ਕੋਰੋਨਾ ਸੰਕਟ ਦੌਰਾਨ ਸਰਕਾਰ ਨੇ 413 ਛੱਪੜਾਂ ਦੀ ਸਫਾਈ 'ਤੇ ਖਰਚ ਕੀਤੇ 3.40 ਕਰੋੜ

Last Updated: Aug 01 2020 16:28
Reading time: 1 min, 38 secs

ਪੇਂਡੂ ਖੇਤਰਾਂ ਵਿੱਚ ਜਲ ਸਰੋਤਾਂ ਦੀ ਸੰਭਾਲ ਅਤੇ ਕੋਰੋਨਾ ਸੰਕਟ ਕਾਰਨ ਬੇਰੁਜ਼ਗਾਰੀ ਕਾਰਨ ਪੈਦਾ ਹੋਈਆਂ ਮੁਸ਼ਕਲਾਂ ਨੂੰ ਘਟਾਉਣ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ 3.40 ਕਰੋੜ ਰੁਪਏ ਦੀ ਲਾਗਤ ਨਾਲ ਫਿਰੋਜ਼ਪੁਰ ਵਿੱਚ 413 ਪੇਂਡੂ ਛੱਪੜਾਂ ਦੀ ਸਫਾਈ ਦਾ ਕੰਮ ਮੁਕੰਮਲ ਕਰਵਾਇਆ ਗਿਆ ਹੈ। ਵਿਸਥਾਰਪੂਰਵਕ ਜਾਣਕਾਰੀ ਦਿੰਦੇ ਹੋਏ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਰਵਿੰਦਰਪਾਲ ਸਿੰਘ ਸੰਧੂ ਨੇ ਦੱਸਿਆ ਕਿ ਸਰਕਾਰ ਦੀਆਂ ਹਦਾਇਤਾਂ 'ਤੇ ਮਈ ਮਹੀਨੇ ਵਿੱਚ ਇੱਕ ਸਫਾਈ ਮੁਹਿੰਮ ਚਲਾਈ ਗਈ ਸੀ, ਜੋ ਕਿ ਤਿੰਨ ਮਹੀਨਿਆਂ ਵਿੱਚ ਮੁਕੰਮਲ ਕਰ ਲਈ ਗਈ।

ਉਨ੍ਹਾਂ ਕਿਹਾ ਕਿ ਇਸ ਪ੍ਰਾਜੈਕਟ ਰਾਹੀਂ ਪੇਂਡੂ ਖੇਤਰਾਂ ਦੇ ਬੇਰੁਜ਼ਗਾਰਾਂ ਨੂੰ ਕਾਫ਼ੀ ਰਾਹਤ ਮਿਲੀ ਹੈ ਕਿਉਂਕਿ ਮੁਹਿੰਮ ਦੇ ਤਹਿਤ ਲੋਕਾਂ ਨੂੰ 79324 ਦਿਹਾੜੀਆਂ ਮਗਨਰੇਗਾ ਤਹਿਤ ਮੁਹੱਈਆ ਕਰਵਾਈਆਂ ਗਈਆਂ, ਜੋ ਕਿ ਇਸ ਸੰਕਟ ਦੀ ਘੜੀ ਵਿੱਚ ਇੱਕ ਰਾਹਤ ਦਾ ਕਦਮ ਸੀ। ਏਡੀਸੀ ਨੇ ਦੱਸਿਆ ਕਿ ਮਾਨਸੂਨ ਸੀਜ਼ਨ ਤੋਂ ਪਹਿਲਾਂ-ਪਹਿਲਾਂ ਛੱਪੜਾਂ ਦੀ ਡੀ. ਵਾਟਰਿੰਗ ਅਤੇ ਡੀ. ਸਿਲਟਿੰਗ ਦਾ ਕੰਮ ਪੂਰਾ ਕਰਵਾਇਆ ਗਿਆ ਤਾਂ ਜੋ ਬਰਸਾਤੀ ਪਾਣੀ ਨੂੰ ਸੰਭਾਲ ਤੇ ਧਰਤੀ ਹੇਠਲੇ ਪਾਣੀ ਦੇ ਪੱਧਰ ਨੂੰ ਰੀਚਾਰਜ ਕਰਨ ਦੇ ਕੰਮ ਵਿੱਚ ਮਦਦ ਮਿਲ ਸਕੇ।  

ਉਨ੍ਹਾਂ ਦੱਸਿਆ ਕਿ ਧਰਤੀ ਹੇਠਲੇ ਪਾਣੀ ਦੇ ਪੱਧਰ ਨੂੰ ਰੀਚਾਰਜ ਕਰਨ ਤੋਂ ਇਲਾਵਾ, ਇਨ੍ਹਾਂ ਛੱਪੜਾਂ ਦੀ ਵਰਤੋਂ ਮੱਛੀ ਪਾਲਣ ਅਤੇ ਖੇਤੀਬਾੜੀ ਉਦੇਸ਼ਾਂ ਦੀ ਪੂਰਤੀ ਦੇ ਲਈ ਵੀ ਕੀਤੀ ਜਾ ਸਕਦੀ ਹੈ ਅਤੇ ਨਾਲ ਹੀ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਵੱਲੋਂ ਜਾਰੀ ਨਿਰਦੇਸ਼ਾਂ ਦੀ ਪਾਲਣਾ ਕਰਕੇ ਇਨ੍ਹਾਂ ਦੀ ਸਫਾਈ ਕਰਵਾਉਣੀ ਲਾਜ਼ਮੀ ਸੀ। ਵਧੇਰੇ ਜਾਣਕਾਰੀ ਦਿੰਦਿਆਂ ਡੀਡੀਪੀਓ ਫਿਰੋਜ਼ਪੁਰ ਸ੍ਰੀ ਹਰਜਿੰਦਰ ਸਿੰਘ ਨੇ ਦੱਸਿਆ ਕਿ ਦਿਹਾਤੀ ਵਿਕਾਸ ਅਤੇ ਪੰਚਾਇਤ ਵਿਭਾਗ ਵੱਲੋਂ ਜਾਰੀ ਕੀਤੀਆਂ ਹਦਾਇਤਾਂ ਦੀ ਪਾਲਣਾ ਕਰਦਿਆਂ ਗੁਰੂਹਰਸਹਾਏ ਬਲਾਕ ਦੇ 75, ਮਮਦੋਟ ਦੇ 74, ਫਿਰੋਜ਼ਪੁਰ ਦੇ 73, ਘੱਲਾਖੁਰਦ ਦੇ 65, ਜੀਰਾ ਦੇ 46 ਅਤੇ ਮਖੂ ਬਲਾਕ ਦੇ 80 ਛੱਪੜਾਂ ਦੀ ਸਾਫ-ਸਫਾਈ ਦਾ ਕੰਮ ਸ਼ੁਰੂ ਕੀਤਾ ਗਿਆ ਸੀ।  

ਇਨ੍ਹਾਂ ਸਾਰੇ ਛੱਪੜਾਂ ਦੀ ਸਫਾਈ ਲਈ 3.20 ਕਰੋੜ ਰੁਪਏ ਖਰਚ ਕੀਤੇ ਗਏ ਹਨ, ਜਿਨ੍ਹਾਂ ਵਿੱਚੋਂ 58.20 ਲੱਖ ਰੁਪਏ ਗੁਰੂਹਰਸਹਾਏ ਵਿੱਚ, ਮਮਦੋਟ ਵਿੱਚ 39.07 ਲੱਖ ਰੁਪਏ, ਫਿਰੋਜ਼ਪੁਰ ਵਿੱਚ 54.40 ਲੱਖ ਰੁਪਏ, ਘੱਲਖੁਰਦ ਵਿੱਚ 90.87 ਲੱਖ ਰੁਪਏ, ਜੀਰਾ ਵਿੱਚ 22.23 ਲੱਖ ਰੁਪਏ ਅਤੇ ਮਖੂ ਬਲਾਕ ਵਿੱਚ 55.50 ਲੱਖ ਰੁਪਏ ਖਰਚ ਕੀਤੇ ਗਏ ਹਨ। ਇਸੇ ਤਰ੍ਹਾਂ ਮਾਹਰਾਂ ਦੀ ਤਕਨੀਕੀ ਸਹਾਇਤਾ ਲੈਣ ਲਈ 20.33 ਲੱਖ ਰੁਪਏ ਖਰਚ ਕੀਤੇ ਗਏ ਹਨ।

ਡੀਡੀਪੀਓ ਨੇ ਅੱਗੇ ਦੱਸਿਆ ਕਿ ਇਸ ਪ੍ਰਾਜੈਕਟ ਦੇ ਰਾਹੀਂ ਜ਼ਰੂਰਤਮੰਦ ਲੋਕਾਂ ਨੂੰ 79,324 ਦਿਹਾੜੀਆਂ ਮੁਹੱਈਆ ਕਰਵਾਈ ਗਈ, ਜਿਨ੍ਹਾਂ ਵਿੱਚ 21,220 ਦਿਹਾੜੀਆਂ ਗੁਰੂਹਰਸਹਾਏ ਬਲਾਕ, 3500 ਮਮਦੋਟ, 5651 ਫਿਰੋਜ਼ਪੁਰ, 29723 ਘੱਲਖੁਰਦ, 6250 ਜੀਰਾ ਅਤੇ ਮਖੂ ਬਲਾਕ ਵਿੱਚ 12890 ਦਿਹਾੜੀਆਂ ਮੁਹੱਈਆ ਕਰਵਾਈਆਂ ਗਈਆਂ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸੰਕਟ ਦੀ ਇਸ ਘੜੀ ਵਿੱਚ ਲੋਕਾਂ ਦੀ ਸਹਾਇਤਾ ਲਈ ਪੂਰੀ ਤਰ੍ਹਾਂ ਵਚਨਬੱਧ ਹੈ, ਨਾਲ ਹੀ ਪੇਂਡੂ ਖੇਤਰਾਂ ਵਿੱਚ ਵਿਕਾਸ ਕਾਰਜਾਂ ਨੂੰ ਲਗਾਤਾਰ ਅੱਗੇ ਵਧਾਇਆ ਜਾ ਰਿਹਾ ਹੈ।

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।