ਸੇਖੜੀ-ਬਾਜਵਾ ਦੀ ਲੜਾਈ ਵਿੱਚ ਪ੍ਰਤਾਪ ਬਾਜਵਾ ਦੀ ਐਂਟਰੀ ਨੇ ਛੇੜੀ ਨਵੀਂ ਚਰਚਾ !!!

Last Updated: Aug 07 2020 14:42
Reading time: 3 mins, 6 secs

ਬਟਾਲਾ ਦੀ ਸਿਆਸਤ ਪਿਛਲੇ ਕਈ ਵਰ੍ਹਿਆਂ ਤੋਂ ਜ਼ਿਲ੍ਹਾ ਗੁਰਦਾਸਪੁਰ 'ਚ ਹੀ ਨਹੀਂ ਸਗੋਂ ਪੰਜਾਬ ਵਿੱਚ ਵੀ ਚਰਚਿਤ ਰਹੀ ਹੈ। ਭਾਵੇਂ ਸਰਕਾਰ ਅਕਾਲੀ-ਭਾਜਪਾ ਦੀ ਹੋਵੇ ਤੇ ਭਾਵੇਂ ਕਾਂਗਰਸ ਦੀ ਬਟਾਲਾ ਦੇ ਸਿਆਸੀ ਲੋਕ ਆਪਣੀਆਂ ਗਤੀਵਿਧੀਆਂ ਕਰਕੇ ਹਮੇਸ਼ਾ ਹੀ ਚਰਚਾ ਦਾ ਕੇਂਦਰ ਬਣਦੇ ਆਏ ਹਨ।

ਅਕਾਲੀ ਸਰਕਾਰ ਵੇਲੇ ਲੋਧੀਨੰਗਲ ਅਤੇ ਭਾਜਪਾਈਆਂ ਵਿੱਚ ਖੜਕੀ ਸੀ: ਜੇਕਰ ਪਿਛਲੀ 2012-2017 ਦੀ ਅਕਾਲੀ-ਭਾਜਪਾ ਸਰਕਾਰ ਦੀ ਗੱਲ ਕਰੀਏ ਤਾਂ ਉਸ ਵੇਲੇ ਵੀ ਬਟਾਲਾ ਦੀ ਸਿਆਸੀ ਸਥਿਤੀ ਅਜਿਹੀ ਬਣੀ ਰਹੀ ਸੀ ਕਿ ਅਕਾਲੀ ਦਲ ਦੇ ਹਲਕਾ ਇੰਚਾਰਜ ਲਖਬੀਰ ਸਿੰਘ ਲੋਧੀਨੰਗਲ ਅਤੇ ਭਾਜਪਾ ਦੇ ਸਾਬਕਾ ਸੰਸਦੀ ਸਕੱਤਰ ਜਗਦੀਸ਼ ਸਾਹਨੀ ਵਿੱਚ ਸਿਆਸੀ ਤੌਰ ਤੇ ਖੜਕਦੀ ਰਹੀ ਸੀ। 2015 ਵਿੱਚ ਹੋਈਆਂ ਨਗਰ ਕੌਂਸਲ ਚੋਣਾਂ ਕਾਰਣ ਤਾਂ ਦੋਵਾਂ ਭਾਈਵਾਲ ਪਾਰਟੀਆਂ ਦੇ ਲੀਡਰਾਂ ਦੇ ਰਿਸ਼ਤੇ ਬਟਾਲਾ ਵਿੱਚ ਪੁਰੀ ਤਰ੍ਹਾਂ ਇੱਕ-ਦੂਸਰੇ ਨੂੰ ਤਿਲਾਂਜਲੀ ਦੇ ਗਏ ਸਨ ਤੇ ਅਕਾਲੀਆਂ ਨੇ ਵੱਖਰੀ ਤੇ ਭਾਜਪਾਈਆਂ ਨੇ ਵੱਖਰੇ ਤੌਰ ਤੇ ਚੋਣਾਂ ਲੜੀਆਂ ਸਨ। ਜਿਸ ਤੋਂ ਬਾਅਦ ਭਾਜਪਾਈਆਂ ਨੇ ਕਾਂਗਰਸ ਦੇ ਤਤਕਾਲੀ ਵਿਧਾਇਕ ਅਸ਼ਵਨੀ ਸੇਖੜੀ ਨਾਲ ਸਿਆਸੀ ਗੰਢ ਤੁੱਪ ਕਰਕੇ ਨਗਰ ਕੌਂਸਲ ਤੇ ਆਪਣਾ ਸਿਆਸੀ ਅਧਿਕਾਰ ਸਥਾਪਿਤ ਕਰ ਲਿਆ ਸੀ।

