ਗ਼ਰੀਬਾਂ ਦਾ ਨਹੀਂ, ਇਸ ਦੇਸ਼ 'ਚ ਧਨਾਢਾਂ ਦਾ ਹੁੰਦੈ ਕਰਜ਼ ਮੁਆਫ਼ !!! (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Jul 13 2020 16:21
Reading time: 2 mins, 35 secs

ਇਸ ਗੱਲ ਵਿੱਚ ਇੱਕ ਪ੍ਰਤੀਸ਼ਤ ਵੀ ਝੂਠ ਨਹੀਂ ਕਿ ਸਾਡੇ ਦੇਸ਼ ਦੇ ਅੰਦਰ ਗ਼ਰੀਬਾਂ ਨੂੰ ਲਤਾੜਿਆ ਜਾਂਦਾ ਹੈ ਅਤੇ ਅਮੀਰਾਂ ਨੂੰ ਸਿਰੇ ਚਾੜ੍ਹਿਆ ਜਾਂਦਾ ਹੈ। ਸਾਡੇ ਦੇਸ਼ ਦੇ ਅੰਦਰ ਕੁੱਝ ਕੁ ਅਜਿਹੇ ਘਰਾਣੇ ਹਨ, ਜਿਨ੍ਹਾਂ ਦੇ ਕੋਲ ਐਨਾ ਕੁ ਜ਼ਿਆਦਾ ਪੈਸਾ ਹੈ ਕਿ ਅੱਗ ਲਗਾ ਕੇ ਜੇਕਰ ਸੌਂ ਵੀ ਜਾਣ, ਤਾਂ ਵੀ ਉਕਤ ਪੈਸਾ ਮੁੱਕੇਗਾ ਨਹੀਂ। ਦਰਅਸਲ, ਧਨਾਢ ਲੋਕਾਂ ਦੇ ਨਾਲ ਤਾਂ ਸਰਕਾਰਾਂ ਵੀ ਖੜੀਆਂ ਹੋਈਆਂ ਹਨ, ਪਰ ਗ਼ਰੀਬ ਬੰਦੇ ਨਾਲ ਕੌਣ ਖੜਾ ਹੈ? ਗ਼ਰੀਬਾਂ ਨੂੰ ਤਾਂ ਪਹਿਲੀ ਗੱਲ ਕੋਈ ਕਰਜ਼ਾ ਦੇ ਕੇ ਰਾਜ਼ੀ ਨਹੀਂ।

ਜੇਕਰ ਗ਼ਰੀਬ ਕਰਜ਼ਾ ਲੈ ਵੀ ਲਵੇ ਤਾਂ, ਕਿਸ਼ਤਾਂ ਮੰਗਣ ਵਾਲੇ ਬੈਂਕ ਅਧਿਕਾਰੀ ਜਾਂ ਫਿਰ ਫਾਈਨਾਂਸ ਕੰਪਨੀਆਂ ਵਾਲੇ ਗ਼ਰੀਬਾਂ ਦਾ ਬੂਹਾ ਪੱਟ ਮਾਰਦੇ ਨੇ। ਭਾਵੇਂ ਕਿ ਗ਼ਰੀਬਾਂ ਦੇ ਲਈ ਸਰਕਾਰਾਂ ਸਕੀਮਾਂ ਚਲਾਉਂਦੀਆਂ ਆਈਆਂ ਹਨ, ਪਰ ਇਨ੍ਹਾਂ ਸਕੀਮਾਂ ਦਾ ਲਾਭ ਸਿਰਫ਼ ਧਨਾਢ ਲੋਕ ਹੀ ਚੁੱਕਦੇ ਆਏ ਹਨ। ਅਮੀਰਾਂ ਦਾ ਕਰਜ਼ ਮੁਆਫ਼ ਕਰਨ ਲੱਗਿਆਂ ਤਾਂ ਹਾਕਮ ਧਿਰ ਮਿੰਟ ਲਗਾਉਂਦੀ ਹੈ, ਪਰ ਕਦੇ ਵੀ ਕਿਸੇ ਗ਼ਰੀਬ ਦਾ ਕਰਜ਼ ਮੁਆਫ਼ ਮਿੰਟ ਸਕਿੰਟਾਂ ਵਿੱਚ ਨਹੀਂ ਹੋਇਆ। ਕਰਜ਼ਾਈ ਗ਼ਰੀਬ ਮਰ ਵੀ ਜਾਵੇ, ਤਾਂ ਵੀ ਉਹਦੇ ਸਿਰ ਕਰਜ਼ਾ ਬੋਲਦਾ ਰਹਿੰਦਾ ਹੈ।

