ਖ਼ੂਫ਼ੀਆ ਅਤੇ ਸੁਰੱਖਿਆ ਏਜੰਸੀਆਂ ਦੀ ਨੀਂਦ ਉਡਾ ਰਹੀ ਹੈ ਦਰਿਆ ਰਾਹੀਂ ਭਾਰਤ ਪੁੱਜਦੀ ਹੈਰੋਇਨ !!! (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Aug 01 2020 17:06
Reading time: 2 mins, 9 secs

ਬੇਸ਼ੱਕ ਪਾਕਿਸਤਾਨ ਨੂੰ ਨਸ਼ੇ ਦਾ ਗੜ੍ਹ ਮੰਨਿਆ ਜਾਂਦਾ ਹੈ, ਪਰ ਬਾਵਜੂਦ ਇਸਦੇ ਪਾਕਿਸਤਾਨ ਦੇ ਵਿੱਚ ਨਸ਼ੇ ਦੇ ਕਾਰਨ ਓਨੀਆਂ ਮੌਤਾਂ ਨਹੀਂ ਹੋ ਰਹੀਆਂ, ਜਿੰਨੀਆਂ ਨਸ਼ੇ ਦੇ ਨਾਲ ਭਾਰਤ ਦੇ ਅੰਦਰ ਹੋ ਰਹੀਆਂ ਹਨ। ਲਗਾਤਾਰ ਪੰਜਾਬ ਦੇ ਵਿੱਚ ਨਸ਼ੇ ਦੇ ਸੇਵਨ ਨਾਲ ਹੋ ਰਹੀਆਂ ਮੌਤਾਂ, ਜਿੱਥੇ ਸਰਕਾਰਾਂ 'ਤੇ ਸਵਾਲ ਚੁੱਕ ਰਹੀਆਂ ਹਨ, ਉੱਥੇ ਹੀ ਮਰੀ ਜ਼ਮੀਰ ਵਾਲੇ ਲੀਡਰਾਂ ਨੂੰ ਵੀ ਸਵਾਲ ਪੁੱਛ ਰਹੀਆਂ ਹਨ। ਕੈਪਟਨ ਅਮਰਿੰਦਰ ਸਿੰਘ ਨੇ ਸੱਤਾ ਵਿੱਚ ਆਉਣ ਤੋਂ ਪਹਿਲੋਂ ਵਾਅਦਾ ਕੀਤਾ ਸੀ ਕਿ ਜੇਕਰ ਉਨ੍ਹਾਂ ਦੀ ਸਰਕਾਰ ਸੱਤਾ ਵਿੱਚ ਆਉਂਦੀ ਹੈ ਤਾਂ, ਸਭ ਨਸ਼ੇ 4 ਹਫ਼ਤਿਆਂ ਦੇ ਅੰਦਰ-ਅੰਦਰ ਬੰਦ ਕਰ ਦਿੱਤੇ ਜਾਣਗੇ।

ਪਰ, ਇਸਦੇ ਉਲਟ ਕੈਪਟਨ ਦੇ ਸੱਤਾ ਵਿੱਚ ਆਉਣ ਤੋਂ ਮਗਰੋਂ ਨਸ਼ੇ ਬੰਦ ਹੋਣ ਦੀ ਬਜਾਏ, ਸਗੋਂ ਵਧਦੇ ਜਾ ਰਹੇ ਹਨ, ਜੋ ਕਿ ਸਾਡੇ ਸਿਸਟਮ 'ਤੇ ਕਈ ਸਵਾਲ ਕਰ ਰਹੇ ਹਨ। ਦਰਅਸਲ, ਨਸ਼ਾ ਪਾਕਿਸਤਾਨ ਤੋਂ ਆ ਰਿਹਾ ਹੈ, ਇਹ ਦੋਸ਼ ਪਿਛਲੇ ਲੰਮੇ ਸਮੇਂ ਤੋਂ ਸਰਕਾਰੀ ਅਧਿਕਾਰੀ ਅਤੇ ਲੀਡਰ ਲਗਾਉਂਦੇ ਆ ਰਹੇ ਹਨ। ਪਰ ਸਵਾਲ ਇਹ ਹੈ ਕਿ ਪਾਕਿਸਤਾਨ ਤੋਂ ਭਾਰਤ ਦੇ ਅੰਦਰ ਨਸ਼ਾ ਲਿਆਉਣ ਵਾਲੇ ਲੋਕਾਂ ਦੇ ਖ਼ਿਲਾਫ਼ ਸੁਰੱਖਿਆ ਏਜੰਸੀਆਂ, ਖੂਫੀਆ ਏਜੰਸੀਆਂ ਕਿਉਂ ਕਾਰਵਾਈ ਨਹੀਂ ਕਰ ਰਹੀਆਂ? ਲਗਾਤਾਰ ਪਾਕਿਸਤਾਨ ਤੋਂ ਨਸ਼ਾ ਸਤਲੁਜ ਦਰਿਆ ਦੇ ਰਸਤੇ ਭਾਰਤ ਦੇ ਅੰਦਰ ਪੁੱਜ ਰਿਹਾ ਹੈ।

ਇਹ ਨਸ਼ਾ ਜਿੱਥੇ ਖੂਫ਼ੀਆ ਏਜੰਸੀਆਂ ਅਤੇ ਸੁਰੱਖਿਆ ਏਜੰਸੀਆਂ ਦੀ ਨੀਂਦ ਉਡਾ ਰਿਹਾ ਹੈ, ਉੱਥੇ ਹੀ ਦੂਜੇ ਪਾਸੇ ਭਾਰਤ ਦੇ ਅੰਦਰ ਨਸ਼ੇ ਨੂੰ ਕਿਵੇਂ ਬੰਦ ਕੀਤਾ ਜਾਵੇ, ਇਸ ਬਾਰੇ ਵੀ ਡੁੰਘਾਈ ਨਾਲ ਕੋਈ ਨਹੀਂ ਸੋਚ ਰਿਹਾ। ਨਸ਼ਾ ਬਾਰਡਰ ਪਾਰੋਂ ਜੋ ਆ ਰਿਹਾ ਹੈ, ਇਸ ਨੇ ਖੂਫ਼ੀਆ ਏਜੰਸੀਆਂ ਅਤੇ ਸੁਰੱਖਿਆ ਏਜੰਸੀਆਂ ਨੂੰ ਇਹ ਸੋਚਣ ਲਈ ਮਜ਼ਬੂਰ ਕਰ ਦਿੱਤਾ ਹੈ ਕਿ ਆਖ਼ਰ ਕਿਹੜੇ ਉਹ ਭਾਰਤੀ ਤਸਕਰ ਹਨ, ਜੋ ਚੁੱਪ ਚੁਪੀਤੇ ਪਾਕਿਸਤਾਨ ਤੋਂ ਨਸ਼ਾ ਮੰਗਵਾ ਕੇ ਭਾਰਤ ਦੇ ਅੰਦਰ ਵੰਡ ਦਿੰਦੇ ਹਨ?

ਖ਼ੈਰ, ਅੱਜ ਇੱਕ ਜਾਣਕਾਰੀ ਸਾਹਮਣੇ ਆਈ ਹੈ ਕਿ ਪਾਕਿਸਤਾਨ ਵੱਲੋਂ ਸਤਲੁਜ ਦਰਿਆ ਰਾਹੀਂ ਭਾਰਤ ਵਿੱਚ ਕਰੀਬ ਤਿੰਨ ਕਿੱਲੋ ਹੈਰੋਇਨ ਘੱਲੀ ਗਈ। ਉਕਤ ਹੈਰੋਇਨ ਨੂੰ ਸਰਹੱਦ 'ਤੇ ਤਾਇਨਾਤ ਸਰਹੱਦੀ ਸੁਰੱਖਿਆ ਬਲ ਦੇ ਜਵਾਨਾਂ ਦੇ ਵੱਲੋਂ ਬਰਾਮਦ ਕਰ ਲੈਣ ਦਾ ਦਾਅਵਾ ਵੀ ਕੀਤਾ ਜਾ ਰਿਹਾ ਹੈ, ਪਰ ਸਵਾਲ ਇਹ ਉੱਠਦਾ ਹੈ ਕਿ ਸਰਹੱਦੀ ਸੁਰੱਖਿਆ ਬਲ ਦੇ ਜਵਾਨਾਂ ਦੀ ਕਥਿਤ ਤੌਰ 'ਤੇ ਮਿਲੀਭੁਗਤ ਪਿਛਲੇ ਸਮੇਂ ਦੌਰਾਨ ਸਾਹਮਣੇ ਆਈ ਸੀ, ਹੁਣ ਕੀ ਇਹ ਬਰਾਮਦ ਹੋਈ ਹੈਰੋਇਨ ਬਾਰੇ ਕੋਈ ਜਾਂਚ ਏਜੰਸੀ ਬੈਠੇਗੀ?

ਸਤਲੁਜ ਦਰਿਆ ਦੇ ਰਸਤੇ ਭਾਰਤ ਦੇ ਅੰਦਰ ਭੇਜੀ ਗਈ 2 ਕਿੱਲੋ 980 ਗ੍ਰਾਮ ਹੈਰੋਇਨ ਬੀ.ਐੱਸ.ਐਫ ਦੀ 136 ਬਟਾਲੀਅਨ ਦੀ ਬੋਟ ਨਾਕਾ ਪਾਰਟੀ ਨੇ 2 ਪਲਾਸਟਿਕ ਦੀਆਂ ਬੋਤਲਾਂ ਵਿੱਚ ਪਾਈ ਬਰਾਮਦ ਕੀਤੀ ਹੈ। ਸਰਹੱਦੀ ਸੁਰੱਖਿਆ ਬਲ ਦੇ ਅਧਿਕਾਰੀਆਂ ਦਾ ਦਾਅਵਾ ਹੈ ਕਿ ਬਰਾਮਦ ਕੀਤੀ ਗਈ ਹੈਰੋਇਨ ਦੀ ਕੌਮਾਂਤਰੀ ਬਾਜ਼ਾਰ ਵਿੱਚ ਕੀਮਤ 15 ਕਰੋੜ ਰੁਪਏ ਹੈ। ਹਾਲਾਂਕਿ ਦੂਜੇ ਪਾਸੇ ਸੁਰੱਖਿਆ ਏਜੰਸੀਆਂ ਅਤੇ ਖੂਫੀਆ ਏਜੰਸੀਆਂ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ ਕਿ ਇਹ ਹੈਰੋਇਨ ਆਖ਼ਰ ਭਾਰਤ ਦੇ ਕਿਹੜੇ ਤਸਕਰ ਤੱਕ ਪੁੱਜਣੀ ਸੀ।

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।