ਹੁਣ ਬਾਜਵਾ ਅਤੇ ਸੇਖੜੀ ਵਿੱਚ ਸਿਆਸੀ ਜੰਗ ਭਖੀ: ਹੁਣ ਜੇਕਰ ਕਾਂਗਰਸ ਸੱਤਾ ਵਿੱਚ ਹੈ ਤਾਂ ਇੱਕ ਵਾਰ ਫੇਰ ਅਕਾਲੀ-ਭਾਜਪਾ ਵਾਲਾ ਹੀ ਇਤਿਹਾਸ ਲਗਭਗ ਦੁਹਰਾਇਆ ਜਾ ਰਿਹਾ ਹੈ ਤੇ ਹੁਣ ਕੈਬਨਿਟ ਮੰਤਰੀ ਤ੍ਰਿਪਤਰਾਜਿੰਰਦ ਸਿੰਘ ਬਾਜਵਾ ਅਤੇ ਸਾਬਕਾ ਵਿਧਾਇਕ ਅਸ਼ਵਨੀ ਸੇਖੜੀ ਵਿੱਚ ਸਿਆਸੀ ਅਸਰ ਰਸੂਖ ਦੀ ਜੰਗ ਛਿੜੀ ਹੋਈ ਹੈ। ਦੋਵੇਂ ਆਗੂ ਹੀ ਇੱਕ-ਦੂਸਰੇ ਨੂੰ ਸਿਆਸੀ ਤੌਰ ਤੇ ਹਾਸ਼ੀਏ ਤੇ ਧੱਕਣ ਦੀ ਕੋਸ਼ਿਸ਼ ਕਰ ਰਹੇ ਹਨ ਤੇ ਕੋਈ ਵੀ ਮੌਕਾ ਹੱਥੋਂ ਨਹੀਂ ਜਾਣ ਦੇ ਰਹੇ।

ਸੇਖੜੀ ਦਾ ਬਾਜਵਾ ਖ਼ਿਲਾਫ਼ ਹੱਲਾਬੋਲ: 2017 ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਵਿੱਚ ਹਾਰ ਜਾਣ ਤੋਂ ਬਾਅਦ ਸਾਬਕਾ ਵਿਧਾਇਕ ਅਸ਼ਵਨੀ ਸੇਖੜੀ ਦੀ ਸਿਆਸੀ ਸਥਿਤੀ ਕਾਫ਼ੀ ਕਮਜ਼ੋਰ ਹੋ ਗਈ ਸੀ ਜਿਸ ਨੂੰ ਉਹ ਆਪ ਖ਼ੁਦ ਵੀ ਪੱਤਰਕਾਰਾਂ ਸਾਹਮਣੇ ਵੀ ਬਿਆਨ ਦੇ ਰਹੇ ਹਨ ਤੇ ਹੁਣ ਤਾਂ ਹਾਲਤ ਇਹ ਹੋ ਚੁੱਕੀ ਦੱਸੀ ਜਾ ਰਹੀ ਹੈ ਕਿ ਸਰਕਾਰ ਦਰਬਾਰੇ ਸੇਖੜੀ ਦੀ ਕੋਈ ਸੁਣਵਾਈ ਨਹੀਂ ਸੀ ਹੋ ਰਹੀ ਜਿਸ ਕਰਕੇ ਜ਼ਿਆਦਾਤਰ ਵਰਕਰ ਸੇਖੜੀ ਦਾ ਸਾਥ ਛੱਡਦੇ ਜਾ ਰਹੇ ਸਨ। ਅਜਿਹੇ ਵਿੱਚ ਆਪਣੀ ਸਿਆਸੀ ਆਧਾਰ ਮੁੜ ਬਹਾਲ ਕਰਨ ਲਈ ਹੀ ਸ਼ਾਇਦ ਸੇਖੜੀ ਹੁਣ ਹਮਲਾਵਰ ਰੁੱਖ ਅਖ਼ਤਿਆਰ ਕਰ ਚੱਕੇ ਹਨ ਤੇ ਬਾਜਵਾ ਦੇ ਖ਼ਿਲਾਫ਼ ਡਟ ਕੇ ਮੋਰਚਾ ਖੋਲ੍ਹ ਦਿੱਤਾ ਹੈ।