ਪਰ ਧਨਾਢ ਲੋਕਾਂ ਦਾ ਕਰਜ਼ ਤਾਂ ਹਾਕਮ ਜਿਉਂਦੇ ਜੀਅ ਮੁਆਫ਼ ਕਰਕੇ, ਉਨ੍ਹਾਂ ਨੂੰ ਹੋਰ ਦੇਸ਼ ਲੁੱਟਣ ਲਈ ਆਖ ਦਿੰਦੇ ਹਨ। ਦੱਸਣਾ ਬਣਦਾ ਹੈ ਕਿ ਇਨਕਲਾਬੀ ਜੱਥੇਬੰਦੀਆਂ ਨੌਜਵਾਨ ਭਾਰਤ ਸਭਾ, ਦਿਹਾਤੀ ਮਜ਼ਦੂਰ ਸਭਾ, ਕਰਜ਼ਾ ਮੁਕਤੀ ਔਰਤ ਸੰਘਰਸ਼ ਕਮੇਟੀ ਦੇ ਸਾਂਝੇ ਸੱਦੇ 'ਤੇ ਪਿਛਲੇ ਦਿਨੀਂ ਬਰਨਾਲਾ ਜ਼ਿਲ੍ਹੇ ਦੇ ਪਿੰਡਾਂ ਬੀਹਲਾ, ਗਹਿਲ, ਨਰਾਇਣਗੜ੍ਹ ਸੋਹੀਆਂ, ਦੀਵਾਨੇ ਵਿੱਚ ਮਾਈਕਰੋ ਫਾਈਨਾਂਸ ਕੰਪਨੀਆਂ ਦੇ ਔਰਤਾਂ ਸਿਰ ਚੜ੍ਹੇ ਕਰਜ਼ਿਆਂ ਖ਼ਿਲਾਫ਼ ਕਰਜ਼ਾ ਪੀੜਤ ਔਰਤਾਂ ਨਾਲ ਮੀਟਿੰਗਾਂ ਕੀਤੀਆਂ ਗਈਆਂ।

ਇਨ੍ਹਾਂ ਮੀਟਿੰਗਾਂ ਵਿੱਚ ਬੇਸ਼ੱਕ ਕਈ ਵਿਚਾਰਾਂ ਹੋਈਆਂ ਅਤੇ ਸਰਕਾਰ ਕੋਲ ਮੰਗ ਵੀ ਕੀਤੀ ਗਈ ਕਿ ਗ਼ਰੀਬ ਔਰਤਾਂ ਸਿਰ ਚੜ੍ਹੇ ਕਰਜ਼ੇ ਮੁਆਫ਼ ਕੀਤੇ ਜਾਣ, ਪਰ ਅਸੀਂ ਹੁਣੇ ਤੋਂ ਹੀ ਦਾਅਵਾ ਕਰ ਦਿੰਦੇ ਹਾਂ ਕਿ, ਇਹ ਗ਼ਰੀਬਾਂ ਔਰਤਾਂ 'ਤੇ ਚੜ੍ਹਿਆ ਕਰਜ਼ਾ ਹਾਕਮ ਹੁਣ ਤਾਂ ਕੀ ਅਗਲੀਆਂ ਕਈ ਸਦੀਆਂ ਤੱਕ ਮੁਆਫ਼ ਹੀ ਨਹੀਂ ਕਰਨਗੇ। ਕਿਉਂਕਿ ਗ਼ਰੀਬਾਂ ਦਾ ਹਮੇਸ਼ਾ ਹੀ ਹਾਕਮ ਖ਼ੂਨ ਚੂਸਦੇ ਰਹੇ ਹਨ ਅਤੇ ਅੱਗੇ ਵੀ ਚੂਸਦੇ ਰਹਿਣਗੇ। ਭਾਵੇਂ ਹੀ ਗ਼ਰੀਬ ਜਨਤਾ ਜਿੰਨੀਆਂ ਮਰਜ਼ੀ ਵੋਟਾਂ ਮੋਦੀ ਵਰਗਿਆਂ ਨੂੰ ਪਾ ਦੇਵੇ, ਪਰ ਇਸ ਦਾ ਜਨਤਾ ਨੂੰ ਕੋਈ ਫ਼ਾਇਦਾ ਨਹੀਂ ਹੋਣਾ।

