ਸ਼ਰਾਬ ਕਾਂਡ ਨੇ ਪਾਈਆਂ, ਪਟਿਆਲਾ ਪੁਲਿਸ ਨੂੰ ਵੀ ਭਾਜੜਾਂ !!! (ਵਿਅੰਗ)

Last Updated: Aug 04 2020 14:52
Reading time: 1 min, 26 secs

ਸ਼ਰਾਬ ਕਾਂਡ ਵਿੱਚ ਮਰਨ ਵਾਲਿਆਂ ਦਾ ਅੰਕੜਾ ਵਧਣ ਦੇ ਬਾਅਦ, ਸਮੁੱਚੀ ਪੰਜਾਬ ਪੁਲਿਸ ਹਰਕਤ ਵਿੱਚ ਆ ਗਈ ਹੈ। ਵਿਅੰਗਕਾਰਾਂ ਦਾ ਮੰਨਣਾ ਹੈ ਕਿ, ਅਕਸਰ ਸਾਡੀ ਪੁਲਿਸ ਉਸ ਵੇਲੇ ਹੀ ਹਰਕਤ ਵਿੱਚ ਆਉਂਦੀ ਹੈ ਜਦੋਂ, ਤੱਕ ਕੋਈ ਵੱਡਾ ਭਾਣਾ ਨਹੀਂ ਵਰਤ ਜਾਂਦਾ। ਹੁਣ ਭਾਣਾ ਵਰਤ ਚੁੱਕਾ ਹੈ, ਲਾਸ਼ਾਂ ਵੀ ਬੜੀਆਂ ਡਿੱਗੀਆਂ ਹਨ, ਸੱਥਰ ਵੀ ਬੜੇ ਵਿਛੇ ਹਨ, ਵੈਣ ਤੇ ਕੀਰਨੇ ਵੀ ਬੜੇ ਪਏ ਹਨ। ਲਿਹਾਜ਼ਾ ਪੁਲਿਸ ਦਾ ਹਰਕਤ ਵਿੱਚ ਆਉਣਾ ਤਾਂ ਬਣਦਾ ਹੀ ਹੈ।

ਗੱਲ ਕਰੀਏ ਜੇਕਰ, ਪਟਿਆਲਾ ਪੁਲਿਸ ਦੀ ਤਾਂ, ਭਾਜੜਾਂ ਇਸ ਨੂੰ ਪੈ ਗਈਆਂ ਹਨ। ਸ਼ਾਇਦ ਤੁਹਾਨੂੰ ਚੇਤੇ ਹੋਵੇਗਾ ਕਿ, ਚੰਦ ਕੁ ਮਹੀਨੇ ਪਹਿਲਾਂ ਸਮਾਣਾ ਵਿੱਚ ਸ਼ਰਾਬ ਦਾ ਇੱਕ ਬਹੁਤ ਵੱਡਾ ਰੈਕਟ ਫ਼ੜਿਆ ਗਿਆ ਸੀ। ਉਸ ਕਾਂਡ ਦੀ ਜਾਂਚ ਦੇ ਬਾਅਦ ਚੰਦ ਪੁਲਿਸ ਵਾਲਿਆਂ ਤੇ ਵੀ ਗਾਜ਼ ਡਿੱਗੀ ਸੀ, ਜਿਨ੍ਹਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ।  

ਹੁਣ ਮੌਤਾਂ ਦਾ ਸੈਂਕੜਾ ਵੱਜਣ ਦੇ ਬਾਅਦ, ਪਟਿਆਲਾ ਪੁਲਿਸ ਨੂੰ ਵੀ ਚੇਤੇ ਆ ਗਿਆ ਕਿ, ਸ਼ਰਾਬ ਦਾ ਕਾਰੋਬਾਰ ਤਾਂ ਉਨ੍ਹਾਂ ਦੇ ਇਲਾਕੇ ਵਿੱਚ ਵੀ ਬੜਾ ਚੱਲਦਾ ਰਿਹੈ, ਲਿਹਾਜ਼ਾ ਪੁਲਿਸ ਪਾਰਟੀਆਂ ਨੇ ਕਾਰਵਾਈ ਸ਼ੁਰੂ ਕਰ ਦਿੱਤੀ। ਨਵੇਂ ਆਏ ਐਸ.ਐਸ.ਪੀ. ਵਿਕਰਮ ਜੀਤ ਦੁੱਗਲ ਦੀ ਅਗਵਾਈ ਹੇਠ ਛਾਪੇਮਾਰੀ ਕਰਕੇ ਪੁਲਿਸ ਨੇ ਕਈ ਥਾਵਾਂ ਤੋਂ ਚਾਲੂ ਭੱਠੀਆਂ, ਲਾਹਣ ਤੇ ਨਜਾਇਜ਼ ਸ਼ਰਾਬ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ।

ਖ਼ਬਰਾਂ ਆ ਰਹੀਆਂ ਹਨ ਕਿ, ਉਕਤ ਛਾਪੇਮਾਰੀਆਂ ਦੇ ਬਾਅਦ ਪੁਲਿਸ ਨੇ ਵੱਖ-ਵੱਖ 9 ਮਾਮਲੇ ਦਰਜ ਕਰਕੇ ਕੁੱਲ੍ਹ 2540 ਲਿਟਰ ਲਾਹਣ ਅਤੇ 75 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਹੈ। ਪੁਲਿਸ ਦੇ ਦਾਅਵੇ ਅਨੁਸਾਰ, 2 ਬੰਦੇ ਗ੍ਰਿਫ਼ਤਾਰ ਕੀਤੇ ਗਏ ਅਤੇ 10 ਮੌਕੇ ਤੋਂ ਭੱਜ ਗਏ, ਜਿਨ੍ਹਾਂ ਨੂੰ ਜਲਦ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਅਲੋਚਕਾਂ ਅਨੁਸਾਰ, ਸਭ ਕੁਝ ਠੀਕ ਹੈ। ਜੋ ਕੁਝ ਪੁਲਿਸ ਅੱਜ ਕਰ ਰਹੀ ਹੈ, ਜੇਕਰ ਉਹ ਕੁਝ ਉਸ ਨੇ ਪਹਿਲਾਂ ਕੀਤਾ ਹੁੰਦਾ ਤਾਂ ਅੱਜ ਦਰਜਨਾਂ ਹੀ ਘਰ ਬਰਬਾਦ ਨਾ ਹੁੰਦੇ, ਉਨ੍ਹਾਂ ਘਰਾਂ ਵਿੱਚ ਮਾਤਮ ਨਾ ਛਾਇਆ ਹੁੰਦਾ।

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।