ਪਰਮ ਦਿਆਲੂ ਤੇ ਕ੍ਰਿਪਾਲੂ ਭਗਵਾਨ ਸ਼੍ਰੀ ਚੰਦ ਜੀ ਮਹਾਰਾਜ, 27 ਅਗਸਤ ਲਈ ਅਵਤਾਰ ਪੁਰਬ ਤੇ ਵਿਸ਼ੇਸ਼


ਹਿੰਦ ਦੀ ਧਰਤੀ ਤੇ ਸਮੇ ਸਮੇ ਤੇ ਭਗਵਾਨ ਨੇ ਅਨੇਕਾਂ ਰੂਪਾਂ ਵਿਚ  ਇਨਸਾਨੀਅਤ ਤੇ ਤਪਦੇ ਹਿਰਦਿਆਂ ਨੂੰ ਠਾਰਨ ਵਾਸਤੇ ਅਵਤਾਰ ਧਾਰਿਆ ਹੈ ।  ਜਿੰਨਾਂ 'ਚ ਪਰਮਾਤਮਾਂ ਦਾ ਇਕ ਸਾਖ਼ਸ਼ਾਤ ਰੂਪ ਬਾਬਾ ਸ਼੍ਰੀ ਚੰਦ ਦੇ ਰੂਪ ਵਿਚ ਵੀ ਵੇਖਣ ਨੂੰ ਮਿਲਦਾ ਹੈ। ਬਾਬਾ ਸ਼੍ਰੀ ਚੰਦ ਜੀ ਦੇ ਜੇਕਰ ਜੀਵਨ ਤੇ ਝਾਤ ਮਾਰੀਏ ਤਾਂ ਉਨ•ਾਂ ਦਾ ਅਵਤਾਰ ਬੇਦੀ ਬੰਸ ਵਿਚ ਹੋਇਆ ਸੀ ਤੇ ਆਪ ਜੀ ਦੇ ਦਾਦਾ ਜੀ ਮਹਿਤਾ ਕਾਲੂ ਜੀ ਰਾਇ ਭੋਇ ਦੀ ਤਲਵੰਡੀ ਦੇ ਪਟਵਾਰੀ ਸਨ ਤੇ ਦਾਦੀ ਮਾਤਾ ਤ੍ਰਿਪਤਾ ਜੀ ਸਨ। ਆਪ ਜੀ ਦੇ ਪਿਤਾ ਦੋ ਜਹਾਨ ਦੇ ਵਾਲੀ ਸ੍ਰੀ ਗੁਰੂ ਨਾਨਕ ਦੇ ਜੀ ਤੇ ਮਾਤਾ ਜਗਤ ਮਾਤਾ ਸੁਲੱਖਣੀ ਜੀ ਹਨ ਤੇ ਆਪ ਜੀ ਦੀ ਭੂਆ ਬੇਬੇ ਨਾਨਕੀ ਜੀ ਜਿੰਨਾ ਨੂੰ ਆਪ ਜੀ ਦੀ ਬਾਲ ਅਵਸਥਾ ਦੌਰਾਨ ਹੀ ਪਤਾ ਚਲ ਗਿਆ ਸੀ ਕਿ ਆਪ ਕੋਈ ਮਾਮੂਲੀ ਬਾਲਕ ਨਹੀਂ ਸਗੋਂ ਆਪ ਨਿਰੰਕਾਰ ਦੇ ਰੂਪ ਹੋ  । ਆਪ ਜੀ ਦੇ ਇਕ ਭਰਾ ਬਾਬਾ ਲਖਮੀ ਦਾਸ ਜੀ ਸਨ।
