ਕੈਪਟਨ ਨੂੰ ਪਾ ਲਿਆ, ਆਪਣਿਆਂ ਨੇ ਹੀ ਘੇਰਾ !!! (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Aug 04 2020 14:38
Reading time: 2 mins, 25 secs

ਜ਼ਹਿਰੀਲੀ ਸ਼ਰਾਬ ਕਾਂਡ ਵਿੱਚ ਜਿੱਥੇ ਮਰਨ ਵਾਲਿਆਂ ਦਾ ਅੰਕੜਾ ਤੇਜ਼ੀ ਨਾਲ ਵਧਦਾ ਜਾ ਰਿਹਾ ਹੈ, ਉੱਥੇ ਹੀ ਉਕਤ ਮਾਮਲੇ ਨੂੰ ਲੈ ਕੇ ਵਿਰੋਧੀਆਂ ਪਾਰਟੀਆਂ ਨੇ ਕੈਪਟਨ ਸਰਕਾਰ ਤੇ ਸ਼ਬਦੀ ਹਮਲੇ ਤੇਜ਼ ਕਰ ਦਿੱਤੇ ਹਨ। ਕੋਈ ਸ਼ਰਾਬ ਕਾਂਡ ਦੀਆਂ ਜੜ੍ਹਾਂ ਕਾਂਗਰਸ ਨਾਲ ਜੁੜੇ ਹੋਣ ਦੇ ਇਲਜ਼ਾਮ ਲਗਾ ਰਿਹਾ ਹੈ ਅਤੇ ਕੋਈ ਪੁਲਿਸ ਤੇ ਮਿਲੀਭੁਗਤ ਦੇ। ਯਾਨੀ ਕਿ, ਇਸ ਵੇਲੇ ਵਿਰੋਧੀ ਧਿਰਾਂ ਪੂਰੀ ਤਰ੍ਹਾਂ ਨਾਲ ਐਕਟਿਵ ਹੋ ਚੁੱਕੀਆਂ ਹਨ ਅਤੇ ਉਹ ਆਪੋ ਆਪਣੇ ਢੰਗ ਤਰੀਕਿਆਂ ਨਾਲ ਰਾਜਾ ਜੀ ਦੀ ਘੇਰਾਬੰਦੀ ਟਾਈਟ ਕਰਨ 'ਚ ਮਸ਼ਰੂਖ਼ ਹੋ ਚੁੱਕੀਆਂ ਹਨ।

ਦੋਸਤੋ, ਅਲੋਚਕਾਂ ਅਨੁਸਾਰ, ਜੇਕਰ ਇਸ ਵੇਲੇ ਕੈਪਟਨ ਦੇ ਵਿਰੋਧੀਆਂ ਨੇ ਉਨ੍ਹਾਂ ਦੀ ਘੇਰਾਬੰਦੀ ਟਾਈਟ ਕਰਨੀ ਸ਼ੁਰੂ ਕਰ ਦਿੱਤੀ ਹੈ ਤਾਂ ਇਸ ਦਾ ਮਤਲਬ ਹਰਗਿਜ਼, ਇਹ ਨਹੀਂ ਸਮਝ ਲੈਣਾ ਚਾਹੀਦਾ ਕਿ, ਉਨ੍ਹਾਂ ਨੂੰ ਸ਼ਰਾਬ ਕਾਂਡ ਵਿੱਚ ਮਰਨ ਵਾਲਿਆਂ ਦੇ ਪਰਿਵਾਰਾਂ ਨਾਲ ਕੋਈ ਬਹੁਤੀ ਹਮਦਰਦੀ ਹੈ। ਪੂਰੇ ਯਕੀਨ ਨਾਲ ਨਹੀਂ ਕਿਹਾ ਜਾ ਸਕਦਾ ਕਿ, ਇਹ ਵਿਰੋਧਤਾ ਉਹ, ਆਪਣੀ ਗੰਦੀ ਰਾਜਨੀਤੀ ਨੂੰ ਚਮਕਾਉਣ ਅਤੇ ਪੀੜਤ ਪਰਿਵਾਰਾਂ ਦੀ ਹਮਦਰਦੀ ਹਾਸਲ ਕਰਨ ਲਈ ਨਹੀਂ ਕਰ ਰਹੇ ਹੋਣਗੇ।

