ਕੀ ਚਿੱਟੇ ਨਾਲ ਮਰਨ ਵਾਲਿਆਂ ਦੇ ਘਰ ਵੀ ਸਰਕਾਰ ਭੇਜੇਗੀ ਲੱਖ-ਲੱਖ ਰੁਪਏ? (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Aug 01 2020 17:38
Reading time: 2 mins, 26 secs

ਪੰਜਾਬ ਦੇ ਤਿੰਨ ਸਰਹੱਦੀ ਜ਼ਿਲ੍ਹਿਆਂ ਦੇ ਅੰਦਰ ਰੂੜੀ ਮਾਰਕਾ ਪੀਣ ਦੇ ਨਾਲ ਕਰੀਬ ਚਾਰ ਦਰਜਨ ਤੋਂ ਵੱਧ ਲੋਕਾਂ ਦੀ ਮੌਤ ਹੋ ਜਾਣ ਦੀ ਖ਼ਬਰ ਨੇ ਪੂਰਾ ਪੰਜਾਬ ਹਿਲਾ ਕੇ ਰੱਖ ਦਿੱਤਾ ਹੈ। ਜਿਵੇਂ ਲੋਕਾਂ ਦੀਆਂ ਪਹਿਲੋਂ ਚਿੱਟੇ ਨਾਲ ਮਰਨ ਦੀਆਂ ਖ਼ਬਰਾਂ ਸਾਹਮਣੇ ਆਉਂਦੀਆਂ ਸਨ, ਬਿਲਕੁਲ ਉਸੇ ਤਰ੍ਹਾਂ ਦੀ ਪਿਛਲੇ ਤਿੰਨ ਦਿਨਾਂ ਦੇ ਅੰਦਰ-ਅੰਦਰ ਨਜਾਇਜ਼ ਸ਼ਰਾਬ ਪੀਣ ਦੇ ਨਾਲ ਵੀ ਲੋਕਾਂ ਦੀ ਮੌਤ ਹੋ ਜਾਣ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਦੂਜੇ ਪਾਸੇ ਜ਼ਿਆਦਾ ਸ਼ਰਾਬ ਦਾ ਸੇਵਨ ਕਰਨ ਵਾਲਿਆਂ ਨੂੰ ਡਰ ਪੈ ਗਿਆ ਹੈ, ਕਿ ਜਿਹੜੀਆਂ ਮੌਤਾਂ ਸ਼ਰਾਬ ਪੀਣ ਦੇ ਨਾਲ ਹੋਈਆਂ ਹਨ, ਕਿਤੇ ਹੋਰ ਨਾ ਹੋ ਜਾਣ।

ਖ਼ੈਰ, ਪੰਜਾਬ ਸਰਕਾਰ ਦੇ ਵੱਲੋਂ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਮਰਨ ਵਾਲਿਆਂ ਦੇ ਪਰਿਵਾਰਾਂ ਨੂੰ ਇੱਕ-ਇੱਕ ਲੱਖ ਰੁਪਏ ਅਤੇ ਬਿਮਾਰਾਂ ਦੇ ਮੁਫ਼ਤ ਇਲਾਜ ਕਰਨ ਦਾ ਐਲਾਨ ਕਰ ਦਿੱਤਾ ਹੈ। ਜ਼ਹਿਰੀਲੀ ਸ਼ਰਾਬ ਪੀਣ ਦੇ ਕਾਰਨ ਹੋਈਆਂ ਮੌਤਾਂ ਤੋਂ ਬਾਅਦ ਹੁਣ ਇਹ ਵੀ ਸਵਾਲ ਉੱਠਣੇ ਸ਼ੁਰੂ ਹੋ ਗਏ ਹਨ ਕਿ ਕੀ ਸੂਬਾ ਸਰਕਾਰ ਚਿੱਟੇ ਦੇ ਨਾਲ ਮਰਨ ਵਾਲੇ ਮੁੰਡੇ ਕੁੜੀਆਂ ਦੇ ਪਰਿਵਾਰਾਂ ਨੂੰ ਵੀ ਲੱਖ-ਲੱਖ ਰੁਪਏ ਦਾ ਮੁਆਵਜ਼ਾ ਦੇਵੇਗੀ? ਕਿਉਂਕਿ ਸ਼ਰਾਬ ਵੀ ਤਾਂ ਇੱਕ ਨਸ਼ਾ ਹੈ ਅਤੇ ਚਿੱਟਾ ਵੀ ਇੱਕ ਨਸ਼ਾ ਹੈ। ਜੇਕਰ ਦੋਵੇਂ ਨਸ਼ੇ ਹਨ ਤਾਂ, ਮਰਨ ਵਾਲਿਆਂ ਦੇ ਨਾਲ ਵਿੱਤਕਰਾ ਕਿਉਂ?