ਜਨਮ ਸਮੇ ਸਮਾਜ ਦੀ ਦਸ਼ਾ- ਆਪ ਜੀ ਦਾ ਜਨਮ ਉਸ ਸਮੇ ਹੋਇਆ ਜਦੋ ਹਿੰਦ ਦੇ ਅਕਾਸ਼ ਤੇ ਜ਼ੁਲਮ ਦੇ ਕਾਲੇ ਬੱਦਲ ਮੰਡਰਾ ਰਹੇ ਸਨ ਤੇ ਬੰਦਾ ਬੰਦੇ ਦਾ ਵੈਰੀ ਹੋਇਆ ਪਿਆ ਸੀ। ਹਾਕਮ ਇਨਸਾਫ ਛੱਡ ਕੇ ਮਜ਼ਹਬੀ ਜੂਨੂੰਨ ਵਿਚ ਅੰਨੇ ਹੋਏ ਪਏ ਸਨ ਤੇ ਗਊ ਗਰੀਬ, ਨਿਰਧਨ, ਨਿਤਾਣੇ ਨਾਲ ਸਮਾਜ ਵਿਚ ਸ਼ਰੇਆਮ ਧੱਕੇਸ਼ਾਹੀਆਂ ਹੋ ਰਹੀਆਂ ਸਨ ਤੇ ਧਰਮ ਜ਼ੁਲਮ ਦੀ ਚੱਕੀ ਵਿਚ ਦਾਣਿਆਂ ਵਾਂਗ ਪਿਸ ਰਿਹਾ ਸੀ। ਅਜਿਹੇ ਭਿਆਨਕ ਸਮੇ ਵਿਚ ਆਮ ਜਨਤਾ ਤੇ ਮਜ਼ਲੂਮਾਂ ਦਾ ਸਹਾਰਾ  ਤੇ ਬੇ ਆਸਰਿਆਂ ਦਾ ਆਸਰਾ ਬਣਨ ਲਈ ਰਿਧੀਆਂ ਸਿਧੀਆਂ ਦੇ ਮਾਲਕ, ਸ਼ਿਵ ਸਰੂਪ, ਬੇਦੀ ਚੰਨ, ਭਗਵਾਨ ਸ਼੍ਰੀ ਚੰਦ ਜੀ ਮਹਾਰਾਜ ਜੀ ਨੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਗ੍ਰਹਿ ਸੁਲਤਾਨਪੁਰ ਲੋਧੀ ਜ਼ਿਲਾ ਕਪੂਰਥਲਾ ਵਿਖੇ ਮਾਤਾ ਸੁਲੱਖਣੀ ਜੀ ਦੀ ਪਵਿੱਤਰ ਕੁਖ ਤੋਂ ਭਾਦਰੋਂ ਸੁਦੀ ਨੌਵੀਂ 1551 ਬਿਕ੍ਰਮੀ ਨੂੰ ਅਵਤਾਰ ਧਾਰਨ ਕੀਤਾ।
ਜਨਮ ਸਮੇ ਅਦਭੁਤ ਚਮਤਕਾਰ ਹੋਇਆ- ਦਸਦੇ ਹਨ ਕਿ ਜਨਮ ਸਮੇ ਹੀ ਆਪ ਜੀ ਦੇ ਸੀਸ ਤੇ ਸੁਨਹਿਰੀ ਬਾਵਰਾਨਾ, ਕੰਨ ਵਿਚ ਮਾਸ ਦਾ ਮੁੰਦਰਾ ਤੇ ਤਨ ਤੇ ਬਿਭੂਤੀ ਵੀ ਕੁਦਰਤੀ ਹੀ ਮਲੀ ਹੋਈ ਸੀ ਜਿਸ ਨੂੰ ਵੇਖ ਕੇ ਹਰ ਕੋਈ ਇਹ ਹੀ ਕਹਿੰਦਾ ਸੀ ਕਿ ਭਗਵਾਨ ਸ਼ਿਵ ਨੇ ਅਵਤਾਰ ਧਾਰਨ ਕੀਤਾ ਹੈ।
