ਭਾਰਤ ਹੁਣ ਬੰਗਲਾਦੇਸ਼ ਤੋਂ ਵੀ ਪਛੜ ਜਾਣ ਦੀ ਕਗਾਰ 'ਤੇ..!! (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Oct 16 2020 16:16
Reading time: 2 mins, 0 secs

ਲੰਘੇ ਕੱਲ੍ਹ ਜਦੋਂ ਇਹ ਖ਼ਬਰ ਸਾਹਮਣੇ ਆਈ ਕਿ ਜੀਡੀਪੀ ਦੇ ਮਾਮਲੇ ਵਿੱਚ ਭਾਰਤ ਹੁਣ ਬੰਗਲਾਦੇਸ਼ ਤੋਂ ਵੀ ਪਛੜ ਜਾਣ ਦੀ ਕਗਾਰ 'ਤੇ ਪਹੁੰਚ ਗਿਆ ਹੈ ਤਾਂ, ਮੇਰੇ ਮਨ ਦੇ ਅੰਦਰ ਸਵਾਲ ਭੁੜਕਿਆਂ ਕਿ ਹੁਣ ਉਹ ਮੋਦੀ ਭਗਤ ਕਿੱਥੇ ਹਨ, ਜਿਹੜੇ ਜੀਡੀਪੀ ਨੂੰ ਬੁਲੰਦੀ ਛੂਹੀ ਜਾਣ ਵਾਲਾ ਪਿਛਲੇ ਦਿਨੀਂ ਕਹਿ ਰਹੇ ਸਨ? ਹੁਣ ਉਹ ਮੋਦੀ ਭਗਤ ਕਿੱਥੇ ਹਨ, ਜਿਹੜੇ ਵਿਦੇਸ਼ੀ ਏਜੰਸੀਆਂ ਨੂੰ ਗ਼ਲਤ ਜਾਣਕਾਰੀ ਦੇ ਕੇ ਭਾਰਤ ਨੂੰ 2050 ਤੱਕ ਦੁਨੀਆ ਦਾ ਤੀਜਾ ਵੱਡਾ ਅਰਥਚਾਰਾ ਬਣਾਉਣ ਦਾ ਦਾਅਵਾ ਕਰ ਰਹੇ ਸਨ?

ਖ਼ੈਰ, ਨੈਸ਼ਨਲ ਏਜੰਸੀ ਵੱਲੋਂ ਪ੍ਰਕਾਸ਼ਿਤ ਕੀਤੀਆਂ ਗਈਆਂ ਖ਼ਬਰਾਂ ਦੇ ਮੁਤਾਬਿਕ ਅੰਤਰਰਾਸ਼ਟਰੀ ਮੁਦਰਾ ਫੰਡ ਯਾਨੀ ਆਈਐਮਐਫ ਨੇ ਹਾਲ ਹੀ ਵਿੱਚ ਅੰਦਾਜ਼ਾ ਲਗਾਇਆ ਹੈ ਕਿ ਪ੍ਰਤੀ ਜੀਡੀਪੀ ਦੇ ਮਾਮਲੇ ਵਿੱਚ ਭਾਰਤ ਹੁਣ ਬੰਗਲਾਦੇਸ਼ ਤੋਂ ਵੀ ਪਛੜ ਜਾਣ ਦੀ ਕਗਾਰ 'ਤੇ ਪਹੁੰਚ ਗਿਆ ਹੈ। ਅੰਤਰਰਾਸ਼ਟਰੀ ਮੁਦਰਾ ਫੰਡ ਨੇ ਅਨੁਮਾਨ ਲਗਾਇਆ ਹੈ ਕਿ ਬੰਗਲਾਦੇਸ਼ ਦਾ ਪ੍ਰਤੀ ਜੀਡੀਪੀ 2020 ਵਿੱਚ ਚਾਰ ਪ੍ਰਤੀਸ਼ਤ ਦੀ ਦਰ ਨਾਲ 1,877 ਡਾਲਰ ਦੇ ਪੱਧਰ 'ਤੇ ਹੈ। ਉੱਥੇ ਹੀ ਭਾਰਤ ਵਿੱਚ ਪ੍ਰਤੀ ਜੀਡੀਪੀ 1,888 ਡਾਲਰ ਦੇ ਪੱਧਰ ਹੈ।