ਦੋਸਤੋ, ਸ਼ਾਇਦ ਤੁਹਾਨੂੰ ਚੰਦ ਦਿਨਾਂ ਪਹਿਲਾਂ, ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਸ਼ਰਾਬ ਕਾਂਡ ਨੂੰ ਲੈ ਕੇ ਆਇਆ, ਉਹ ਬਿਆਨ ਚੇਤੇ ਹੋਵੇਗਾ, ਜਿਸ ਵਿੱਚ ਉਨ੍ਹਾਂ ਨੇ ਉਕਤ ਮਾਮਲੇ ਵਿੱਚ ਸੀ.ਬੀ.ਆਈ. ਜਾਂਚ ਦੀ ਮੰਗ ਕੀਤੀ ਸੀ। ਦੋਸਤੋ, ਜੇਕਰ ਤੁਹਾਨੂੰ ਕੇਜਰੀਵਾਲ ਦਾ ਬਿਆਨ ਚੇਤੇ ਹੈ ਤਾਂ ਤੁਹਾਨੂੰ, ਅਮਰਿੰਦਰ ਦਾ ਪ੍ਰਤੀਕਰਮ ਵੀ ਚੇਤੇ ਹੋਵੇਗਾ, ਜਿਸ ਵਿੱਚ ਉਨ੍ਹਾਂ ਨੇ ਦਿੱਲੀ ਦੇ ਮੁੱਖ ਮੰਤਰੀ ਨੂੰ ਆਪਣਾ ਕੰਮ ਕਰਨ ਦੀ ਨਸੀਹਤ ਦਿੱਤੀ ਸੀ। ਰਾਜਾ ਜੀ ਨੇ ਕੇਜਰੀਵਾਲ ਨੂੰ ਕੇਵਲ ਇਹ ਨਸੀਹਤ ਨਹੀਂ ਸੀ ਦਿੱਤੀ, ਬਲਕਿ ਉਨ੍ਹਾਂ ਨੇ ਤਾਂ ਇੱਥੋਂ ਤੱਕ ਵੀ ਆਖ ਦਿੱਤਾ ਸੀ ਕਿ, ਉਹ ਮਰਨ ਵਾਲਿਆਂ ਦੀਆਂ ਲਾਸ਼ਾਂ ਤੇ ਆਪਣੀ ਰਾਜਨੀਤੀ ਚਮਕਾਉਣ ਦੀ ਕੋਸ਼ਿਸ਼ ਨਾ ਕਰਨ।

ਦੋਸਤੋ, ਚਲੋ ਛੱਡੋ ਅਰਵਿੰਦ ਕੇਜਰੀਵਾਲ ਦੀ ਮੰਗ ਨੂੰ ਅਤੇ ਨਾਲੇ ਛੱਡੋ ਰਾਜੇ ਵੱਲੋਂ ਦਿੱਤੀ ਨਸੀਹਤ ਨੂੰ। ਆਪਾਂ ਗੱਲ ਕਰਦੇ ਹਾਂ ਰਾਜੇ ਦੇ ਆਪਣੇ ਹੀ ਵਜ਼ੀਰਾਂ, ਪ੍ਰਤਾਪ ਸਿੰਘ ਬਾਜਵਾ ਅਤੇ ਸ਼ਮਸ਼ੇਰ ਸਿੰਘ ਦੂਲੋਂ ਦੀ, ਜਿਨ੍ਹਾਂ ਨੇ ਸ਼ਰਾਬ ਕਾਂਡ ਵਿੱਚ ਉਨ੍ਹਾਂ ਦੇ ਖ਼ਿਲਾਫ਼ ਝੰਡਾ ਚੁੱਕ ਲਿਆ ਹੈ। ਅਰਵਿੰਦ ਕੇਜਰੀਵਾਲ ਵਾਂਗ, ਰਾਜਾ ਜੀ ਦੇ ਇਹਨਾਂ ਵਜ਼ੀਰਾਂ ਨੇ ਵੀ ਸੀ.ਬੀ.ਆਈ. ਜਾਂਚ ਕਰਵਾਏ ਜਾਣ ਦੀ ਮੰਗ ਕੀਤੀ ਹੈ।