ਬਚਪਨ ਦੇ ਚੋਜ-ਧਾਰਮਿਕ ਪੁਸਤਕਾਂ ਅਨੁਸਾਰ ਜਦੋਂ ਆਪ ਜੀ ਚਾਰ ਪੰਜ ਸਾਲ ਦੀ ਅਵਸਥਾ ਵਿਚ ਹੀ ਸਨ ਤਾਂ ਸੁਲਤਾਨਪੁਰ ਲੋਧੀ ਵਿਖੇ ਰਹਿੰਦਿਆਂ ਇਕ ਦਿਨ ਇਕ ਸਾਧੂ ਨੇ ਭਿਖਿਆ ਲਈ ਅਵਾਜ ਦਿਤੀ , ਮਾਤਾ ਸੁਲੱਖਣੀ ਜੀ ਤੇ ਭੂਆ ਨਾਨਕੀ ਜੀ ਘਰ ਦੇ ਅੰਦਰ ਘਰੇਲੂ ਕੰਮਾਂ ਵਿਚ ਰੁਝੇ ਹੋਏ ਸਨ ਜਿੰਨਾ ਨੂੰ ਪਤਾ ਹੀ ਨਹੀਂ ਚਲਿਆ ਕਿ ਕੋਈ ਬਾਹਰ ਭਿਖਿਆ ਲੈਣ ਸੰਤ ਆਏ ਹਨ ਤਾਂ ਏਨੇ ਨੂੰ ਬਾਲ ਰੂਪ ਬਾਬਾ ਸ਼੍ਰੀ ਚੰਦ ਜੀ ਦੀ ਨਜ਼ਰ ਉਸ ਸਾਧੂ ਤੇ ਪਈ ਜਿਸ ਨੂੰ ਦੇਖ ਬਾਬਾ ਜੀ ਘਰ ਦੇ ਅੰਦਰ ਚਲੇ ਗਏ ਤੇ ਆਪਣੇ ਕਲੀਆਂ ਤੋਂ ਵੀ ਵੱਧ ਕੋਮਲ ਹੱਥਾਂ ਨਾਲ ਉਸ ਸਾਧੂ ਨੂੰ ਦੇਣ ਲਈ ਘਰ ਦੇ ਅੰਦਰੋਂ ਕੁਝ ਲਿਆਏ ਤੇ ਜਦੋਂ ਬਾਬਾ ਜੀ ਨੇ ਆਪਣੀ ਮੁਠੀ ਸਾਧੂ ਦੇ ਕਾਸੇ ਵਿਚ ਖੋਲੀ ਤਾਂ ਉਸ ਵਿਚ  ਹੀਰੇ ਜਵਾਹਰਾਤ ਚਮਕਣ ਲੱਗ ਪਏ ਜਿਸ ਤੇ ਸਾਧੂ ਡਰ ਗਿਆ । ਏਨੇ ਨੂੰ ਬੇਬੇ ਨਾਨਕੀ ਤੇ ਮਾਤਾ ਸੁਲੱਖਣੀ ਜੀ ਵੀ ਬਾਹਰ ਆ ਗਏ ਤੇ ਇਹ ਕੌਤਕ ਦੇਖ ਕੇ ਹੈਰਾਨ ਰਹਿ ਗਏ, ਬਾਲਕ ਰੂਪ  ਬਾਬਾ ਜੀ ਨੂੰ ਜਦੋਂ ਪੁਛਿਆ ਕਿ ਇਹ ਕਿਥੋਂ ਲਿਆਏ ਹਨ ਤਾਂ ਉਨ•ਾਂ ਨੇ ਛੋਲਿਆਂ ਦੀ ਬੋਰੀ ਵੱਲ ਇਸ਼ਾਰਾ ਕੀਤਾ ਤੇ ਮੁਠੀ ਵਿਚ ਜਿੰਨੇ ਛੋਲਿਆਂ ਦੇ ਦਾਣੇ ਆਏ ਸਨ ਉਹ ਪਵਿੱਤਰ ਹੱਥਾਂ ਦੀ ਛੋਹ ਨਾਲ ਹੀਰੇ ਜਵਾਹਰਾਤ ਬਣ ਗਏ ਸਨ । ਬਚਪਨ ਵਿਚ ਹੀ ਆਪ ਜੀ ਦੀਆਂ ਖੇਡਾਂ ਆਮ ਬੱਚਿਆਂ ਤੋਂ ਵੱਖਰੀਆਂ ਹੀ ਸਨ ਤੇ ਆਪ ਜੀ ਕਿੰਨਾ ਕਿੰਨਾ ਚਿਰ ਧੂਣਾ ਲਗਾ ਕੇ ਸਮਾਧੀ ਵਿਚ ਬੈਠ ਜਾਂਦੇ ਤੇ ਜੰਗਲੀ ਜਾਨਵਰ ਸ਼ੇਰ, ਚੀਤਾ, ਹਾਥੀ ,ਲੇਲੇ , ਬਘਿਆੜ , ਬੱਕਰੀ ਆਦਿ ਆਪ ਜੀ ਪਾਸ ਆ ਕੇ ਪਰਕਰਮਾਂ ਕਰਦੇ ਸਨ । ਉਪਰੰਤ ਆਪ ਜੀ ਨੇ ਉਦਾਸੀਨ ਮਤ ਨੂੰ ਪ੍ਰਫੁਲਿਤ ਕਰਨ ਲਈ ਕਈ ਯਾਤਰਾਵਾਂ ਕੀਤੀਆਂ ਤੇ ਇਸ ਸਮੇ ਦੌਰਾਨ ਆਪ ਜੀ ਨੇ ਸ੍ਰੀ ਨਗਰ ਤੋਂ ਲੈ ਕੇ ਉੜੀਸਾ ਪ੍ਰਾਤ ਤਕ ਦਾ ਅਤੇ ਕਾਬਲ ਕੰਧਾਰ ਆਦਿ ਦੇਸਾਂ ਤਕ ਦਾ ਸਫਰ ਤੈਅ ਕੀਤਾ ਤੇ ਆਮ ਜਨਤਾ ਨੂੰ ਸਿੱਧੇ ਰਸਤੇ ਪਾਇਆ ਤੇ ਜ਼ਾਲਮਾ ਨੂੰ ਵੀ ਸਬਕ ਸਿਖਾਇਆ ਤੇ ਗਊ ਗਰੀਬ ਦੀ ਰੱਖਿਆ ਕੀਤੀ।
ਯੋਗੀਆਂ ਦਾ ਅਹੰਕਾਰ ਵੀ ਤੋੜਿਆ-ਆਪ ਜੀ ਨੇ ਜਿਥੇ ਸਮੇ ਦੇ ਹਾਕਮਾਂ ਦਾ ਹੰਕਾਰ ਚੂਰ ਚੂਰ ਕੀਤਾ ਉਥੇ ਚਰਪਟ ਨਾਥ ਵਰਗੇ ਜੋਗੀਆਂ ਦਾ ਹੰਕਾਰ ਵੀ ਤੋੜਿਆ। ਦਸਦੇ ਹਨ ਕਿ ਇਕ ਵਾਰ ਚਰਪਟ ਨਾਥ ਜੋ ਆਪਣੇ ਆਪ ਨੂੰ ਸਭ ਤੋਂ ਵੱਡਾ ਜੋਗੀ ਸਮਝਦਾ ਸੀ ਨੇ ਸ੍ਰੀ ਬਾਰਠ ਸਾਹਿਬ ਵਿਖੇ ਭਗਵਾਨ ਜੀ ਨੂੰ ਇਕ ਅੰਬ ਭੇਂਟ ਕੀਤਾ  ਜਿਸ ਤੇ ਭਗਵਾਨ ਜੀ ਨੇ ਕਿਹਾ ਕਿ ਉਹ ਤਾਂ ਤਿੰਨ ਜਣੇ ਹਨ ਉਸ ਸਮੇ ਭਗਵਾਨ ਜੀ ਨਾਲ ਉਨ•ਾਂ ਦੇ ਪਰਮ ਸੇਵਕ ਭਾਈ ਕਮਲੀਆ ਤੇ ਭਤੀਜਾ ਧਰਮ ਚੰਦ ਜੀ ਵੀ ਸਨ ਤਾਂ ਜੋਗੀ ਨੇ ਕਿਹਾ ਕਿ ਮੇਰੇ ਕੋਲ ਤਾਂ ਇਕ ਹੀ ਅੰਬ ਹੈ ਜੇ ਹੋਰ ਚਾਹੀਦੇ ਹਨ ਤਾਂ ਨਵਾਂ ਬਗੀਚਾ ਲਗਾ ਲÀ ਜਿਸ ਤੇ ਬਾਬਾ ਸ਼੍ਰੀ ਚੰਦ ਜੀ ਨੇ ਅੰਬ ਨਿਚੋੜ ਕੇ ਨਾਲ ਦੀ ਖਾਲੀ ਪਈ ਖੇਤੀ ਵਿਚ ਛਿੜਕਾ ਦਿਤਾ। ਜਦੋਂ ਸਵੇਰ ਹੋਈ ਤਾਂ ਖਾਲੀ ਖੇਤੀ ਦੀ ਜਗ•ਾ ਤੇ ਅੰਬਾਂ ਨਾਲ ਭਰੀ ਬਗੀਚੀ ਲਗੀ ਹੋਈ ਸੀ ਤੇ ਸਾਰੇ ਅੰਬ ਪੱਕੇ ਸਨ ਜਿਸ ਨੂੰ ਵੇਖ ਕੇ ਚਰਪਟ ਨਾਥ ਯੋਗੀ ਦਾ ਅਹੰਕਾਰ ਟੁਟ ਗਿਆ ਤੇ ਉਹ ਭਗਵਾਨ ਦੇ  ਚਰਣਾਂ ਵਿਚ ਢਹਿ ਗਿਆ। ਜਿਸ ਤੇ ਬਾਬਾ ਜੀ ਨੇ ਚਰਪਟ ਨੂੰ ਰੱਬੀ ਸ਼ਕਤੀਆਂ ਦਾ ਸਦਉਪਯੋਗ ਕਰਨ ਦੀ ਨਸ਼ੀਹਤ ਦਿਤੀ।
ਕਾਦਰਾਬਾਦ ਦੀ ਸਾਖੀ-ਧਾਰਮਿਕ ਗ੍ਰੰਥਾਂ ਅਨੁਸਾਰ ਇਕ ਵਾਰ 84 ਸਿੱਧ ਬਾਬਾ ਜੀ ਪ੍ਰੀਖਿਆ ਲੈਣ ਦੇ ਮੰਤਵ ਨਾਲ ਨਾਨਕ ਚੱਕ ਤਹਿਸੀਲ ਬਟਾਲਾ ਵਿਖੇ ਆਏ ਤੇ ਕਿਹਾ ਕਿ ਉਨ•ਾਂ ਨੂੰ ਬੜੀ ਜੋਰਾਂ ਦੀ ਭੁਖ ਲੱਗੀ ਹੈ ਭੋਜ਼ਨ ਦਾ ਇੰਤਜ਼ਾਮ ਕਰੋ ਜਿਸ ਤੇ ਬਾਬਾ ਜੀ ਨੇ ਆਪਣੇ ਸੇਵਕ ਭਾਈ ਕਮਲੀਆ ਜੀ ਨੂੰ ਕਿਹਾ ਕਿ ਜਾਓ ਨਾਲ ਦੇ ਪਿੰਡ ਤੋਂ ਗਜਾ ਕਰਕੇ ਕੋਈ ਰਸਦ ਲੈ ਆਓ ਤਾਂ ਜੋ ਭੁਖੇ ਸਾਧੂਆਂ ਨੂੰ ਭੋਜ਼ਨ ਛਕਾਇਆ ਜਾ ਸਕੇ। ਬਾਬਾ ਜੀ ਦਾ ਬਚਨ ਮੰਨ ਕੇ ਜਦੋਂ ਭਾਈ ਕਮਲੀਆ ਜੀ ਪਿੰਡ ਕਾਦਰਾਬਾਦ ਵਿਖੇ ਗਏ ਤਾਂ ਕਿਸੇ ਨੇ ਵੀ ਉਨ•ਾਂ ਨੂੰ ਕੋਈ ਰਸਦ ਨਾ ਦਿਤੱੀ ਜਿਸ ਤੇ ਭਾਈ ਕਮਲੀਆ ਜੀ ਨੇ ਪਿੰਡ ਨੂੰ ਸ਼ਰਾਪ ਦੇ ਦਿੱਤਾ ਕਿ ਇਹ ਪਿੰਡ ਥੇਹ ਹੋ ਜਾਵੇ ਤੇ ਆਪ ਬਾਬਾ ਜੀ ਪਾਸ ਆ ਗਏ।  ਬਾਬਾ ਜੀ ਦੇ ਪੁੱਛਣ ਤੇ ਕਮਲੀਆ ਜੀ ਨੇ ਸਾਰੀ ਵਿਥਿਆ ਕਹਿ ਸੁਣਾਈ ਤਾਂ ਬਾਬਾ ਜੀ ਨੇ ਕਿਹਾ ਕਿ ਕਮਲੀਆ ਜੀ ਇਹ ਸਭ ਕੁਝ ਤਾਂ ਇੰਨ•ਾਂ ਸਿੱਧਾ ਦੀ ਮਾਇਆ ਕਰਕੇ ਹੋਇਆ ਹੈ ਇਸ ਲਈ ਤੁਹਾਨੂੰ ਪਿੰਡ ਨੂੰ ਸ਼ਰਾਪ ਨਹੀਂ ਸੀ ਦੇਣਾ ਚਾਹੀਦਾ । ਫੇਰ ਬਾਬਾ ਜੀ ਨੇ ਕਿਹਾ ਕਿ ਕਮਲੀਆ ਜੀ ਜਾਓ ਤੇ ਪਿੰਡ ਵਾਸੀਆਂ ਨੂੰ ਕਹਿ ਦਿਓ ਕਿ ਆਪਣੇ ਆਪਣੇ ਘਰਾਂ ਤੋਂ ਬਾਹਰ ਆ ਜਾਓ ਇਹ ਪਿੰਡ ਵਾਕਿਆ ਹੀ ਥੇਹ ਹੋ ਜਾਣਾ ਹੈ। ਬਾਬਾ ਜੀ ਦਾ ਬਚਨ ਮੰਨ ਕੇ ਕਮਲੀਆ ਜੀ ਪਿੰਡ ਵਿਚ ਹੋਕਾ ਦੇ ਕੇ ਆ ਗਏ । ਏਨੇ ਨੂੰ ਸਿੱਧਾਂ ਨੇ ਕਿਹਾ ਕਿ ਲਿਆਉ ਭੋਜ਼ਨ ਸਾਨੂੰ ਬਹੁਤ ਭੁਖ ਲੱਗੀ ਹੈ ਤਾਂ ਬਾਬਾ ਜੀ ਨੇ ਭਾਈ ਕਮਲੀਆ ਜੀ ਨੂੰ ਕਿਹਾ ਕਿ ਇਸ ਬਰਤਨ ਤੇ ਕਪੜਾ ਪਾ ਦਿਓ ਦੇ ਸਾਧੂਜਨ ਜੋ ਜੋ ਭੋਜ਼ਨ ਮੰਗਦੇ ਹਨ ਸਤਿ ਕਰਤਾਰ ਕਰਕੇ ਵਰਤਾਂਦੇ ਜਾਓ ਤੇ ਹੋਇਆ ਵੀ ਇੰਝ ਹੀ ਸਾਰੇ ਸਾਧੂ ਭੋਜ਼ਨ ਛਕ ਕੇ  ਤ੍ਰਿਪਤ ਹੋ ਗਏ ਤੇ ਬਾਬਾ ਜੀ ਦੇ ਚਰਣੀਂ ਢਹਿ ਪਏ ਬਾਬਾ ਜੀ ਨੇ ਸਾਧੂਆਂ ਨੂੰ ਫੋਕੇ ਕਰਮ ਕਾਂਡ ਤੇ ਹੰਕਾਰ ਛੱਡ ਲੋਕ ਸੇਵਾ ਕਰਨ ਲਈ ਪ੍ਰੇਰਿਆ। ਏਨੇ ਨੂੰ ਪਿੰਡ ਥੇਹ ਹੋ ਗਿਆ ਤੇ ਲੋਕਾਂ ਨੇ ਆ ਕੇ ਬਾਬਾ ਜੀ ਨੂੰ ਬੇਨਤੀ ਕੀਤੀ ਕਿ ਸਾਨੂੰ ਵਰ ਦੇ ਕੇ ਜਾਓ ਕਿ ਸਾਡਾ ਪਿੰਡ ਫੇਰ ਕਦੋਂ ਆਬਾਦ ਹੋਵੇਗਾ ਤਾ ਬਾਬਾ ਜੀ ਨੇ ਬੋਹੜ ਦਾ ਇੱਕ ਬੂਟਾ ਲਗਾ ਦਿਤਾ ਤੇ ਕਿਹਾ ਕਿ ਜਦੋਂ ਇਸ ਦੀਆਂ ਜੜਾਂ ਤੁਹਾਡੇ ਪਿੰਡ ਤਕ ਪਹੁੰਚ ਜਾਣਗੀਆਂ ਤਾਂ ਪਿੰਡ ਆਬਾਦ ਹੋ ਜਾਵੇਗਾ ਹੁਣ ਉਕਤ ਪਿੰਡ ਆਬਾਦ ਹੋ ਰਿਹਾ ਹੈ ਤੇ ਉਸ ਅਸਥਾਨ ਤੇ ਆਲੀਸ਼ਾਨ ਗੁਰਦੁਆਰਾ ਸਾਹਿਬ ਜੀ ਦੀ ਇਮਾਰਤ ਵੀ ਸ਼ੁਸੋਭਿਤ ਹੈ।
ਲੰਬੀ ਬਾਂਹ ਦੀ ਸਾਖੀ- ਗ੍ਰੰਥਾਂ ਅਨੁਸਾਰ ਬਾਬਾ ਸ੍ਰੀ ਚੰਦ ਜੀ ਦੇ ਭਰਾ ਲਖਮੀ ਚੰਦ ਜੀ ਇਕ ਦਿਨ ਸ਼ਿਕਾਰ ਕਰ ਰਹੇ ਸਨ ਤੇ ਉਨ•ਾਂ ਨੇ ਹਿਰਨ ਤੇ ਹੋਰ ਜਾਨਵਰਾਂ ਦਾ ਸ਼ਿਕਾਰ ਕੀਤਾ ਤਾਂ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਜੀ ਨੇ ਕਿਹਾ ਕਿ ਕਿਸੇ ਜੀਵ ਦੀ ਹੱਤਿਆ ਕਰਨਾ ਪਾਪ ਹੈ ਤੇ ਇਸਦਾ ਲੇਖਾ ਤੁਹਾਨੂੰ ਦੇਣਾ ਹੀ ਪੈਣਾ ਹੈ ਤਾਂ ਬਾਬਾ ਲਖਮੀ ਦਾਸ ਜੀ ਨੇ ਕਿਹਾ ਕਿ ਅਸੀਂ ਗੁਰੂ ਨਾਨਕ ਦੇ ਪੁਤਰ ਹਾਂ ਸਾਨੂੰ ਵੀ ਲੇਖਾ ਦੇਣਾ ਪੈਣਾ ਹੈ ਤਾਂ ਬਾਬਾ ਜੀ ਨੇ ਕਿਹਾ ਕਰਮਾਂ ਦਾ ਲੇਖਾ ਤਾਂ ਹਰ ਇਕ ਨੂੰ ਹੀ ਦੇਣਾ ਪੈਂਦਾ ਹੈ ਜਿਸ ਤੇ ਬਾਬਾ ਲਖਮੀ ਚੰਦ ਜੀ  ਨੇ ਕਿਹਾ ਕਿ ਅਸੀਂ ਹੁਣੇ ਹੀ ਲੇਖਾ ਦੇ ਦਿੰਦੇ ਹਾਂ ਤੇ ਸਣੇ ਪਰਿਵਾਰ ਉਹ ਘੋੜੇ ਤੇ ਬੈਠ ਕੇ ਸਚਖੰਡ ਲੇਖਾ ਦੇਣ ਲਈ ਚਲੇ ਗਏ ਜਿਸ ਤੇ  ਬਾਬਾ ਜੀ ਦੇ ਸੇਵਕ ਕਮਲੀਆ ਜੀ ਨੇ ਕਿਹਾ ਕਿ ਮਹਾਰਾਜ ਜੀ ਤੁਸੀ ਉਦਾਸੀ ਹੋ ਤੇ ਲਖਮੀ ਚੰਦ  ਜੀ ਸਣੇ ਪਰਿਵਾਰ ਸਚਖੰਡ ਜਾ ਰਹੇ ਹਨ ਇਸ ਤਰਾਂ ਬੇਦੀ ਬੰਸ ਕਿੱਦਾਂ ਚੱਲੂ ਤਾਂ ਭਗਵਾਨ ਜੀ ਨੇ ਤੁਰੰਤ  ਆਪਣੀ ਬਾਂਹ  ਨੂੰ 4 ਜੋਜ਼ਨ (40 ਮੀਲ) ਲੰਬਾ ਕਰਕੇ ਆਪਣੇ ਭਤੀਜੇ ਧਰਮ ਚੰਦ ਜੀ ਨੂੰ ਧਰਤੀ ਤੇ ਉਤਾਰਿਆ ਤੇ ਪਾਲਣ ਪੋਸ਼ਣ ਕੀਤਾ ਜਿਸ ਤੋਂ ਬੇਦੀ ਬੰਸ ਅੱਜ ਵਿਚ ਲੋਕਾਂ ਦੀ ਸੇਵਾ ਕਰ ਰਹੀ ਹੈ। ਬਾਬਾ ਜੀ ਨੇ ਜਿਸ ਸਥਾਨ ਤੇ ਲੰਬੀ ਬਾਂਹ ਕੀਤੀ ਸੀ ਉਹ ਅਸਥਾਨ ਡੇਰਾ ਬਾਬਾ ਨਾਨਕ ਵਿਖੇ ਪਿੰਡ ਪੱਖੋਕੇ ਵਿਖੇ ਸਥਿਤ ਹੈ। ਇਸ ਤੋਂ ਇਲਾਵਾ ਬਾਬਾ ਜੀ ਨੇ ਅਨੇਕਾਂ ਹੋਰ ਚਮਤਕਾਰ ਵੀ ਕੀਤੇ ਤੇ ਆਮ ਜਨਤਾ ਨੂੰ ਤਾਰਦੇ ਹੋਏ ਲਗਭਗ 150 ਸਾਲ ਦੀ ਉਮਰ ਵਿਚ ਅਕਾਲ ਪੁਰਖ ਦੇ ਚਰਣਾਂ ਵਿਚ ਵਿਲੀਨ ਹੋ ਗਏ।  ਆਪ ਜੀ ਦਾ ਅਵਤਾਰ ਪੁਰਬ ਹੈ ਜੋ ਦੇਸ ਵਿਦੇਸ ਦੀਆਂ ਸੰਗਤਾਂ ਬੜੀ ਹੀ ਧੂਮਧਾਮ ਨਾਲ ਮਨਾਉਂਦੀਆਂ ਹਨ ਤੇ ਆਪ ਦੀ ਅਸਥਾਨਾ ਤੇ ਸੀਸ ਨਿਵਾ ਕੇ ਮੂੰਹੋਂ ਮੰਗੀਆਂ ਮੂਰਾਦਾ ਪ੍ਰਾਪਤ ਕਰਦੀਆਂ ਹਨ।