'ਚਾਹ ਦੇ ਭਾਅ' ਹੀ ਵਿੱਕ ਚੱਲਿਆ ਭਾਰਤ! (ਵਿਅੰਗ)

Last Updated: Oct 17 2020 11:40
Reading time: 2 mins, 26 secs

ਭਾਰਤ ਦੇ ਵਿੱਚ ਜੇਕਰ ਸਰਕਾਰੀ ਵਿਭਾਗ ਹੀ ਨਿੱਜੀ ਹੱਥਾਂ ਦੇ ਵਿੱਚ ਜਾਣ ਲੱਗ ਪਏ ਤਾਂ, ਫਿਰ ਉਹ ਦਿਨ ਦੂਰ ਨਹੀਂ, ਜਦੋਂਕਿ ਭਾਰਤੀਆਂ ਦੇ ਹੱਥਾਂ ਵਿੱਚ ਛੁਣ-ਛਣੇ ਹੋਣਗੇ ਅਤੇ ਭਾਰਤੀ ਉਨ੍ਹਾਂ ਨੂੰ ਹੀ ਵਜਾ ਕੇ ਖ਼ੁਸ਼ ਹੋਈ ਜਾਣਗੇ। ਚਾਹ ਵੇਚਣ ਵਾਲੇ ਧੰਦੇ ਤੋਂ ਪੀ ਐੱਮ ਦੀ ਕੁਰਸੀ 'ਤੇ ਬੈਠਿਆਂ ਬੰਦਾ, ਚਾਹ ਦੇ ਭਾਅ ਹੀ ਦੇਸ਼ ਨੂੰ ਵੇਚੀ ਜਾ ਰਿਹਾ ਹੈ। ਆਪਣੇ ਹਿਸਾਬ ਦੇ ਨਾਲ ਵਾ-ਸ਼ਤਰੂ ਸ਼ਾਸਤਰ ਦੇ ਨਾਲ ਤਰੀਕਾਂ ਦਾ ਐਲਾਨ ਕਰਕੇ, ਹੌਲੀ ਹੌਲੀ ਦੇਸ਼ ਵਿਕੀ ਜਾ ਰਿਹਾ ਹੈ, ਪਰ ਜ਼ਿੰਮੇਵਾਰ ਇਸ ਦਾ ਕੌਣ ਹੈ?

ਤਰਕ ਦੇ ਆਧਾਰ 'ਤੇ ਵੇਖੀਏ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜ਼ਿੰਮੇਵਾਰ ਨਹੀਂ, ਬਲਕਿ ਆਮ ਲੋਕ ਹਨ, ਜਿਨ੍ਹਾਂ ਨੇ ਵੋਟਾਂ ਪਾਉਣ ਤੋਂ ਪਹਿਲੋਂ ਇਹ ਨਹੀਂ ਵੇਖਿਆ ਕਿ ਉਹ ਕਿਸ ਨੂੰ ਪ੍ਰਧਾਨ ਮੰਤਰੀ ਬਣਾ ਰਹੇ ਹਨ? ਜਾਣਕਾਰੀ ਦੇ ਮੁਤਾਬਿਕ ਮੋਦੀ ਸਰਕਾਰ ਦੇ ਵੱਲੋਂ ਹੁਣੇ ਜਿਹੇ ਹੀ 26 ਸਰਕਾਰੀ ਕੰਪਨੀਆਂ ਨੂੰ ਨਿੱਜੀ ਹੱਥਾਂ ਵਿੱਚ ਸੌਂਪ ਦਿੱਤਾ ਗਿਆ ਹੈ। ਇਸ ਤੋਂ ਪਹਿਲੋਂ ਕਰੀਬ 42 ਸਰਕਾਰੀ ਵਿਭਾਗਾਂ ਨੂੰ ਸਰਕਾਰ ਨੇ ਨਿੱਜੀ ਹੱਥਾਂ ਵਿੱਚ ਸੌਂਪਿਆ ਹੈ। ਪਿਛਲੇ ਦਿਨੀਂ ਇਹ ਖ਼ਬਰ ਸਾਹਮਣੇ ਆਈ ਕਿ ਹੁਣ ਸਰਕਾਰ ਦੇ ਏਅਰ ਇੰਡੀਆ ਦੀ ਵਿਕਰੀ ਲਈ ਕਰਜ਼ ਨਹੀਂ ਲਵੇਗੀ।

