ਅਮਿਤਾਭ ਬੱਚਨ ਤੋਂ ਇੱਕ ਨਜ਼ਰ ਹਟਾਓ ਅਤੇ ਏਧਰ ਨਜ਼ਰ ਲਗਾਓ !!! (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Jul 13 2020 17:33
Reading time: 3 mins, 11 secs

ਹਾਕਮ ਧਿਰ ਦੇ ਖ਼ਿਲਾਫ਼ ਬੋਲਣਾ, ਜਾਂ ਫਿਰ ਉਨ੍ਹਾਂ ਦੀ ਆਲੋਚਨਾ ਕਰਨਾ ਹੁਣ ਗੁਨਾਹ ਹੋ ਗਿਆ ਹੈ। ਸਾਡੇ ਦੇਸ਼ ਦੇ ਅੰਦਰ ਹੁਣ ਆਲੋਚਨਾ ਕਰਨਾ ਅੱਤਵਾਦੀ ਜਾਂ ਫਿਰ ਵੱਖਵਾਦੀ ਤੋਂ ਇਲਾਵਾ ਨਕਸਲਵਾਦੀ ਹੀ ਮੰਨਿਆ ਜਾਂਦਾ ਹੈ। ਹਾਕਮ ਧਿਰ ਨੂੰ ਬੇਸ਼ੱਕ ਆਪਣੇ ਕੀਤੇ ਸਾਰੇ ਕੰਮਾਂ ਦਾ ਪਤਾ ਵੀ ਹੈ, ਪਰ ਇਸ ਦੇ ਬਾਵਜੂਦ ਵੀ ਉਹ ਖ਼ੁਲਾਸੇ ਕਰਨ ਵਾਲੇ ਇਨਕਲਾਬੀਆਂ ਅਤੇ ਕ੍ਰਾਂਤੀਕਾਰੀਆਂ 'ਤੇ ਮੁਕੱਦਮੇ ਦਰਜ ਕਰਕੇ, ਉਨ੍ਹਾਂ ਨੂੰ ਜੇਲ੍ਹਾਂ ਦੇ ਅੰਦਰ ਸੁੱਟ ਰਹੀ ਹੈ। ਇਨਕਲਾਬੀਆਂ ਅਤੇ ਕ੍ਰਾਂਤੀਕਾਰੀਆਂ ਦਾ ਦੋਸ਼ ਇਹੀ ਹੈ ਕਿ ਉਹ ਲੋਕ ਹਿੱਤ ਗੱਲਾਂ ਕਰਦੇ ਹਨ।

ਵੈਸੇ, ਲੋਕ ਹਿੱਤ ਗੱਲਾਂ ਕਰਨ ਵਾਲਾ ਆਦਮੀ ਕਦੇ ਵੀ ਦੇਸ਼ ਵਿਰੋਧੀ ਜਾਂ ਫਿਰ ਸੰਵਿਧਾਨ ਵਿਰੋਧੀ ਨਹੀਂ ਹੁੰਦਾ। ਜਦੋਂਕਿ ਉਹ ਹੀ ਅਸਲੀ ਦੇਸ਼ ਭਗਤ ਹੁੰਦਾ ਹੈ, ਜਿਸ ਨੂੰ ਦੇਸ਼ ਦੇ ਲੋਕਾਂ ਦੀ ਫ਼ਿਕਰ ਹੋਵੇ। ਚਲੋ ਛੱਡੋ, ਕੀ ਲੈਣਾ ਦੇਸ਼ ਭਗਤੀ ਤੋਂ? ਅਸਲ ਦੇਸ਼ ਭਗਤੀ ਦਾ ਗੀਤ ਗਾਉਣ ਵਾਲਿਆਂ ਨੂੰ ਹਾਕਮਾਂ ਨੇ ਫਾਸੀ ਦੇ ਤਖ਼ਤੇ 'ਤੇ ਹੀ ਲਟਕਾਇਆ ਹੈ। ਇਸ ਵੇਲੇ ਭਾਰਤ ਸਮੇਤ ਦੁਨੀਆ ਭਰ ਦੇ 213 ਦੇਸ਼ਾਂ ਦੇ ਵਿੱਚ ਕੋਰੋਨਾ ਵਾਇਰਸ ਦਾ ਕਹਿਰ ਜਾਰੀ ਹੈ। ਲੱਖਾਂ ਲੋਕ ਕੋਰੋਨਾ ਦੇ ਕਾਰਨ ਮਰ ਚੁੱਕੇ ਹਨ ਅਤੇ ਲੱਖਾਂ ਹੀ ਲੋਕ ਕੋਰੋਨਾ ਤੋਂ ਪੀੜਤ ਹਨ।

