ਜਨਤਾ ਦਾ ਧਿਆਨ ਭਟਕਾਉਣ ਨੂੰ ਮੀਡੀਆ ਨੇ ਬਣਾ ਲਿਐ ਆਪਣਾ ਪੇਸ਼ਾ !!! (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Jun 29 2020 16:44
Reading time: 1 min, 53 secs

ਦੋਸਤੋ, ਸਾਡੇ ਦੇਸ਼ ਦਾ ਮੀਡੀਆ ਵੀ ਬੜਾ ਅਵੱਲਾ ਹੈ। ਕਹਿਣ ਨੂੰ ਭਾਵੇਂ ਇਹ ਸਾਡੇ ਆਪਣੇ ਦੇਸ਼ ਦਾ ਮੀਡੀਆ ਹੈ, ਪਰ ਇਹਨਾਂ ਦੇ ਚੈਨਲਾਂ (ਸਾਰਿਆਂ ਨਹੀਂ) ਤੇ ਚੱਲਦੀਆਂ ਖ਼ਬਰਾਂ ਅਤੇ ਡਿਬੇਟਸ ਨੂੰ ਵੇਖ਼ ਕੇ ਅਤੇ ਸੁਣ ਕੇ ਤਾਂ, ਕਈ ਵਾਰ ਤਾਂ ਇਹ ਅਹਿਸਾਸ ਹੋਣ ਲੱਗ ਪੈਂਦਾ ਹੈ, ਜਿਵੇਂਕਿ ਕਿ ਅਸੀਂ ਭਾਰਤੀ ਨਹੀਂ ਬਲਕਿ ਪਾਕਿਸਤਾਨ ਤੇ ਚੀਨੀ ਚੈਨਲ ਵੇਖ਼ ਰਹੇ ਹੋਈਏ। ਖ਼ਬਰਾਂ ਪੜ੍ਹ ਰਹੇ ਐਂਕਰਾਂ ਦੀਆਂ ਸ਼ਕਲਾਂ ਸੂਰਤਾਂ ਵੇਖ਼ ਕੇ ਹੀ ਉਹਨਾਂ ਦੇ ਭਾਰਤੀ ਹੋਣ ਦਾ ਅਹਿਸਾਸ ਹੁੰਦਾ ਹੈ ਵਰਨਾਂ, ਇਹ ਕਸਰ ਕੋਈ ਨਹੀਂ ਛੱਡਦੇ, ਦੇਸ਼ ਦੀ ਜਨਤਾ ਨੂੰ ਮੂਰਖ਼ ਬਣਾਉਣ ਲਈ।  

ਅਲੋਚਕਾਂ ਅਨੁਸਾਰ, ਅਜਿਹਾ ਵੀ ਨਹੀਂ ਕਿਹਾ ਜਾ ਸਕਦਾ ਕਿ, ਸਾਡੇ ਨਿਊਜ਼ ਚੈਨਲਾਂ ਦੀ ਕਾਰਗੁਜ਼ਾਰੀ ਸ਼ੁਰੂ ਤੋਂ ਹੀ ਅਜਿਹੀ ਸੀ, ਪਰ ਪਿਛਲੇ ਪੰਜਾਂ ਛੇਆਂ ਕੁ ਸਾਲਾਂ ਦੇ ਵਿੱਚ ਪਤਾ ਨਹੀਂ ਅਜਿਹਾ ਕੀ ਭਾਣਾ ਵਰਤਿਆ ਕਿ, ਇਹ ਸਾਡੇ ਦੇਸ਼ ਦੇ ਹੋ ਕੇ ਵੀ ਦੇਸ਼ ਵਾਸੀਆਂ ਦੇ ਹੱਕ ਵਿੱਚ ਨਹੀਂ ਭੁਗਤ ਰਹੇ। ਜਿਹੜੇ ਮਰਜ਼ੀ ਚੈਨਲ ਦਾ ਬਟਨ ਦੱਬ ਲਓ ਉਹ, ਲੋਕਾਂ ਦਾ ਧਿਆਨ ਅਹਿਮ ਮੁੱਦਿਆਂ ਤੋਂ ਭਟਕਾਉਂਦਾ ਹੋਇਆ ਅਤੇ ਸਮੇਂ ਦੀਆਂ ਸਰਕਾਰਾਂ ਦਾ ਪੱਖ਼ ਪੂਰਦਾ ਹੋਇਆ ਹੀ ਮਹਿਸੂਸ ਹੋਵੇਗਾ।