ਏਅਰ ਇੰਡੀਆ ਨੂੰ ਵੇਚਣ ਲਈ ਬੋਲੀ ਲਗਾਉਣ ਲਈ ਸਰਕਾਰ ਨੇ ਤਾਰੀਕ ਦਾ ਐਲਾਨ ਕਰ ਦਿੱਤਾ ਹੈ। ਹਜ਼ਾਰਾਂ ਕਰੋੜਾਂ ਰੁਪਏ ਦੇ ਬੋਝ ਥੱਲੇ ਕਹਿੰਦੇ ਹਨ ਕਿ ਸਰਕਾਰੀ ਜਹਾਜ਼ ਸੇਵਾ ਕੰਪਨੀ ਏਅਰ ਇੰਡੀਆਂ ਦੱਬੀ ਪਈ ਹੈ, ਜਿਸ ਦੇ ਕਾਰਨ ਹੁਣ ਸਰਕਾਰ ਕੋਲ ਹੋਰ ਪੈਸਾ ਨਹੀਂ ਹੈ, ਏਅਰ ਇੰਡੀਆ ਨੂੰ ਚਲਾਉਣ ਲਈ। ਏਅਰ ਇੰਡੀਆ ਦੀ ਵਿਕਰੀ ਜ਼ਰੂਰੀ ਹੋ ਗਈ ਹੈ, ਸਰਕਾਰ ਦੇ ਮੁਤਾਬਿਕ, ਪਰ ਫਿਰ ਬਚੇਗਾ ਕੀ ਦੇਸ਼ ਦੇ ਅੰਦਰ ਇਹ ਸਵਾਲ ਸਭਨਾਂ ਦੇ ਮਨਾਂ ਅੰਦਰ ਭੁੜਕ ਰਿਹਾ ਹੈ।

ਆਲੋਚਕਾਂ ਦੀ ਮੰਨੀਏ ਤਾਂ ਉਨ੍ਹਾਂ ਦਾ ਕਹਿਣਾ ਹੈ ਕਿ ਅੰਬਾਨੀਆਂ ਅੰਡਾਨੀਆਂ ਦੀਆਂ ਅਣਗਿਣਤ ਕੰਪਨੀਆਂ ਅਤੇ ਬਿਜਨੈਂਸ ਨੇ ਸਾਡੇ ਦੇਸ਼ ਦਾ ਤਾਣਾ ਬਾਣਾ ਬਦਲ ਦਿੱਤਾ ਹੈ। ਮੋਦੀ ਭਗਤ, ਮੋਦੀ ਖ਼ੁਦ ਅਤੇ ਮੋਦੀ ਦੇ ਮੰਤਰੀ ਦੇਸ਼ ਨੂੰ ਵਿਸ਼ਵ ਗੁਰੂ ਬਣਾਉਣ ਦੇ ਵਿੱਚ ਲੱਗੇ ਹੋਏ ਹਨ, ਪਰ ਇਹ ਸਭ ਕੁੱਝ ਦੇਸ਼ ਵੇਚ ਕੇ ਸੰਭਵ ਹੋ ਸਕਦਾ ਹੈ? ਮੋਦੀ ਨੇ ਤਾਂ, ਵਿਦੇਸ਼ੀ ਕੰਪਨੀਆਂ ਨੂੰ ਵੀ ਖੁੱਲ੍ਹ ਦੇ ਦਿੱਤੀ ਹੈ ਕਿ ਉਹ ਭਾਰਤ ਵਿੱਚ ਨਿਵੇਸ਼ ਕਰਨ ਅਤੇ ਇੱਥੋਂ ਚੰਗਾ ਮੁਨਾਫ਼ਾ ਕਮਾਉਣ।