ਦੋਸਤੋ, ਰਾਜਾ ਦੀ ਦੇ ਇਹਨਾਂ ਵਜ਼ੀਰਾਂ ਨੇ ਸਿਰਫ਼ ਸੀ.ਬੀ.ਆਈ. ਜਾਂਚ ਦੀ ਹੀ ਮੰਗ ਨਹੀਂ ਕੀਤੀ ਬਲਕਿ, ਇਹਨਾਂ ਨੇ ਬਕਾਇਦਾ ਤੌਰ ਤੇ ਸੂਬਾ ਪੰਜਾਬ ਦੇ ਗਵਰਨਰ ਨੂੰ ਇਸ ਸੰਬੰਧੀ ਮੰਗ ਪੱਤਰ ਵੀ ਦਿੱਤਾ ਹੈ। ਖ਼ਬਰਾਂ ਆ ਰਹੀਆਂ ਹਨ ਕਿ, ਪ੍ਰਤਾਪ ਸਿੰਘ ਬਾਜਵਾ ਅਤੇ ਸ਼ਮਸ਼ੇਰ ਦੂਲੋਂ ਨੇ ਇੱਥੋਂ ਤੱਕ ਵੀ ਆਖ ਦਿੱਤਾ ਕਿ, ਕੈਪਟਨ ਅਮਰਿੰਦਰ ਸਿੰਘ ਨੂੰ ਅਫ਼ਸੋਸ ਲਈ ਮ੍ਰਿਤਕਾਂ ਦੇ ਘਰ ਜਾਣਾ ਚਾਹੀਦਾ ਸੀ।

ਇੱਥੇ ਹੀ ਬੱਸ ਨਹੀਂ ਉਨ੍ਹਾਂ ਨੇ ਇਹ ਵੀ ਆਖ ਦਿੱਤਾ ਕਿ ਜੇਕਰ, ਰਾਜਾ ਜੀ ਨੇ ਉਨ੍ਹਾਂ ਦੀਆਂ ਚਿੱਠੀਆਂ ਤੇ ਗੌਰ ਕੀਤਾ ਹੁੰਦਾ ਤਾਂ, ਜ਼ਹਿਰੀਲੀ ਸ਼ਰਾਬ ਪੀ ਕੇ ਮਰਨ ਵਾਲਿਆਂ ਦੀਆਂ ਜਾਨਾਂ ਬਚਾਈਆਂ ਜਾ ਸਕਦੀਆਂ ਸਨ। ਇੱਥੇ ਵੱਡਾ ਸਵਾਲ ਇਹ ਵੀ ਪੈਦਾ ਹੁੰਦਾ ਹੈ ਕਿ, ਕੇਜਰੀਵਾਲ ਨੂੰ ਆਪਣਾ ਕੰਮ ਕਰਨ ਦੀ ਨਸੀਹਤ ਦੇਣ ਵਾਲੇ ਅਮਰਿੰਦਰ ਸਿੰਘ ਦਾ ਹੁਣ ਪ੍ਰਤੀਕਰਮ ਕੀ ਹੋਵੇਗਾ? ਉਹ ਵੀ ਉਸ ਵੇਲੇ ਜਦੋਂ, ਉਨ੍ਹਾਂ ਨੂੰ ਆਪਣਿਆਂ ਨੇ ਘੇਰਾ ਪਾ ਲਿਆ ਹੈ। ਰਾਜੇ ਦੇ ਇਹਨਾਂ ਵਜ਼ੀਰਾਂ ਨੇ ਉਨ੍ਹਾਂ ਨੂੰ ਗੁਟਕਾ ਸਾਹਿਬ ਦੀ ਖਾਧੀ ਸੌਂਹ ਵੀ ਚੇਤੇ ਕਰਵਾਈ।

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।