ਪਹਿਲੀ ਵਾਰ ਹੋਏ ਸੇਖੜੀ ਏਨੇ ਤੱਤੇ: ਜੇਕਰ ਸੇਖੜੀ ਦੇ ਸਿਆਸੀ ਸਫ਼ਰ ਵੱਖ ਵੇਖੀਏ ਤਾਂ ਉਨ੍ਹਾਂ ਦਾ ਸੁਭਾਅ ਬੜਾ ਹੀ ਠੰਡਾ ਤੇ ਨਰਮ ਹੈ ਤੇ ਥੋੜ੍ਹੀ ਕੀਤਿਆਂ ਉਹ ਆਪਣੇ ਸਿਆਸੀ ਵਿਰੋਧੀ ਦੇ ਖ਼ਿਲਾਫ਼ ਕੋਈ ਜ਼ਿਆਦਾ ਹਮਲਾਵਰ ਰੁੱਖ ਇਖ਼ਤਿਆਰ ਨਹੀਂ ਕਰਦੇ ਪਰ ਇਸ ਵਾਰ ਤਾਂ ਬਾਜਵਾ ਦੇ ਖ਼ਿਲਾਫ਼ ਉਨ੍ਹਾਂ ਦਾ ਰਵੱਈਆ ਬਹੁਤ ਜ਼ਿਆਦਾ ਬਦਲਿਆ ਦਿਖਾਈ ਦਿੱਤਾ। ਸੇਖੜੀ ਨੇ ਵੱਖ-ਵੱਖ ਟੀ.ਵੀ ਚੈਨਲਾਂ ਤੇ ਗੱਲਬਾਤ ਕਰਨ ਤੋਂ ਇਲਾਵਾ ਕਈ ਪੱਤਰਕਾਰਾਂ ਨਾਲ ਗੱਲਬਾਤ ਵਿੱਚ ਆਪਣੇ ਸਿਆਸੀ ਵਿਰੋਧੀ ਕੈਬਨਿਟ ਮੰਤਰੀ ਬਾਜਵਾ ਦੇ ਖ਼ਿਲਾਫ਼ ਬਹੁਤ ਹੀ ਸਖ਼ਤ ਲਫ਼ਜ਼ ਵਰਤੇ ਸਨ। ਸੇਖੜੀ ਨੇ ਤਾਂ ਬਾਜਵਾ ਨੂੰ ਸਿੱਧਾ-ਸਿੱਧਾ ਚੁਣੌਤੀ ਦੇ ਦਿੱਤੀ ਸੀ ਤੇ ਹੰਕਾਰੀ ਮੰਤਰੀ ਤੱਕ ਕਹਿ ਦਿੱਤਾ ਸੀ। ਜਿਸ ਤੋਂ ਬਾਅਦ ਭਾਵੇਂ ਕਿ ਬਾਜਵਾ ਨੇ ਮੀਡੀਆ ਵਿੱਚ ਤਾਂ ਪ੍ਰਤੀਕਰਮ ਨਹੀਂ ਦਿੱਤਾ ਹੈ ਪਰ ਜਾਣਕਾਰੀਆਂ ਮਿਲ ਰਹੀਆਂ ਹਨ ਕਿ ਸੇਖੜੀ ਨੂੰ ਸਿਆਸੀ ਤੌਰ ਤੇ ਜ਼ੀਰੋ ਕਰਨ ਲਈ ਬਾਜਵਾ ਅੰਦਰਖਾਤੇ ਜ਼ਰੂਰ ਤਿਆਰੀ ਵਿੱਚ ਜੁਟੇ ਹੋਏ ਹਨ। ਜੇਕਰ ਦੂਸਰੇ ਪਾਸੇ ਵੇਖਿਆ ਜਾਵੇ ਤਾਂ ਕੈਬਨਿਟ ਮੰਤਰੀ ਦੇ ਹੀ ਸਿਆਸੀ ਵਿਰੋਧੀ ਅਤੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਦੀ ਇਸ ਮੌਕੇ ਬਟਾਲਾ ਫੇਰੀ ਵੀ ਕਈ ਸਵਾਲਾਂ ਨੂੰ ਜਨਮ ਦੇ ਰਹੀ ਹੈ।

