ਪੰਜਾਬ ਲਈ ਖ਼ਤਰੇ ਦੀ ਘੰਟੀ ਸਾਬਤ ਹੋ ਸਕਦੈ, ਵਿਕਾਸ ਦੂਬੇ ਦੇ ਜੁੜਦੇ ਤਾਰ !!! (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Aug 03 2020 15:37
Reading time: 1 min, 38 secs

ਖ਼ਬਰਾਂ ਆ ਰਹੀਆਂ ਹਨ ਕਿ, ਕਾਨਪੁਰੀਏ ਵਿਕਾਸ ਦੂਬੇ ਕੇਸ ਦੀ ਤਹਿਕੀਕਾਤ ਕਰ ਰਹੀ ਐੱਸ.ਆਈ.ਟੀ. ਦੇ ਹੱਥ ਕੁਝ ਅਜਿਹੇ ਸਬੂਤ ਤੇ ਸੁਰਾਗ ਲੱਗੇ ਹਨ, ਜਿਹਨਾਂ ਦੇ ਬਲਬੂਤੇ ਤੇ ਉੱਤਰ ਪ੍ਰਦੇਸ਼ ਦੀ ਪੁਲਿਸ ਨੇ ਆਪਣੇ ਪੈਰ ਸੂਬਾ ਪੰਜਾਬ ਦੀ ਧਰਤੀ ਵੱਲ ਵਧਾਉਣੇ ਸ਼ੁਰੂ ਕਰ ਦਿੱਤੇ ਹਨ। ਕੇਵਲ ਪੈਰ ਹੀ ਨਹੀਂ ਬਲਕਿ ਹੱਥ ਵੀ।

ਦੋਸਤੋ, ਜੇਕਰ ਅਖ਼ਬਾਰਾਂ ਅਤੇ ਚੈਨਲਾਂ ਤੇ ਚੱਲ ਰਹੀਆਂ ਖ਼ਬਰਾਂ ਨੂੰ ਇੰਨ ਬਿੰਨ ਸਹੀ ਵ ਦਰੁਸਤ ਮੰਨ ਲਿਆ ਜਾਵੇ ਤਾਂ ਯੂ.ਪੀ. ਪੁਲਿਸ ਨੇ ਵਿਕਾਸ ਦੂਬੇ ਦੇ ਗੈਂਗ ਪਾਸੋਂ ਜਿਹੜਾ-ਜਿਹੜਾ ਅਸਲਾ ਬਰਾਮਦ ਕੀਤਾ ਹੈ, ਉਹਨਾਂ ਵਿੱਚੋਂ ਕੁਝ ਕੁ ਦੇ ਤਾਰ ਪੰਜਾਬ ਨਾਲ ਜੁੜ ਚੁੱਕੇ ਹਨ। ਭਾਵੇਂਕਿ ਹਾਲ ਦੀ ਘੜੀ ਕੋਈ ਵੀ ਪੁਲਿਸ ਅਧਿਕਾਰੀ, ਅਧਿਕਾਰਿਤ ਤੌਰ ਤੇ ਕੁਝ ਵੀ ਬੋਲਣ ਲਈ ਤਿਆਰ ਨਹੀਂ ਹੈ, ਪਰ ਐੱਸ.ਆਈ.ਟੀ. ਨਾਲ ਜੁੜੇ ਹੋਏ ਕੁਝ ਸੂਤਰਾਂ ਅਨੁਸਾਰ, ਪੁਲਿਸ ਨੂੰ ਇਸ ਗੱਲ ਦੇ ਸਬੂਤ ਮਿਲ ਚੁੱਕੇ ਹਨ ਕਿ, ਦੂਬੇ ਗੈਂਗ ਨਾਲ ਜੁੜੇ ਗੁੰਡੇ, ਸੂਬਾ ਪੰਜਾਬ 'ਚੋਂ ਆਪਣੀਆਂ ਰਫ਼ਲਾਂ ਮੋਡੀਫ਼ਾਈ ਕਰਵਾਉਂਦੇ ਰਹੇ ਹਨ।