ਹੁਣ ਸਵਾਲ ਇਹ ਉੱਠਦਾ ਹੈ ਕਿ ਅੰਗਰੇਜ਼ਾਂ ਵਾਲੀ ਨੀਤੀ 'ਤੇ ਨਹੀਂ ਮੋਦੀ ਸਰਕਾਰ ਕੰਮ ਕਰ ਰਹੀ? ਜੋ ਕੰਮ ਅੰਗਰੇਜ਼ ਕਰਕੇ ਗਏ, ਉਹੀ ਕੁੱਝ ਮੋਦੀ ਹਕੂਮਤ ਕਰ ਰਹੀ ਹੈ? ਭਾਰਤ ਦੇ ਅੰਦਰ ਈਸਟ ਇੰਡੀਆ ਜਿਹੀਆਂ ਕੰਪਨੀਆਂ ਅੰਗਰੇਜ਼ਾਂ ਨੇ ਵਾੜੀਆਂ ਸਨ, ਜਿਨ੍ਹਾਂ ਨੂੰ ਸ਼ਹਿ ਉਸ ਵੇਲੇ ਦੇ ਹਾਕਮਾਂ ਨੇ ਦਿੱਤੀ ਸੀ। ਇਸ ਵੇਲੇ ਵੀ ਕੁੱਝ ਅਜਿਹਾ ਹੀ ਹੋ ਰਿਹਾ ਹੈ। ਭਾਰਤੀ ਹਾਕਮ ਅੰਬਾਨੀਆਂ ਤੇ ਅੰਡਾਨੀਆਂ ਦੀ ਕੁੱਠਪੁਤਲੀ ਬਣੇ ਹੋਏ ਹਨ ਅਤੇ ਯੂਐਨਓ ਦੁਆਰਾ ਦਿੱਤੇ ਜਾਂਦੇ ''ਭਾਰਤ ਵੇਚੂ'' ਮੁਹਿੰਮ ਨੂੰ ਅੱਗੇ ਵਧਾ ਰਹੇ ਹਨ।

ਇੱਕ ਕਾਂਗਰਸੀ ਨੇ ਲੰਘੇ ਦਿਨ ਕਿਹਾ ਕਿ ਦੇਸ਼ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਚਾਹ ਦੇ ਭਾਅ ਹੀ ਦੇਸ਼ ਵੇਚਣ 'ਤੇ ਲੱਗਿਆ ਹੋਇਆ ਹੈ। ਜਿਹੜਾ ਬੰਦਾ ਚਾਹ ਦੀ ਹੱਟੀ ਲਗਾ ਕੇ ਚਾਹ ਦੀ ਗਲਾਸੀ ਵੇਚਣਾ ਜਾਣਦਾ ਹੋਵੇ, ਉਹਨੂੰ ਕਦੇ ਦੇਸ਼ ਨਹੀਂ ਫੜਾਉਣਾ ਚਾਹੀਦਾ। ਮੋਦੀ ਨੇ ਦੇਸ਼ ਦੇ ਰੁਜ਼ਗਾਰ ਨੂੰ ਖੁੰਝੇ ਲਗਾ ਦਿੱਤਾ ਹੈ, ਕਿਸਾਨਾਂ ਮਜ਼ਦੂਰਾਂ ਅਤੇ ਬੇਰੁਜ਼ਗਾਰਾਂ ਦੀਆਂ ਖੁਦਕੁਸ਼ੀਆਂ ਵਿੱਚ ਵਾਧਾ ਹੋ ਗਿਆ ਹੈ। ਖ਼ੈਰ, ਲੋਕ ਤਾਂ ਕਹਿ ਰਹੇ ਨੇ ਹੁਣ ਕਿ ਗ਼ਲਤ ਬੰਦੇ ਹੱਥ ਦੇਸ਼ ਫੜਾ ਦਿੱਤਾ, ਜੋ ਚਾਹ ਦੇ ਭਾਅ ਦੇਸ਼ ਵੀ ਵੇਚੀ ਜਾ ਰਿਹਾ ਹੈ।