ਦੱਸਣਾ ਬਣਦਾ ਹੈ ਕਿ ਔਰਤਾਂ ਸਿਰ ਚੜ੍ਹੇ ਕਰਜ਼ਿਆਂ ਖ਼ਿਲਾਫ਼ ਕਰਜ਼ਾ ਹੱਲਾ ਬੋਲਦਿਆਂ ਦਿਹਾਤੀ ਮਜ਼ਦੂਰ ਸਭਾ ਦੇ ਆਗੂ ਭੋਲਾ ਸਿੰਘ ਕਲਾਲ ਮਾਜਰਾ, ਕਰਜ਼ਾ ਮੁਕਤੀ ਔਰਤ ਸੰਘਰਸ਼ ਕਮੇਟੀ ਦੀਆਂ ਆਗੂ ਕੁਲਵੰਤ ਕੌਰ, ਪ੍ਰਮੋਦ ਕੌਰ ਅਤੇ ਨੌਜਵਾਨ ਭਾਰਤ ਸਭਾ ਦੇ ਮਨਵੀਰ ਬੀਹਲਾ ਨੇ ਦੱਸਿਆ ਕਿ ਭਾਰਤੀ ਰਿਜ਼ਰਵ ਬੈਂਕ ਦੀ ਚਿੱਠੀ ਮੁਤਾਬਿਕ 31 ਅਗਸਤ ਤੱਕ ਕਿਸ਼ਤਾਂ ਭਰਾਉਣ ਆਉਂਦੇ ਮੁਲਾਜ਼ਮਾਂ ਦਾ ਮੁਕੰਮਲ ਬਾਈਕਾਟ ਕਰ ਦਿੱਤਾ ਗਿਆ। ਆਗੂਆਂ ਨੇ ਮੰਗ ਰੱਖੀ ਕਿ ਸਰਕਾਰ ਸਿੱਧਾ ਅਤੇ ਸਸਤਾ ਕਰਜ਼ ਮਜ਼ਦੂਰ ਔਰਤਾਂ ਨੂੰ ਦੇ ਕੇ, ਉਸ ਵਿੱਚੋਂ ਫਾਈਨਾਂਸ ਕੰਪਨੀਆਂ ਦੀ ਦਖ਼ਲਅੰਦਾਜ਼ੀ ਨੂੰ ਖ਼ਤਮ ਕਰੇ।

ਇਸ ਦੇ ਨਾਲ਼ ਹੀ, ਜਿਸ ਤਰ੍ਹਾਂ ਵੱਡੇ ਕਾਰਪੋਰੇਟ ਘਰਾਨਿਆਂ ਦਾ ਪਿਛਲੇ ਦਿਨੀਂ 68 ਹਜ਼ਾਰ ਕਰੋੜ ਰੁਪਏ ਦਾ ਕਰਜ਼ਾ ਮੁਆਫ਼ ਕੀਤਾ ਗਿਆ, ਓਵੇਂ ਹੀ ਮਜ਼ਦੂਰ ਔਰਤਾਂ ਸਿਰ ਚੜ੍ਹਿਆ ਹੁਣ ਤੱਕ ਦਾ ਕੁੱਲ ਕਰਜ਼ ਸਰਕਾਰ ਵੱਲੋਂ ਮੁਆਫ਼ ਕੀਤਾ ਜਾਵੇ। ਮਹਿੰਗਾਈ ਦੇ ਦੌਰ ਨੂੰ ਧਿਆਨ ਵਿੱਚ ਰੱਖਦਿਆਂ ਇਹ ਵੀ ਗੱਲ ਆਖੀ ਕਿ ਮਜ਼ਦੂਰਾਂ ਦੀ ਪ੍ਰਤੀ ਦਿਹਾੜੀ ਆਮਦਨ ਵਿੱਚ ਵੀ ਵਾਧਾ ਕੀਤਾ ਜਾਵੇ ਤਾਂ ਕਿ ਮਜ਼ਦੂਰਾਂ ਨੂੰ ਘਰ ਗੁਜ਼ਾਰੇ ਵਿੱਚ ਦਿੱਕਤਾਂ ਨਾ ਆਉਣ। ਮੌਜੂਦਾ ਪ੍ਰਤੀ ਦਿਹਾੜੀ ਆਮਦਨ ਨਾਲ ਮਜ਼ਦੂਰਾਂ ਦਾ ਗੁਜ਼ਾਰਾ ਮੁਸ਼ਕਲ ਨਾਲ ਵੀ ਪੂਰਾ ਨਹੀਂ ਹੁੰਦਾ। ਦੇਖਣਾ ਹੁਣ ਇਹ ਹੋਵੇਗਾ ਕਿ ਕੀ ਹਾਕਮ ਧਿਰ ਗ਼ਰੀਬਾਂ ਦਾ ਕਰਜ਼ ਮੁਆਫ਼ ਕਰਦੀ ਹੈ ਜਾਂ ਨਹੀਂ?

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।