ਭਾਰਤ ਦੇ ਅੰਦਰ ਆਮ ਲੋਕਾਂ ਤੋਂ ਲੈ ਕੇ ਸਿਆਸੀ ਲੀਡਰਾਂ ਤੱਕ ਕੋਰੋਨਾ ਪਹੁੰਚ ਚੁੱਕਿਆ ਹੈ, ਪਰ ਪਿਛਲੇ ਦਿਨੀਂ ਇਹ ਖ਼ਬਰ ਆਈ ਕਿ ਅਮਿਤਾਭ ਬੱਚਨ, ਜਿਸ ਨੂੰ ਕਿ ਬਾਲੀਵੁੱਡ ਦਾ ਸ਼ਹਿਨਸ਼ਾਹ ਕਿਹਾ ਜਾਂਦਾ ਹੈ, ਉਹ ਅਤੇ ਉਸ ਦਾ ਪੂਰਾ ਪਰਿਵਾਰ ਕੋਰੋਨਾ ਪਾਜ਼ੀਟਿਵ ਆ ਗਿਆ। ਅਮਿਤਾਭ ਬੱਚਨ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਉਣ ਦੀ ਦੇਰ ਸੀ, ਗੋਦੀ ਮੀਡੀਆ ਨੂੰ ਹੱਥਾਂ ਪੈਰਾਂ ਦੀ ਪੈ ਗਈ ਕਿ ਜੇਕਰ ਅਮਿਤਾਭ ਜੀ ਨੂੰ ਕੁੱਝ ਹੋ ਗਿਆ ਤਾਂ, ਬਹੁਤ ਨੁਕਸਾਨ ਹੋ ਜਾਵੇਗਾ। ਖ਼ੈਰ, ਗੋਦੀ ਮੀਡੀਆ ਅਮਿਤਾਭ ਦੀਆਂ ਖ਼ਬਰਾਂ ਸਾਰਾ-ਸਾਰਾ ਦਿਨ ਚਲਾ ਰਿਹਾ ਹੈ।

ਅਸੀਂ ਦੁਆ ਕਰਦੇ ਹਾਂ ਕਿ ਅਮਿਤਾਭ ਅਤੇ ਉਸ ਦਾ ਪਰਿਵਾਰ ਜਲਦੀ ਠੀਕ ਹੋ ਜਾਵੇ। ਪਰ, ਅਸੀਂ ਅਮਿਤਾਭ ਦੇ ਨਾਲ-ਨਾਲ ਅਜਿਹੇ ਸ਼ਖ਼ਸ ਦੀ ਰਿਹਾਈ ਦੀ ਮੰਗ ਵੀ ਕਰਦੇ ਹਾਂ, ਜਿਸ ਦੇ ਚਾਰ ਬੋਲ ਸੁਣ ਕੇ ਹੀ ਮੋਦੀ ਬੁਖਲਾ ਜਾਂਦਾ ਹੈ। ਜੀ ਹਾਂ, ਅਸੀਂ ਗੱਲ ਕਰ ਰਹੇ ਹਾਂ, ਖੱਬੇਪੱਖੀ ਵਿਚਾਰਕ ਅਤੇ ਕਵੀ ਵਰਵਰਾ ਰਾਓ ਦੀ। ਇਹ ਉਹ ਸ਼ਖ਼ਸ ਹੈ, ਜਿਸ ਨੂੰ ਕਿ ਸਰਕਾਰਾਂ ਦੀ ਆਲੋਚਨਾ ਕਰਨ ਦੇ ਦੋਸ਼ਾਂ ਤਹਿਤ ਜੇਲ੍ਹ ਅੰਦਰ ਬੰਦ ਕੀਤਾ ਗਿਆ। ਵਰਵਰਾ ਰਾਓ ਦੇ ਨਾਲ ਹੋਰ ਵੀ ਕਈ ਇਨਕਲਾਬੀ ਹਨ, ਜੋ ਜੇਲ੍ਹਾਂ ਦੇ ਅੰਦਰ ਬੰਦ ਹਨ।

ਇਨ੍ਹਾਂ ਸਭ 'ਤੇ ਦੋਸ਼ ਇਹੀ ਲੱਗਿਆ ਹੈ ਕਿ ਇਨ੍ਹਾਂ ਨੇ ਹਾਕਮਾਂ ਖ਼ਿਲਾਫ਼ ਆਵਾਜ਼ ਬੁਲੰਦ ਕਰਕੇ, ਲੋਕ ਹਿੱਤ ਗੱਲ ਕੀਤੀ ਹੈ। ਬੇਸ਼ੱਕ ਗ੍ਰਿਫ਼ਤਾਰ ਕੀਤੇ ਗਏ ਸਾਰੇ ਇਨਕਲਾਬੀ ਮਨੁੱਖੀ ਅਧਿਕਾਰ ਅਤੇ ਹੋਰ ਮੁੱਦਿਆਂ ਨੂੰ ਲੈ ਕੇ ਸਰਕਾਰ ਦੇ ਆਲੋਚਕ ਰਹੇ ਹਨ। ਪਰ ਸਵਾਲ ਇਹ ਉੱਠਦਾ ਹੈ ਕਿ ਕੀ ਸਰਕਾਰ ਦੀ ਆਲੋਚਨਾ ਕਰਨਾ ਠੀਕ ਨਹੀਂ? ਕੀ ਸਰਕਾਰ ਜੋ ਕੁੱਝ ਕਰਦੀ ਹੈ, ਉਹ ਸਭ ਠੀਕ ਕਰਦੀ ਹੈ? ਜੇਕਰ ਸਮੇਂ ਦੀਆਂ ਸਰਕਾਰਾਂ ਨੂੰ ਸਵਾਲ ਕਰਨਾ ਜਾਂ ਫਿਰ ਉਨ੍ਹਾਂ ਦੀ ਆਲੋਚਨਾ ਕਰਨਾ ਗੁਨਾਹ ਹੈ ਤਾਂ, ਫਿਰ ਸਰਕਾਰ ਚੁਣੀ ਹੀ ਕਿਉਂ ਜਾਂਦੀ ਹੈ?