ਜਾਣਕਾਰੀ ਮਿਲੀ ਹੈ ਕਿ ਸੇਖੜੀ ਨੂੰ ਵੀ ਪ੍ਰਤਾਪ ਸਿੰਘ ਬਾਜਵਾ ਦਾ ਸਮਰਥਨ ਪ੍ਰਾਪਤ ਹੋਣ ਕਰਕੇ ਹੀ ਉਨ੍ਹਾਂ ਨੇ ਵੀ ਹਮਲਾਵਰ ਰੁੱਖ ਅਖ਼ਤਿਆਰ ਕੀਤਾ ਹੈ। ਸਿਆਸੀ ਸਮਝ ਰੱਖਣ ਵਾਲੇ ਤਾਂ ਇੱਥੋਂ ਤੱਕ ਕਹਿ ਰਹੇ ਹਨ ਕਿ ਇਹ ਲੜਾਈ 2022 ਵਿੱਚ ਬਟਾਲਾ ਤੋਂ ਚੋਣ ਲੜਨ ਲਈ ਕੀਤੀ ਜਾ ਰਹੀ ਤਿਆਰੀ ਦਾ ਹੀ ਹਿੱਸਾ ਹੈ। ਬਟਾਲਾ ਦੀ ਰਾਜਨੀਤੀ ਵਿੱਚ ਬਾਜਵਿਆਂ ਦਾ ਦਬਦਬਾ ਬਣਿਆ ਰਹਿੰਦਾ ਹੈ ਜਾਂ ਫੇਰ ਅਸ਼ਵਨੀ ਸੇਖੜੀ ਆਪਣੀ ਸ਼ਾਖ਼ ਬਹਾਲੀ ਕਰਨ ਵਿੱਚ ਕਾਮਯਾਬ ਹੋ ਜਾਂਦੇ ਹਨ ਜਾਂ ਫੇਰ ਇਨ੍ਹਾਂ ਦੀ ਲੜਾਈ ਦਾ ਫ਼ਾਇਦਾ ਕੋਈ ਨਵਾਂ ਚਿਹਰਾ ਉਠਾ ਲਵੇਗਾ ਇਹ ਤਾਂ ਭਵਿੱਖ ਦੇ ਗਰਭ ਵਿੱਚ ਹੀ ਲੁਕਿਆ ਹੈ ਪਰ ਇਸ ਵੇਲੇ ਬਟਾਲਾ ਦੀ ਸਿਆਸੀ ਸਥਿਤੀ ਕਾਫ਼ੀ ਗਰਮਾਈ ਹੋਈ ਹੈ।

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।