ਜੋ ਬੰਗਲਾਦੇਸ਼ ਨਾਲੋਂ ਸਿਰਫ 11 ਡਾਲਰ ਵਧੇਰੇ ਹੈ। ਜਦੋਂਕਿ ਗੁਆਂਢੀ ਦੇਸ਼ ਨੇਪਾਲ ਦਾ ਪ੍ਰਤੀ ਜੀਡੀਪੀ 1116 ਡਾਲਰ ਹੈ। ਖ਼ਬਰਾਂ ਦੇ ਮੁਤਾਬਿਕ ਆਈਐਮਐਫ ਦੀ ਇਸ ਰਿਪੋਰਟ ਨਾਲ ਕਾਂਗਰਸ ਦੇ ਕੌਮੀ ਲੀਡਰ ਰਾਹੁਲ ਗਾਂਧੀ ਨੇ ਮੋਦੀ ਸਰਕਾਰ 'ਤੇ ਨਿਸ਼ਾਨਾ ਸਾਧਿਆ ਹੈ। ਗਾਂਧੀ ਨੇ ਟਵੀਟ ਕਰਕੇ ਮੋਦੀ ਦੀ ਚੰਗੀ ਲਾਹ ਪਾਹ ਕੀਤੀ ਅਤੇ ਕਿਹਾ ਕਿ, ਮੋਦੀ ਨੂੰ ਪੁੱਛਿਆ ਕਿ ਤੁਸੀਂ ਜੰਗਾਂ ਤਾਂ ਪਾਕਿਸਤਾਨ ਅਤੇ ਚੀਨ ਦੇ ਨਾਲ ਲੜਣ ਦੀਆਂ ਕਰਦੇ ਹੋ, ਪਰ ਭਾਰਤ ਦੀ ਜੀਡੀਪੀ ਤਾਂ ਤੁਹਾਡੇ ਕੋਲੋਂ ਸੰਭਾਲੀ ਨਹੀਂ ਜਾਂਦੀ।

ਇੱਕ ਇਨਕਲਾਬੀ ਨੇ ਸੋਸ਼ਲ ਮੀਡੀਆ 'ਤੇ ਪ੍ਰਤੀ ਜੀਡੀਪੀ ਦੇ ਮਾਮਲੇ 'ਚ ਭਾਰਤ ਸਰਕਾਰ 'ਤੇ ਤਿੱਖਾ ਨਿਸ਼ਾਨਾ ਵਿੰਨਦੇ ਹੋਏ ਆਖਿਆ ਕਿ ਮੋਦੀ ਹਕੂਮਤ ਦੇ ਵੱਲੋਂ ਕਾਗਜੀ ਵਿਕਾਸ 'ਤੇ ਜ਼ੋਰ ਦਿੱਤਾ ਜਾ ਰਿਹਾ ਹੈ, ਜਦੋਂਕਿ ਅਸਲੀਅਤ ਦੇ ਵਿੱਚ ਤਾਂ ਇਹ ਮੋਦੀ ਸਰਕਾਰ ਸਿਰਫ਼ ਮੂਰਤੀਆਂ ਬਣਾਉਣ ਦੇ ਵਿੱਚ ਹੀ ਜ਼ੋਰ ਦੇ ਰਹੀ ਹੈ। ਟਰੰਪ ਭਾਰਤ ਆਇਆ ਤਾਂ, ਮੋਦੀ ਨੇ ਝੁੱਗੀਆਂ ਨੂੰ ਕੰਧ ਕਰਕੇ ਛੁਪਾ ਦਿੱਤਾ, ਪਰ ਮੋਦੀ ਦੀ ਸੋਚ ਨੂੰ ਤਾਂ ਕੋਈ ਨਹੀਂ ਛੁਪਾ ਸਕਦਾ। ਡਿਗਦੀ ਜੀਡੀਪੀ ਮੋਦੀ ਦੇ ਅੱਛੇ ਦਿਨਾਂ ਦੀ ਅਗਵਾਈ ਭਰਦੀ ਹੈ।

ਦੱਸਣਾ ਬਣਦਾ ਹੈ ਕਿ ਆਈਐਮਐਫ ਵੱਲੋਂ ਜਾਰੀ ਕੀਤੇ ਗਏ ਜੀਡੀਪੀ ਦੇ ਪ੍ਰਤੀ ਵਿਅਕਤੀ ਅੰਕੜੇ 'ਤੇ ਵਿਰੋਧੀ ਧਿਰ ਕਾਂਗਰਸ ਨੇ ਟਵੀਟ ਕੀਤਾ ਕਿ ਡਿਗਦੀ ਜੀਡੀਪੀ ਭਾਰਤੀ ਜਨਤਾ ਪਾਰਟੀ ਨਫ਼ਰਤ ਭਰੇ ਸੱਭਿਆਚਾਰਕ ਰਾਸ਼ਟਰਵਾਦ ਦੀ 6 ਸਾਲ ਦੀ ਠੋਸ ਪ੍ਰਾਪਤੀ ਹੈ। ਬੰਗਲਾਦੇਸ਼ ਭਾਰਤ ਨੂੰ ਪਛਾੜਨ ਲਈ ਤਿਆਰ ਹੈ। ਪਰ ਮੋਦੀ ਜੀ, ਕਹਿ ਰਹੇ ਹਨ ਕਿ ਸਭ ਅੱਛਾ ਹੋ ਰਹਾ ਹੈ। 8400 ਕਰੋੜ ਰੁਪਏ ਦਾ ਜਹਾਜ਼ ਖ਼ਰੀਦ ਕੇ ਮੋਦੀ ਜੀ ਕਿਹੜੇ ਅੱਛੇ ਭਾਰਤ ਦੀ ਕਾਮਨਾ ਕਰ ਰਹੇ ਹਨ? ਵੈਸੇ ਡਿਗਦੀ ਜੀਡੀਪੀ ਨੇ ਗੋਦੀ ਮੀਡੀਆ ਤੇ ਭਾਜਪਾਈਆਂ ਦੇ ਮੂੰਹ ਬੰਦ ਕਰਵਾ ਦਿੱਤੇ ਹਨ।