ਖ਼ਬਰਾਂ ਅਨੁਸਾਰ, ਐੱਸ.ਆਈ.ਟੀ. ਨੇ ਸੂਬਾ ਪੰਜਾਬ ਨਾਲ ਜੁੜੀਆਂ ਚੰਦ ਲੋਕੇਸ਼ਨਾਂ ਵੀ ਬਕਾਇਦਾ ਤੌਰ ਤੇ ਹਾਸਲ ਕਰ ਲਈਆਂ ਹਨ, ਜਿਹਨਾਂ ਨੂੰ ਕਿ ਆਉਣ ਵਾਲੇ ਦਿਨਾਂ ਵਿੱਚ ਟਾਰਗੇਟ ਕੀਤਾ ਜਾਣਾ ਹੈ। ਸੱਚੀਆਂ ਹਨ ਜਾਂ ਝੂਠੀਆਂ ਇਸ ਬਾਰੇ ਨਿਊਜ਼ਨੰਬਰ ਕੋਈ ਪੁਸ਼ਟੀ ਨਹੀਂ ਕਰਦਾ, ਪਰ ਖ਼ਬਰਾਂ ਹਨ ਕਿ, ਇਹਨਾਂ ਛਾਪੇਮਾਰੀਆਂ ਦਾ ਬਲੂ ਪ੍ਰਿੰਟ ਤਿਆਰ ਹੋ ਚੁੱਕਾ ਹੈ ਤੇ ਐੱਸ.ਆਈ.ਟੀ. ਦੀ ਐਡਵਾਂਸ ਟੀਮਾਂ ਬਕਾਇਦਾ ਤੌਰ ਤੇ ਪੰਜਾਬ ਵਿੱਚ ਪਹੁੰਚ ਚੁੱਕੀਆਂ ਹਨ।

ਦੋਸਤੋ, ਉੱਤਰ ਪ੍ਰਦੇਸ਼ ਪੁਲਿਸ ਪੰਜਾਬ ਦੇ ਕਿਹੜੇ ਜ਼ਿਲ੍ਹਿਆਂ ਦੇ ਕਿਹਨਾਂ ਸ਼ਹਿਰਾਂ ਵਿੱਚ ਛਾਪੇਮਾਰੀਆਂ ਕਰਨ ਜਾ ਰਹੀ ਹੈ? ਉਹਨਾਂ ਦੇ ਹੱਥ ਲੱਗੇ ਸਬੂਤ ਕਿੰਨੇ ਕੁ ਠੋਸ ਤੇ ਕਾਰਗਰ ਹਨ, ਜਿਹਨਾਂ ਦੇ ਬਲਬੂਤੇ ਤੇ ਉਹ ਪੰਜਾਬ ਦੀ ਧਰਤੀ ਤੇ ਪੈਰ ਰੱਖ਼ਣ ਜਾ ਰਹੇ ਹਨ? ਇਹ ਸਾਰੇ ਸਵਾਲਾਂ ਦੇ ਜਵਾਬ ਅਜੇ ਭਵਿੱਖ਼ ਦੇ ਗਰਭ ਵਿੱਚ ਪਲ ਰਹੇ ਹਨ, ਪਰ ਇੰਨਾ ਜ਼ਰੂਰ ਹੈ ਕਿ, ਵਿਕਾਸ ਦੂਬੇ ਦੇ ਤਾਰ ਪੰਜਾਬ ਨਾਲ ਜੁੜਨੇ, ਸਾਡੇ ਸੂਬੇ ਲਈ ਖ਼ਤਰੇ ਦੀ ਘੰਟੀ ਜ਼ਰੂਰ ਸਾਬਤ ਹੋ ਸਕਦੇ ਹਨ? ਅਗਰ ਯੂ.ਪੀ. ਪੁਲਿਸ ਦੀ ਛਾਪੇਮਾਰੀ ਸਫ਼ਲ ਸਾਬਤ ਹੁੰਦੀ ਹੈ ਤਾਂ, ਇਹ ਸੂਬਾ ਪੁਲਿਸ ਅਤੇ ਇਸਦੇ ਖ਼ੁਫ਼ੀਆ ਤੰਤਰ ਦੀਆਂ ਕਾਰਜਕੁਸ਼ਲਤਾ ਅਤੇ ਕਾਰਗੁਜ਼ਾਰੀਆਂ ਤੇ ਇੱਕ ਬਹੁਤ ਵੱਡਾ ਪ੍ਰਸ਼ਨ ਚਿੰਨ੍ਹ ਸਾਬਤ ਹੋਵੇਗੀ।

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।