Gurdaspur

Last Updated: Aug 08 2020 16:16
Reading time: 5 mins, 28 secs

                                           ਬੀਤੇ ਕੁਝ ਦਿਨਾ ਤੋਂ ਜਿਸ ਤਰਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਦੀ ਆਪਸੀ ਸਿਆਸੀ ਲੜਾਈ ਦੋਵਾਂ ਦੀ ਮੁੱਛ ਦਾ ਸਵਾਲ ਬਣੀ ਹੋਈ ਹੈ ਉਸ ਤੋਂ ਤਾਂ ਲੱਗਦਾ ਹੈ ਕਿ ਆਉਣ ਵਾਲੇ ਦਿਨਾ ਵਿੱਚ ਪੰਜਾਬ ਕਾਂਗਰਸ ਵਿੱਚ ਕੋਈ ਵੱਡਾ ਧਮਾਕਾ ਜਰੂਰ ਹੋਣ ਜਾ ਰਿਹਾ ਹੈ, ਹੁਣ ਇਸ ਧਮਾਕੇ ਵਿੱਚ ਕਿਸਦੀ ਕੁਰਸੀ ਦੀ ਬਲੀ ਚੜਦੀ ਹੈ ਇਹ ਤਾਂ ਆਉਣ ਵਾਲਾ ਸਮਾ ਹੀ ਦੱਸੇਗਾ ਪਰ ਜਿਸ ਤਰਾਂ ਬਾਜਵਾ ਵਲੋਂ ਪੂਰੇ ਆਤਮ ਵਿਸਵਾਸ ਨਾਲ ਕੈਪਟਨ ਅਤੇ ਪੰਜਾਬ ਪ੍ਰਦੇਸ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਵਿਰੁੱਧ ਤੇਵਰ ਤਲਖ਼ ਕੀਤੇ ਜਾ ਰਹੇ ਹਨ ਉਸ ਤੋਂ ਤਾਂ ਲੱਗਦਾ ਹੈ ਕਿ ਬਾਜਵਾ ਆਪ ਨਹੀਂ ਸਗੋਂ ਕਿਸੇ ਦੇ ਬੁਲਾਏ ਹੀ ਬੋਲ ਰਹੇ ਹਨ ।                                                                              

  ਕੈਪਟਨ ਦੀ ਰਜਵਾੜਾਸ਼ਾਹੀ ਰਵੱਈਆ ਨਹੀਂ ਭਾਉਂਦਾ ਬਾਜਵਾ ਨੂੰ: ਜੇਕਰ ਗੱਲ ਕਰੀਏ ਕੈਪਟਨ ਅਤੇ ਬਾਜਵਾ ਦੀ ਆਪਸੀ ਸਿਆਸੀ ਲੜਾਈ ਦੀ ਤਾਂ ਸੁਣਨ ਵਿੱਚ ਮਿਲ ਰਿਹਾ ਹੈ ਕਿ ਬਾਜਵਾ ਨੂੰ ਕੈਪਟਨ ਦਾ ਰਾਜਵਾੜਾਸ਼ਾਹੀ ਰਵੱਈਆ ਬਿਲਕੁਲ ਪਸੰਦ ਨਹੀਂ ਹੈ । ਕਿਉਂਕਿ ਬੀਤੇ ਦਿਨੀ ਆਪ ਖੁੱਦ ਬਾਜਵਾ ਬਿਆਨ ਚੁੱਕੇ ਹਨ ਕਿ ਉਨ੍ਹਾ ਨੇ ਕਈ ਵਾਰ ਕੈਪਟਨ ਅਮਰਿੰਦਰ ਸਿੰਘ ਨੂੰ ਚਿੱਠੀਆ ਲਿਖੀਆ ਹਨ ਪਰ ਕੈਪਟਨ ਵਲੋਂ ਕੋਈ ਧਿਆਨ ਨਹੀਂ ਦਿੱਤਾ ਜਾਂਦਾ ਜੋ ਕਿ ਲੋਕਤਾਂਤਰਿਕ ਨਹੀਂ ਸੀ।                  

2002-2007 ਵਾਲੀ ਸਰਕਾਰ ਵਿੱਚ ਖੜ੍ਹਕੀ ਸੀ ਦੋਵਾਂ ਦੀ: ਕੈਪਟਨ-ਬਾਜਵਾ ਦੀ ਸਿਆਸੀ ਲੜਾਈ ਭਾਂਵੇ ਕੋਈ ਨਵੀਂ ਨਹੀਂ ਹੈ ਕਿਉਂਕਿ ਜੇਕਰ ਥੋੜਾ ਪਿੱਛੇ ਝਾਤ ਮਾਰੀਏ ਤਾਂ 2002 ਤੋਂ 2007 ਤੱਕ ਰਹੀ ਕਾਂਗਰਸ ਦੀ ਸਰਕਾਰ ਮੌਕੇ ਵੀ ਦੋਵਾਂ ਲੀਡਰਾਂ ਦੀ ਆਪਸ ਵਿੱਚ ਖੜ੍ਹਕੀ ਸੀ ਪਰ ਜਿੰਨੀ ਅਗਾਂਹ ਹੁਣ ਇਹ ਲੜਾਈ ਚਲੀ ਗਈ ਦਿਖਾਈ ਦੇ ਰਹੀ ਹੈ ਅਜਿਹਾ ਉਸ ਮੌਕੇ ਨਹੀਂ ਸੀ ਹੋਇਆ।                                                                                 ਐਮ.ਪੀ ਟਿਕਟ ਨੇ ਵਧਾਈ ਕੜਵਾਹਟ: ਇਹ ਵੀ ਸੁਣਨ ਵਿੱਚ ਮਿਲ ਰਿਹਾ ਹੈ ਕਿ ਕੈਪਟਨ ਅਤੇ ਬਾਜਵਾ ਵਿੱਚ ਇਸ ਸਰਕਾਰ ਮੌਕੇ ਜੋ ਇਨੀ ਜਿਆਦਾ ਕੜਵਾਹਟ ਵਧੀ ਹੈ ਇਸ ਦਾ ਕਾਰਣ ਗੁਰਦਾਸਪੁਰ ਦੀ ਐਮ.ਪੀ ਦੀ ਸੀਟ ਵੀ ਰਹੀ ਹੈ। ਇਹ ਵੀ ਸੁਣਨ ਵਿੱਚ ਮਿਲਦਾ ਰਿਹਾ ਹੈ ਕਿ 2017 ਵਿੱਚ ਜਦੋਂ ਜਿਮਨੀ ਚੋਣ ਹੋਈ ਸੀ ਤਾਂ ਹਾਈਕਮਾਨ ਨੇ ਬਾਜਵਾ ਨੂੰ ਵਿਸਵਾਸ ਦੁਆਇਆ ਸੀ ਕਿ 2019 ਦੀਆਂ ਆਮ ਚੋਣਾ ਵਿੱਚ ਉਨ੍ਹਾ (ਬਾਜਵਾ) ਜਾਂ ਉਨ੍ਹਾ ਦੇ ਪਰਿਵਾਰ ਨੂੰ ਹੀ ਟਿਕਟ ਦਿਤੀ ਜਾਵੇਗੀ ਪਰ ਐਨ ਮੌਕੇ ਕੈਪਟਨ ਅਮਰਿੰਦਰ ਸਿੰਘ ਅੱਗੇ ਹਾਈਕਮਾਨ ਨੇ ਗੋਡੇ ਟੇਕ ਦਿੱਤੇ ਸਨ ਤੇ ਟਿਕਟ ਕੈਪਟਨ ਦੇ ਕਹਿਣ ਤੇ ਸੁਨੀਲ ਜਾਖੜ ਨੂੰ ਦੇ ਦਿੱਤੀ ਗਈ ਸੀ ਤੇ ਇਸ ਜਿਮਨੀ ਚੋਣ ਦੌਰਾਨ ਜਾਖੜ ਲੱਗਭਗ 2 ਲੱਖ ਦੀ ਵੱਡੀ ਲੀਡ ਨਾਲ ਜਿੱਤ ਦਰਜ਼ ਕਰਵਾਉਣ ਵਿੱਚ ਕਾਮਯਾਬ ਹੋ ਗਏ ਸਨ । ਇਥੇ ਹੀ ਬੱਸ ਨਹੀਂ 2019 ਦੀਆਂ ਆਮ ਚੋਣਾ ਮੌਕੇ ਵੀ ਇਕ ਵਾਰ ਮੁੜ ਬਾਜਵਾ ਨੂੰ ਪਾਸੇ ਕਰਦਿਆਂ ਕੈਪਟਨ ਨੇ ਜਾਖੜ ਨੂੰ ਹੀ ਉਮੀਦਵਾਰ ਬਣਾਇਆ ਸੀ ਪਰ ਇਸ ਵਾਰ ਜਾਖੜ 1 ਲੱਖ ਤੋਂ ਵੱਧ ਲੀਡ ਨਾਲ ਬੁਰੀ ਤਰਾਂ ਚੋਣ ਹਾਰ ਗਏ ਸਨ।  ਜੇਕਰ ਇਸ ਮੌਕੇ ਕੈਪਟਨ ਸਿਆਣਪ ਤੋਂ ਕੰਮ ਲੈਂਦਿਆਂ ਜਾਖੜ ਦੀ ਜਗ੍ਹਾ ਤੇ ਬਾਜਵਾ ਨੂੰ ਗੁਰਦਾਸਪੁਰ ਤੋਂ ਆਮ ਚੋਣਾ ਦੀ ਟਿਕਟ ਦੇ ਦਿੰਦੇ ਤਾਂ ਸ਼ਾਇਦ ਅੱਜ ਇਸ ਕਦਰ ਦੋਵਾਂ ਆਗੂਆਂ ਵਿੱਚ ਕੜਵਾਹਟ ਨਾ ਵੱਧਦੀ ਅਤੇ ਕੈਪਟਨ ਦੀ ਸਰਕਾਰ ਨੂੰ ਕੋਈ ਚੁਣੌਤੀ ਵੀ ਨਾ ਦਿੰਦਾ।                                                                                 ਜਾਖੜ ਆਪਣੀ ਪ੍ਰਧਾਨਗੀ ਬਚਾਉਣ ਵਿੱਚ ਲੱਗੇ: ਪੰਜਾਬ ਕਾਂਗਰਸ ਵਿੱਚ ਮਚੇ ਇਸ ਸਿਆਸੀ ਹੜਕੰਪ ਦੌਰਾਨ ਸੁਨੀਲ ਜਾਖੜ ਜੋ ਕਿ ਇਕ ਕੌਂਸਲਰ ਪੱਧਰ ਤੇ ਵਿਰੋਧੀ ਉਮੀਦਵਾਰ ਕੋਲੋ ਚੋਣ ਹਾਰ ਚੁੱਕੇ ਹਨ ਹੁਣ ਆਪਣੀ ਪ੍ਰਧਾਨਗੀ ਦੀ ਕੁਰਸੀ ਬਚਾਉਣ ਦੀ ਖਾਤਰ ਹੀ ਕੈਪਟਨ ਦਾ ਪੱਖ ਲੈ ਕੇ ਆਪਣੀ ਸਿਆਸੀ ਪੂਜੀਸ਼ਨ ਦੀਆਂ ਧੱਜੀਆਂ ਉਡਵਾ ਰਹੇ ਹਨ। ਕਿਉਂਕਿ ਕੁਝ ਸਮਾ ਪਹਿਲਾਂ ਜਾਖੜ ਆਪ ਖੁੱਦ ਮੁੱਖ ਮੰਤਰੀ ਦੇ ਖਿਲਾਫ ਭੁਗਤ ਚੁੱਕੇ ਹਨ ਜਦੋਂ ਕੈਪਟਨ ਦੇ ਸੁਰੱਖਿਆ ਕਰਮੀਆਂ ਨੇ ਜਾਖੜ ਨੂੰ ਸਕੱਤਰੇਤ ਵਿੱਚ ਮੁੱਖ ਮੰਤਰੀ ਨਾਲ ਮਿਲਣ ਤੋਂ ਰੋਕ ਦਿੱਤਾ ਸੀ ਉਸ ਵੇਲੇ ਜਾਖੜ ਨੇ ਵੀ ਕੈਪਟਨ ਦੇ ਵਿਰੁੱਧ ਮੀਡੀਆ ਵਿੱਚ ਵੀ ਕਾਫੀ ਹੋ ਹੱਲਾ ਕੀਤਾ ਸੀ ਪਰ ਹੁਣ ਤਾਂ ਪੂਰੀ ਤਰਾਂ ਗੋਡੇ ਟੇਕੀ ਬੈਠੇ ਦਿਖਾਈ ਦੇ ਰਹੇ ਹਨ ਜਿਸ ਕਰਕੇ ਬਾਜਵਾ ਨੂੰ ਮੌਕਾ ਮਿਲ ਗਿਆ ਹੈ ਹਮਲਾ ਕਰਨ ਦਾ। ਹੁਣ ਜਿਸ ਤਰਾਂ ਦੀ ਸ਼ਬਦਾਵਲੀ ਬਾਜਵਾ ਵਲੋਂ ਜਾਖੜ ਜੋ ਕਿ ਪੰਜਾਬ ਪ੍ਰਦੇਸ ਕਾਂਗਰਸ ਕਮੇਟੀ ਦੇ ਪ੍ਰਧਾਨ ਵੀ ਹਨ ਦੇ ਖਿਲਾਫ ਮੀਡੀਆ ਵਿੱਚ ਵਰਤੀ ਜਾ ਰਹੀ ਹੈ ਉਸ ਨਾਲ ਭਵਿੱਖ ਵਿੱਚ ਪਾਰਟੀ ਦੇ ਅਹੁਦੇਦਾਰ ਜਾਖੜ ਦਾ ਸਤਿਕਾਰ ਨਹੀਂ ਕਰਨਗੇ।                                                                                                                   ਕੀ ਹਾਈਕਮਾਨ ਦੇ ਇਸ਼ਾਰੇ ਤੇ ਬੋਲ ਰਹੇ ਹਨ ਬਾਜਵਾ: ਸਿਆਸਤ ਦੀ ਖ਼ਬਰ ਰੱਖਣ ਵਾਲਿਆਂ ਦਾ ਮੰਨਣਾ ਹੈ ਕਿ ਪ੍ਰਤਾਪ ਸਿੰਘ ਬਾਜਵਾ ਜੋ ਕਿ ਇਕ ਸੁਲਝੇ ਹੋਏ ਅਤੇ ਸੀਨੀਅਰ ਲੀਡਰ ਹਨ ਨੂੰ ਪਤਾ ਹੈ ਕਿ ਆਪਣੀ ਹੀ ਸਰਕਾਰ ਦੇ ਮੁੱਖ ਮੰਤਰੀ ਦੇ ਵਿਰੋਧ ਦਾ ਮਤਲਬ ਕੀ ਹੈ ਪਰ ਫੇਰ ਵੀ ਜਿਸ ਤਰਾਂ ਬਾਜਵਾ ਕਰੜੇ ਲਫ਼ਜਾਂ ਵਿੱਚ ਕੈਪਟਨ ਦਾ ਵਿਰੋਧ ਕਰਨ ਦੇ ਨਾਲ ਨਾਲ ਉਨ੍ਹਾ ਨੂੰ ਕੁਰਸੀ ਤੋਂ ਚਲਦਾ ਕਰਨ ਲਈ ਜਦੋਜਹਿਦ ਕਰ ਰਹੇ ਹਨ ਉਸ ਤੋਂ ਤਾਂ ਲੱਗਦਾ ਹੈ ਕਿ ਬਾਜਵਾ ਨੂੰ ਹਾਈਕਮਾਨ ਦਾ ਧਾਪੜਾ ਜਰੂਰ ਪ੍ਰਾਪਤ ਹੈ ਤੇ ਬਾਜਵਾ ਹਾਈਕਮਾਨ ਦੇ ਇਸ਼ਾਰੇ ਤੇ ਹੀ ਬੋਲ ਰਹੇ ਹਨ। ਦੂਸਰਾ ਇਹ ਵੀ ਚਰਚਾਵਾਂ ਸੁਣਨ ਵਿੱਚ ਮਿਲਦੀਆਂ ਰਹੀਆਂ ਹਨ ਕਿ ਹਾਈਕਮਾਨ ਨੇ 2017 ਵਿੱਚ ਕੈਪਟਨ ਨੂੰ ਮੁੱਖ ਮੰਤਰੀ ਬਣਾਉਣ ਤੋਂ ਪਹਿਲਾਂ ਇਹ ਵੀ ਕਿਹਾ ਸੀ ਕਿ ਸਰਕਾਰ ਦੇ ਸਾਢੇ ਤਿੰਨ ਸਾਲ ਮੁੱਖ ਮੰਤਰੀ ਕੈਪਟਨ ਰਹਿਣਗੇ ਤੇ ਬਾਅਦ ਦਾ ਸਮਾ ਕਿਸੇ ਹੋਰ ਨੂੰ ਮੌਕਾ ਮਿਲੇਗਾ ਸਾਇਦ ਇਸੇ ਕਰਕੇ ਹੀ ਹੁਣ ਬਾਜਵਾ ਵੀ ਕਹਿ ਰਹੇ ਹਨ ਕਿ ਕੈਪਟਨ ਨੂੰ ਕੁਰਸੀ ਤੋਂ ਲਾਹੁਣ ਦਾ ਸਮਾ ਆ ਗਿਆ ਹੈ।        

 ਜਾਖੜ ਦੀ ਪ੍ਰਧਾਨਗੀ ਦੀ ਚੜ ਸਕਦੀ ਹੈ ਬਲੀ: ਸਿਆਸੀ ਖਬਰਾਂ ਦੇ ਮਾਹਿਰਾਂ ਦਾ ਮੰਨਣਾ ਹੈ ਕਿ ਜਿਸ ਤਰਾਂ ਦੇ ਹਾਲਾਤ ਪੰਜਾਬ ਕਾਂਗਰਸ ਦੇ ਬਣਦੇ ਦਿਖਾਈ ਦੇ ਰਹੇ ਹਨ ਅਜਿਹੇ ਵਿੱਚ ਕੈਪਟਨ ਅਤੇ ਬਾਜਵਾ ਦੀ ਲੜਾਈ ਦਾ ਖਮਿਆਜ਼ਾ ਜਾਖੜ ਨੂੰ ਭੁਗਤਣਾ ਪੈ ਸਕਦਾ ਹੈ ਕਿ ਤੇ ਇਨ੍ਹਾ ਸੀਨੀਅਰ ਆਗੂਆਂ ਦੀ ਲੜਾਈ ਦਾ ਖਮਿਆਜ਼ਾ ਜਾਖੜ ਨੂੰ ਪ੍ਰਧਾਨਗੀ ਦੀ ਕੁਰਸੀ ਦੀ ਬਲੀ ਦੇ ਕੇ ਚੁਕਾਉਣਾ ਪੈ ਸਕਦਾ ਹੈ। ਬਾਕੀ ਕੌਣ ਕਿਸ ਨੂੰ ਨੁੱਕਰੇ ਲਗਾਉਂਦਾ ਹੈ ਇਹ ਤਾਂ ਆਉਣ ਵਾਲਾ ਸਮਾ ਹੀ ਦੱਸੇਗਾ ਪਰ ਜਿਸ ਤਰਾਂ ਕਾਂਗਰਸ ਦਾ ਕਲੇਸ਼ ਮੀਡੀਆ ਦੀਆਂ ਸੁਰਖੀਆਂ ਬਣ ਰਿਹਾ ਹੈ ਇਸ ਨਾਲ ਵਰਕਰਾਂ ਦਾ ਮਨੋਬਲ ਜਰੂਰ ਡਿੱਗੇਗਾ ਅਤੇ 2022 ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾ ਵਿੱਚ ਪਾਰਟੀ ਨੂੰ ਇਸ ਦਾ ਵੱਡਾ ਖਾਮਿਆਜ਼ਾ ਭੁਗਤਣਾ ਪੈ ਸਕਦਾ ਹੈ