇ ਸਿਰਫ਼ ਸਰਕਾਰ ਦੀ ਬੋਲੀ ਬੋਲਦਿਆਂ ਹੋਇਆ ਕੋਰੋਨਾ ਦਾ ਖ਼ੌਫ਼ ਹੀ ਲੋਕਾਂ ਨੂੰ ਵਿਖਾਇਆ ਅਤੇ ਬਚਣ ਦਾ ਤਰੀਕਾ ਅਜਿਹਾ ਦੱਸਿਆ ਕਿ, ਲੋਕ ਉਸ ਨੂੰ ਕਰ ਹੀ ਨਹੀਂ ਸੀ ਪਾ ਰਹੇ।

ਭਾਰਤ ਵਿੱਚ ਕੋਰੋਨਾ ਦੇ ਵੱਧਦੇ ਕੇਸਾਂ ਦੇ ਬਾਰੇ ਵਿੱਚ ਤਾਂ ਹਰ ਐਂਕਰ ਸੰਘ ਪਾੜ ਪਾੜ ਕੇ ਦੱਸ ਰਿਹਾ ਹੈ, ਪਰ ਬਗ਼ੈਰ ਕੋਰੋਨਾ ਵੈਕਸੀਨ ਤੋਂ ਕਿੰਨੇ ਲੋਕ ਠੀਕ ਹੋਏ, ਇਸ ਦਾ ਅੰਕੜਾ ਗੋਦੀ ਮੀਡੀਆ ਨਹੀਂ ਵਿਖਾ ਰਿਹਾ। ਦੱਸਣਾ ਬਣਦਾ ਹੈ ਕਿ ਭਾਰਤ ਦੇ ਅੰਦਰ ਕੋਰੋਨਾ ਵਾਇਰਸ ਦੇ ਤਾਜ਼ਾ ਆ ਰਹੇ ਮਾਮਲਿਆਂ ਵਿੱਚ ਭਾਰੀ ਜ਼ਿਆਦਾ ਗਿਰਾਵਟ ਦਰਜ ਕੀਤੀ ਜਾ ਰਹੀ ਹੈ। ਭਾਰਤ ਦੇਸ਼ ਫਿਲਹਾਲ ਸਾਢੇ 64 ਲੱਖ ਤੋਂ ਵੱਧ ਲੋਕ ਬਗ਼ੈਰ ਕੋਰੋਨਾ ਤੋਂ ਠੀਕ ਹੋ ਚੁੱਕੇ ਹਨ। ਦੇਸ਼ ਦੇ ਅੰਦਰ ਐਕਟਿਵ ਮਾਮਲੇ ਘੱਟ ਕੇ ਕਰੀਬ 8 ਲੱਖ ਦੇ ਕੋਲ ਪਹੁੰਚ ਗਏ ਹਨ।

ਲੰਘੇ ਕੱਲ੍ਹ ਦੇ ਜੇਕਰ ਸਿਹਤ ਮੰਤਰਾਲੇ ਦੇ ਤਾਜ਼ਾ ਆਏ ਕੋਰੋਨਾ ਵਾਇਰਸ ਕੇਸਾਂ ਸਬੰਧੀ ਅੰਕੜਿਆਂ 'ਤੇ ਨਿਗਾਹ ਮਾਰੀਏ ਤਾਂ ਭਾਰਤ ਦੇਸ਼ ਵਿੱਚ ਹੁਣ ਤੱਕ 73 ਲੱਖ 70 ਹਜ਼ਾਰ 469 ਮਾਮਲੇ ਸਾਹਮਣੇ ਆ ਚੁੱਕੇ ਹਨ। ਇਸ ਵਿੱਚੋਂ 64 ਲੱਖ 53 ਹਜ਼ਾਰ 780 ਲੋਕ ਬਗ਼ੈਰ ਕੋਰੋਨਾ ਵੈਕਸੀਨ ਦੇ ਠੀਕ ਹੋ ਚੁੱਕੇ ਹਨ। ਕੋਰੋਨਾ ਦੇ ਐਕਟਿਵ ਮਾਮਲਿਆਂ ਦੀ ਗੱਲ ਕਰੀਏ ਤਾਂ ਇਹ ਅੰਕੜਾ ਹੁਣ ਘੱਟ ਕੇ 8 ਲੱਖ 4,528 ਤੱਕ ਪਹੁੰਚ ਗਿਆ ਹੈ। ਦੇਸ਼ ਅੰਦਰ ਕੋਰੋਨਾ ਵਾਇਰਸ ਦੇ ਨਾਲ ਮਰਨ ਵਾਲਿਆਂ ਦੀ ਗਿਣਤੀ ਇੱਕ ਲੱਖ 12,161 ਹੋ ਗਈ ਹੈ।