ਦੱਸਣਾ ਬਣਦਾ ਹੈ ਕਿ ਅੱਜ ਖ਼ਬਰ ਇਹ ਸਾਹਮਣੇ ਆਈ ਹੈ ਕਿ ਹਲਕਾ ਜੰਡਿਆਲਾ ਗੁਰੂ ਅਧੀਨ ਪੈਂਦੇ ਪਿੰਡ ਮੁੱਛਲ ਵਿਖੇ ਬੀਤੇ ਦਿਨੀਂ ਜ਼ਹਿਰੀਲੀ ਸ਼ਰਾਬ ਪੀਣ ਨਾਲ ਮਾਰੇ ਗਏ 11 ਵਿਅਕਤੀਆਂ ਦੇ ਪਰਿਵਾਰਾਂ ਨਾਲ ਦੁੱਖ ਸਾਂਝਾ ਕਰਨ ਲਈ ਪੰਜਾਬ ਸਰਕਾਰ ਵੱਲੋਂ ਮੈਂਬਰ ਪਾਰਲੀਮੈਂਟ ਜਸਬੀਰ ਸਿੰਘ ਡਿੰਪਾ, ਹਲਕਾ ਵਿਧਾਇਕ ਸੁਖਵਿੰਦਰ ਸਿੰਘ ਡੈਨੀ ਬੰਡਾਲਾ ਪਹੁੰਚੇ। ਜਦਕਿ ਐੱਸ.ਐੱਸ. ਪੀ ਅੰਮ੍ਰਿਤਸਰ ਦਿਹਾਤੀ ਧਰੁਵ ਦਾਹੀਆ, ਐੱਸ.ਡੀ.ਐਮ. ਵੀ ਮੌਕੇ 'ਤੇ ਮੌਜ਼ੂਦ ਰਹੇ, ਜਿਨ੍ਹਾਂ ਨੇ ਮ੍ਰਿਤਕ ਵਿਅਕਤੀਆਂ ਦੇ ਪਰਿਵਾਰਾਂ ਨਾਲ ਦੁੱਖ ਸਾਂਝਾ ਕੀਤਾ।

ਜਾਣਕਾਰੀ ਲਈ ਦੱਸ ਦਈਏ ਕਿ ਪੰਜਾਬ ਸਰਕਾਰ ਤੋਂ ਮੈਂਬਰ ਪਾਰਲੀਮੈਂਟ ਜਸਬੀਰ ਸਿੰਘ ਡਿੰਪਾ ਵੱਲੋਂ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਇੱਕ-ਇੱਕ ਲੱਖ ਰੁਪਏ ਅਤੇ ਜੋ ਬਿਮਾਰ ਪਏ ਹਨ ਉਨ੍ਹਾਂ ਦਾ ਇਲਾਜ ਮੁਫ਼ਤ ਕਰਨ ਦਾ ਐਲਾਨ ਕਰਦਿਆਂ ਹੋਇਆਂ ਸ਼ਰਾਬ ਸਮਗਲਰਾਂ ਦੇ ਵਿਰੁੱਧ ਸਖ਼ਤ ਕਾਰਵਾਈ ਦਾ ਭਰੋਸਾ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਦਿਵਾਇਆ ਗਿਆ। ਦੱਸਣਾ ਬਣਦਾ ਹੈ ਕਿ ਚਿੱਟੇ ਦੇ ਨਾਲ ਪੰਜਾਬ ਦੇ ਵਿੱਚ ਸੈਂਕੜੇ ਹੀ ਨੌਜਵਾਨ ਪਿਛਲੇ ਕੁਝ ਹੀ ਸਾਲਾਂ ਦੌਰਾਨ ਮਰੇ ਹਨ। ਕਿਸੇ ਵੀ ਨੌਜਵਾਨ ਦੇ ਘਰ ਸਰਕਾਰ ਨੇ ਮੁਆਵਜ਼ੇ ਦਾ ਚੈੱਕ ਨਹੀਂ ਘੱਲਿਆ।