ਦੋਸਤੋ, ਸ਼ਾਇਦ ਅੱਜ ਇਹ ਦੱਸਣ ਦੀ ਜ਼ਰੂਰਤ ਨਹੀਂ ਹੈ ਕਿ, ਸਾਡਾ ਦੇਸ਼ ਪਿਛਲੇ ਕਈ ਦਹਾਕਿਆਂ ਤੋਂ ਗਰੀਬੀ, ਬੇਕਾਰੀ, ਬੇਰੋਜ਼ਗਾਰੀ, ਭੁੱਖ਼ਮਰੀ, ਨਸ਼ੇ, ਭ੍ਰਿਸ਼ਟਾਚਾਰ ਅਤੇ ਹੋਰ ਪਤਾ ਨਹੀਂ ਕਿਹੜੀਆਂ-ਕਿਹੜੀਆਂ ਲਾਹਣਤਾਂ ਦਾ ਸ਼ਿਕਾਰ ਹੈ। ਕੇਂਦਰ ਅਤੇ ਸੂਬਾ ਸਰਕਾਰਾਂ ਇਹਨਾਂ ਲਾਹਣਤਾਂ, ਇਹਨਾਂ ਬੁਰਾਈਆਂ ਤੋਂ ਦੇਸ਼ ਵਾਸੀਆਂ ਨੂੰ ਨਿਜਾਤ ਦਿਲਵਾਉਣ ਲਈ ਕਿੰਨੀਆਂ ਕੁ ਸੰਜੀਦਾ ਹਨ, ਇਹ ਅੱਜ ਦੱਸਣ ਦੀ ਲੋੜ ਨਹੀਂ।

ਦੋਸਤੋ, ਗੱਲ ਕਰੀਏ ਜੇਕਰ ਹੁਣ ਮੀਡੀਆ ਦੀ, ਜਿਸਨੂੰ ਕਿਸੇ ਭਲੇ ਵੇਲੇ ਲੋਕਤੰਤਰ ਦਾ ਚੌਥਾ ਅਤੇ ਸਭ ਤੋਂ ਤਾਕਤਵਰ ਥੰਮ ਮੰਨਿਆ ਜਾਂਦਾ ਸੀ ਪਰ, ਅੱਜ ਇਹ ਕਿੰਨਾ ਕੁ ਮਜ਼ਬੂਤ ਤੇ ਟਿਕਾਊ ਰਹਿ ਗਿਆ ਹੈ, ਇਸ ਬਾਰੇ ਵੀ ਦੇਸ਼ ਦੀ ਜਨਤਾ ਬਿਹਤਰ ਜਾਣਦੀ ਹੈ, ਮੇਰਾ ਮੂੰਹ ਬੰਦ ਹੀ ਰਹਿਣ ਦਿਓ। ਅੱਜ ਕੱਲ੍ਹ ਸਾਡੇ ਮੀਡੀਆ ਵਿੱਚ ਜਿਹੜੀਆਂ ਖ਼ਬਰਾਂ ਚੱਲ ਰਹੀਆਂ ਹਨ, ਉਹਨਾਂ ਵਿੱਚ ਸ਼ਾਇਦ ਹੀ ਕੋਈ ਵਿਰਲਾ ਚੈਨਲ ਹੋਵੇਗਾ, ਜਿਹੜਾ ਦੇਸ਼ ਵਾਸੀਆਂ ਦੇ ਹੱਕਾਂ ਲਈ ਲੜਦਾ, ਉਹਨਾਂ ਦੇ ਪੱਖ਼ ਦੀ ਗੱਲ ਕਰਦਾ ਨਜ਼ਰ ਆਵੇਗਾ ਬਲਕਿ ਬਹੁਤੇ ਚੈਨਲ ਅਤੇ ਉਹਨਾਂ ਦੇ ਐਂਕਰ ਸਮੇਂ ਦੀਆਂ ਸਰਕਾਰਾਂ ਦਾ ਹੀ ਪੱਖ਼ ਪੂਰਦੇ ਹੋਏ ਨਜ਼ਰ ਆਉਣਗੇ।

ਦੋਸਤੋ, ਜੇਕਰ ਇੰਝ ਵੀ ਆਖ਼ ਦਿੱਤਾ ਜਾਵੇ ਕਿ, ਅੱਜ ਮੀਡੀਆ ਨੇ ਸੱਚੀ ਪੱਤਰਕਾਰਤਾ ਨੂੰ ਨਿਊਜ਼ ਡੈਸਕ ਦੇ ਕਿਸੇ ਦਰਾਜ ਵਿੱਚ ਡੱਕ ਕੇ, ਸਿਆਸੀ ਲੋਕਾਂ ਦਾ ਪੱਖ਼ ਪੂਰਨ ਅਤੇ ਜਨਤਾ ਦਾ ਧਿਆਨ ਭਟਕਾਉਣ ਨੂੰ ਹੀ ਆਪਣਾ ਪੇਸ਼ਾ ਬਣਾ ਲਿਆ ਹੈ ਤਾਂ ਇਸ ਵਿੱਚ ਵੀ ਕੋਈ ਅਤਿਕਥਨੀ ਨਹੀਂ ਹੋਵੇਗੀ, ਸ਼ਾਇਦ।

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।