ਜਾਣਕਾਰੀ ਦੇ ਮੁਤਾਬਿਕ ਭਾਰਤ ਦਾ ਸਾਰਾ ਮੀਡੀਆ ਅਮਿਤਾਭ ਬੱਚਨ ਨੂੰ ਕੋਰੋਨਾ ਹੋਣ ਦੀ ਖ਼ਬਰ ਦੇਣ ਵਿੱਚ ਰੁੱਝਿਆ ਹੋਇਆ ਹੈ, ਉੱਥੇ ਹੀ ਮੀਡੀਆ ਦੀਆਂ ਨਜ਼ਰਾਂ ਤੋਂ ਦੂਰ ਇੱਕ ਸਮਾਜਿਕ ਕਾਰਕੁੰਨ ਅਤੇ ਲੇਖਕ ਵਰਵਰਾ ਰਾਓ ਦੀ ਮੁੰਬਈ ਜੇਲ੍ਹ ਵਿੱਚ ਲਗਾਤਾਰ ਹਾਲਤ ਵਿਗੜਦੀ ਜਾ ਰਹੀ ਹੈ। 81 ਸਾਲਾਂ ਵਰਵਰਾ ਰਾਓ ਦੇ ਪਰਿਵਾਰ ਵਾਲੇ ਇਸ ਵਿਗੜਦੀ ਹਾਲਤ ਦਾ ਵਾਸਤਾ ਪਾ ਉਸ ਦੀ ਰਿਹਾਈ ਲਈ ਮਹੀਨਿਆਂ ਤੋਂ ਪ੍ਰਸ਼ਾਸਨ ਨੂੰ ਲਿਖ ਰਹੇ ਹਨ, ਪਰ ਉਨ੍ਹਾਂ ਦੀਆਂ ਸਭ ਅਪੀਲਾਂ ਹਾਕਮਾਂ ਦੇ ਬੋਲ਼ੇ ਕੰਨਾਂ 'ਤੇ ਵੱਜ ਰਹੀਆਂ ਹਨ।

ਹਾਕਮਾਂ ਨੇ ਵਰਵਰਾ ਦੇ ਨਾਲ ਕਰੀਬ 10 ਬੁੱਧੀਜੀਵੀਆਂ ਨੂੰ ਲੰਘੇ ਸਾਲਾਂ ਦੌਰਾਨ ਗ੍ਰਿਫ਼ਤਾਰ ਕਰਕੇ, ਜੇਲ੍ਹ ਦੇ ਅੰਦਰ ਬੰਦ ਕੀਤਾ ਸੀ ਅਤੇ ਦੋਸ਼ ਸੀ ਕਿ ਇਨ੍ਹਾਂ ਨੇ ਲੋਕ ਹਿੱਤ ਗੱਲ ਕਰਦਿਆਂ, ਹਾਕਮ ਧਿਰ ਦੀ ਆਲੋਚਨਾ ਕੀਤੀ ਹੈ। ਜੇਕਰ ਲੋਕਾਂ ਦੀ ਆਵਾਜ਼ ਚੁੱਕਣੀ ਕੋਈ ਗੁਨਾਹ ਹੈ ਤਾਂ ਫਿਰ, ਇਹ ਦੇਸ਼ ਹਾਲੇ ਆਜ਼ਾਦ ਨਹੀਂ ਹੋਇਆ, ਹਾਲੇ ਵੀ ਭੂਰਿਆਂ ਦਾ ਗ਼ੁਲਾਮ ਹੈ। ਦੱਸਣਾ ਬਣਦਾ ਹੈ ਕਿ ਪ੍ਰਸਿੱਧ 40 ਲੇਖਕ ਗੁਲਜ਼ਾਰ, ਮੰਗਲੇਸ਼ ਡਬਰਾਲ, ਗੌਹਰ ਰਜ਼ਾ, ਮੀਰਾ ਕੰਡਾਸਾਮੀ ਆਦਿ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਚਿੱਠੀ ਲਿਖ ਕੇ ਵਰਵਰਾ ਅਤੇ ਉਨ੍ਹਾਂ ਦੇ ਸਾਥੀਆਂ ਦੀ ਰਿਹਾਈ ਦੀ ਮੰਗ ਕੀਤੀ ਹੈ। ਦੱਸ ਦੇਈਏ ਕਿ ਬੁੱਧੀਜੀਵੀਆਂ ਦੀਆਂ ਗ੍ਰਿਫ਼ਤਾਰੀਆਂ ਨੇ, ਉਸ ਸੋਚ ਨੂੰ ਮਜ਼ਬੂਤ ਕੀਤਾ ਹੈ ਕਿ ਮੋਦੀ ਸਰਕਾਰ ਨੂੰ ਆਪਣੀਆਂ ਨੀਤੀਆਂ ਦੀ ਆਲੋਚਨਾ ਬਰਦਾਸ਼ਤ ਨਹੀਂ ਹੈ।

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।