ਕੀ, ਨਜਾਇਜ਼ ਖੁੱਲ੍ਹੇ ਠੇਕਿਆਂ 'ਤੇ ਵੀ ਹੋਵੇਗੀ ਕਾਰਵਾਈ !!! (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Aug 01 2020 12:39
Reading time: 1 min, 40 secs

ਪੰਜਾਬ ਦੇ ਤਿੰਨ ਜ਼ਿਲ੍ਹਿਆਂ 'ਚ ਨਕਲੀ ਸ਼ਰਾਬ ਦਾ ਸੇਵਨ ਕਰਨ ਤੋਂ ਬਾਅਦ ਜਿਸ ਤਰ੍ਹਾਂ ਹੁਣ ਤੱਕ 48 ਵਿਅਕਤੀਆਂ ਦੀ ਮੌਤ ਹੋਣ ਦੀ ਖ਼ਬਰ ਹੈ ਉਸਨੇ ਸਰਕਾਰ, ਮਹਿਕਮਾ ਐਕਸਾਈਜ਼ ਅਤੇ ਪੁਲਿਸ ਦੀ ਕਾਰਜਪ੍ਰਣਾਲੀ 'ਤੇ ਕਈ ਤਰ੍ਹਾਂ ਦੇ ਸਵਾਲ ਖੜੇ ਕਰ ਦਿੱਤੇ ਹਨ। ਬੇਸ਼ੱਕ ਇਸ ਮਾਮਲੇ 'ਚ ਸਰਕਾਰ ਨੇ ਇਸ ਪੂਰੇ ਮਾਮਲੇ 'ਤੇ ਜਾਂਚ ਦੇ ਹੁਕਮ ਜਾਰੀ ਕਰ ਦਿੱਤੇ ਹਨ ਪਰ ਮਾਮਲਾ ਬੇਹੱਦ ਗੰਭੀਰ ਹੋਣ ਕਰਕੇ ਵਿਰੋਧੀ ਪਾਰਟੀਆਂ ਨੇ ਸਰਕਾਰ ਨੂੰ ਇਸ ਤੇ ਘੇਰ ਲਿਆ ਹੈ।

ਹੁਣ ਇਸਦੇ ਨਾਲ ਹੀ ਇੱਕ ਹੋਰ ਮਾਮਲਾ ਵੀ ਸਾਹਮਣੇ ਆ ਗਿਆ ਹੈ ਜੋ ਸ਼ਰਾਬ ਕਾਰੋਬਾਰ ਨਾਲ ਹੀ ਜੁੜਿਆ ਹੋਇਆ ਹੈ। ਬੇਸ਼ੱਕ ਸਰਕਾਰ ਨੇ ਕੋਵਿਡ-19 ਦੇ ਲਾਕਡਾਊਨ ਦੌਰਾਨ ਸਰਕਾਰ ਦੇ ਖ਼ਜ਼ਾਨੇ ਨੂੰ ਪਈ ਮਾਰ ਨੂੰ ਦੁਰ ਕਰਨ ਲਈ ਸ਼ਰਾਬ ਠੇਕੇਦਾਰਾਂ ਨੂੰ ਠੇਕੇ ਖੋਲ੍ਹਣ ਦੀ ਇਜਾਜ਼ਤ ਦੇਣ ਦੇ ਨਾਲ-ਨਾਲ ਪੁਲਿਸ ਨੂੰ ਸਖ਼ਤ ਹਦਾਇਤ ਕੀਤੀ ਕਿ ਸ਼ਰਾਬ ਦਾ ਨਜਾਇਜ਼ ਧੰਦਾ ਕਰਨ ਵਾਲਿਆਂ 'ਤੇ ਸਖ਼ਤੀ ਨਾਲ ਨਕੇਲ ਪਾਈ ਜਾਵੇ ਅਤੇ ਇਸਦਾ ਅਸਰ ਵੀ ਵੇਖਣ ਨੂੰ ਮਿਲਿਆ ਅਤੇ ਮਹਿਕਮਾ ਐਕਸਾਈਜ਼ ਅਤੇ ਪੁਲਿਸ ਨੇ ਜਿਸ ਤਰ੍ਹਾਂ ਨਾਲ ਸ਼ਰਾਬ ਤਸਕਰੀ ਦੇ ਧੰਦੇ ਨਾਲ ਜੁੜੇ ਲੋਕਾਂ ਨੂੰ ਕਾਬੂ ਕੀਤਾ ਅਤੇ ਉਨ੍ਹਾਂ ਖ਼ਿਲਾਫ਼ ਮੁਕੱਦਮੇ ਦਰਜ ਕੀਤੇ ਹਨ ਉਸਦਾ ਸਿਧਾ ਫ਼ਾਇਦਾ ਸ਼ਰਾਬ ਠੇਕੇਦਾਰਾਂ ਦੀ ਆਮਦਨ 'ਚ ਹੋਏ ਵਾਧੇ ਤੋਂ ਲਾਇਆ ਜਾ ਸਕਦਾ ਹੈ। ਸਰਕਾਰ ਦੇ ਖ਼ਜ਼ਾਨੇ ਨੂੰ ਵੀ ਇਸਦਾ ਪੂਰਾ ਫ਼ਾਇਦਾ ਹੋਇਆ ਹੈ।