ਅਸਲ ਦੇ ਵਿੱਚ ਪੰਜਾਬ ਸਰਕਾਰ ਨੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਲੱਖ-ਲੱਖ ਰੁਪਏ ਦਾ ਮੁਆਵਜ਼ਾ ਦੇ ਕੇ ਨਵਾਂ ਸਿਆਪਾ ਖੜ੍ਹਾ ਕਰ ਦਿੱਤਾ ਹੈ। ਮੰਨ ਲਿਆ ਜਾਵੇ ਕਿ ਜੇਕਰ ਪੰਜਾਬ ਦੇ ਅੰਦਰ ਹੋਰ ਵੀ ਲੋਕ ਸ਼ਰਾਬ ਪੀਣ ਦੇ ਕਾਰਨ ਚੜਾਈ ਕਰ ਜਾਂਦੇ ਹਨ ਤਾਂ ਕੀ ਸਰਕਾਰ ਉਨ੍ਹਾਂ ਦੇ ਬੋਝਿਆਂ ਵਿੱਚ ਵੀ ਲੱਖ-ਲੱਖ ਰੁਪਏ ਘੱਤ ਦੇਵੇਗੀ? ਸਰਕਾਰ ਨੂੰ ਸੋਚਣਾ ਚਾਹੀਦਾ ਹੈ, ਕਿਸਾਨਾਂ, ਮਜ਼ਦੂਰਾਂ ਦੀ ਹਾਲਤ ਇਸ ਵੇਲੇ ਦਿਨ ਪ੍ਰਤੀ ਦਿਨ ਬਦ ਤੋਂ ਬਦਤਰ ਹੁੰਦੀ ਜਾ ਰਹੀ ਹੈ, ਉਸ ਵੱਲ ਵੀ ਖਿਆਲ ਕਰਨਾ ਚਾਹੀਦਾ ਹੈ। ਹੋਰ ਤੇ ਹੋਰ ਮੁਲਾਜ਼ਮਾਂ ਨੂੰ ਸਰਕਾਰ ਸਮੇਂ ਸਿਰ ਤਨਖ਼ਾਹਾਂ ਤਾਂ ਦੇ ਨਹੀਂ ਪਾ ਰਹੀ ਅਤੇ ਭੱਤਿਆਂ ਵਿੱਚ ਵੀ ਕਟੌਤੀ ਕਰ ਰਹੀ ਹੈ। ਸ਼ਰਾਬ ਪੀਣ ਨਾਲ ਮਰਨ ਵਾਲਿਆਂ ਦੇ ਘਰ ਭਰਨ ਦੀ ਲੋੜ ਹੈ ਜਾਂ ਫਿਰ ਸ਼ਰਾਬ ਦਾ ਧੰਦਾ ਪੱਕੇ ਤੌਰ 'ਤੇ ਬੰਦ ਕਰਵਾਉਣ ਦੀ ਲੋੜ ਹੈ, ਸਵਾਲ ਤਾਂ ਇਹ ਹੁਣ ਕਰਨਾ ਵਾਲਾ ਬਣਦਾ ਹੈ?

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।