ਪਰ ਸ਼ਰਾਬ ਠੇਕੇਦਾਰਾਂ 'ਤੇ ਸਰਕਾਰ ਦੀ ਇਸ ਮਿਹਰਬਾਨੀ, ਜੋ ਸਰਕਾਰ ਦੀ ਮਜਬੂਰੀ ਸੀ, ਦਾ ਲੱਗਦੈ ਠੇਕੇਦਾਰ ਨਜਾਇਜ਼ ਫ਼ਾਇਦਾ ਚੁੱਕ ਰਹੇ ਹਨ ਅਤੇ ਆਪਣੇ-ਆਪਣੇ ਸਰਕਲਾਂ 'ਚ ਮਨਜ਼ੂਰਸ਼ੁਦਾ ਠੇਕਿਆਂ ਤੋਂ ਇਲਾਵਾ ਨਜਾਇਜ਼ ਠੇਕੇ ਵੀ ਚਲਾਏ ਜਾ ਰਹੇ ਹਨ। ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਜਿੰਨੇ ਕੁ ਠੇਕੇ ਮਨਜ਼ੂਰਸ਼ੁਦਾ ਹਨ ਉਸਦੇ ਬਰਾਬਰ ਹੀ ਠੇਕੇ ਨਜਾਇਜ਼ ਤੌਰ 'ਤੇ ਚਲਾਏ ਜਾ ਰਹੇ ਹਨ, ਜਿਸਦੇ ਬਾਰੇ ਮਹਿਕਮਾ ਐਕਸਾਈਜ਼ ਦੇ ਅਫ਼ਸਰਾਂ ਨੂੰ ਪਤਾ ਹੋਣ ਦੇ ਬਾਵਜੂਦ ਕੋਈ ਕਾਰਵਾਈ ਨਹੀਂ ਹੁੰਦੀ ਹੈ ਤਾਂ ਤੁਸੀਂ ਖ਼ੁਦ ਅੰਦਾਜ਼ਾ ਲਾ ਹੀ ਸਕਦੈ ਹੋ ਕਿ ਮਾਮਲਾ ਗੜਬੜ ਹੈ। ਹੁਣ ਜਦੋਂ ਪੰਜਾਬ 'ਚ ਨਕਲੀ ਸ਼ਰਾਬ ਨਾਲ ਮਰਨ ਵਾਲਿਆਂ ਦਾ ਅੰਕੜਾ ਵਧਦਾ ਜਾ ਰਿਹਾ ਹੈ ਤਾਂ ਅਜਿਹੇ 'ਚ ਸਰਕਾਰ ਨੂੰ ਇਨ੍ਹਾਂ ਨਜਾਇਜ਼ ਠੇਕਿਆਂ ਖ਼ਿਲਾਫ਼ ਵੀ ਸਖ਼ਤ ਕਦਮ ਚੁੱਕਣੇ ਚਾਹੀਦਾ ਹੈ ਤਾਂ ਜੋ ਸਰਕਾਰ ਦੇ ਖ਼ਜ਼ਾਨੇ ਨੂੰ ਲਾਏ ਜਾ ਰਹੇ ਚੂਨੇ ਨੂੰ ਰੋਕਿਆ ਜਾ ਸਕੇ ਅਤੇ ਅੰਮ੍ਰਿਤਸਰ, ਬਟਾਲਾ ਅਤੇ ਤਰਨ ਤਾਰਨ ਜਿਹਾ ਕੋਈ ਹਾਦਸਾ ਨਾ ਵਾਪਰੇ।