ਫੁੱਟਬਾਲ ਬਣਾ ਛੱਡਿਐ, ਸਮੇਂ ਦੀਆਂ ਸਰਕਾਰਾਂ ਨੇ ਕੋਰੋਨਾ ਨੂੰ !!!

Last Updated: Jun 29 2020 14:36
Reading time: 2 mins, 27 secs

ਵੈਸੇ ਤਾਂ ਕੋਰੋਨਾ ਨੇ ਵਿਸ਼ਵ ਦੇ ਸਾਰੇ ਹੀ ਵੱਡੇ-ਵੱਡੇ ਮਹਾਂਰਥੀ ਦੇਸ਼ਾਂ ਦਾ ਬੈਂਡ ਵਜਾ ਕੇ ਰੱਖ਼ ਦਿੱਤਾ ਹੈ, ਉਨ੍ਹਾਂ ਦੀਆਂ ਗੋਡਨੀਆਂ ਲਵਾ ਦਿੱਤੀਆਂ ਹਨ ਪਰ, ਦੁਨੀਆ ਵਿੱਚ ਸ਼ਾਇਦ ਇੱਕ ਸਾਡਾ ਹੀ ਦੇਸ਼ ਹੋਵੇਗਾ, ਜਿੱਥੋਂ ਦੀ ਨਾ ਕੇਵਲ ਅਵਾਮ ਬਲਕਿ ਸਰਕਾਰਾਂ ਨੇ ਵੀ ਇਸਦਾ ਮਜ਼ਾਕ ਜਿਹਾ ਬਣਾ ਕੇ ਰੱਖ ਦਿੱਤਾ ਹੈ। ਵਿਅੰਗਕਾਰਾਂ ਦਾ ਮੰਨਣੈ ਕਿ, ਕੋਰੋਨਾ ਵੀ ਇੱਕ ਵਾਰ ਤਾਂ ਜ਼ਰੂਰ ਸੋਚਦਾ ਹੋਵੇਗਾ ਕਿ, ਆਹ ਹਿੰਦੋਸਤਾਨੀ ਪਤਾ ਨਹੀਂ ਕਿਸ ਮਿੱਟੀ ਦੇ ਬਣੇ ਹੋਏ ਹਨ, ਮੈਨੂੰ ਫੁੱਟਬਾਲ ਵਾਂਗ, ਠੁੱਡੇ ਮਾਰ ਮਾਰ ਕੇ ਗਰਾਊਂਡ ਵਿੱਚ ਇੱਧਰੋਂ ਓਧਰ ਤੇ ਓਧਰੋਂ ਇੱਧਰ ਭਜਾਈ ਫ਼ਿਰ ਰਹੇ ਹਨ, ਮੇਰਾ ਤਾਂ ਖ਼ੌਫ਼ ਹੀ ਨਹੀਂ ਹੈ ਕਿਸੇ ਨੂੰ।

ਦੋਸਤੋ, ਸ਼ਾਇਦ ਤੁਹਾਨੂੰ ਚੇਤੇ ਹੋਵੇਗੀ ਉਹ ਤਰੀਕ, ਜਿਸ ਦਿਨ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਕੋਰੋਨਾ ਨਾਲ ਜੰਗ ਲੜਨ ਲਈ ਲੋਕਾਂ ਦਾ ਸਹਿਯੋਗ ਮੰਗਦਿਆਂ, ਬੜੀਆਂ ਤਾਲੀਆਂ ਤੇ ਥਾਲ਼ੀਆਂ ਵਜਵਾਈਆਂ ਸਨ। ਫ਼ਿਰ ਅਸੀਂ ਮੋਮਬਤੀਆਂ, ਦੀਵੇ ਤੇ ਟਾਰਚਾਂ ਵੀ ਬਾਲੀਆਂ ਤੇ ਜਹਾਜ਼ਾਂ ਰਾਹੀਂ ਫ਼ਰੰਟ ਵਾਰੀਅਰਜ਼ ਤੇ ਫੁੱਲਾਂ ਦੀ ਵਰਖਾ ਵੀ ਕੀਤੀ। ਇਸ ਸਭ ਦੇ ਦੌਰਾਨ ਉਹ ਜਨਤਾ ਨਾਲ ਵੀ ਮੁਖ਼ਾਤਿਬ ਹੁੰਦੇ ਰਹੇ।

ਅਲੋਚਕਾਂ ਅਨੁਸਾਰ, ਸਮਾਂ ਥੋੜ੍ਹਾ ਹੋਰ ਅੱਗੇ ਵਧਿਆ ਤਾਂ ਦੇਸ਼ ਵਿੱਚ ਕੋਰੋਨਾ ਫੈਲਾਉਣ ਦਾ ਸਾਰਾ ਠੀਕਰਾ ਮਰਕਜ਼ ਦੇ ਮੌਲਾਨਿਆਂ ਦੇ ਸਿਰ ਤੇ ਭੰਨ ਦਿੱਤਾ। ਅੰਜਾਮ ਇਹ ਹੋਇਆ ਕਿ, ਲੋਕ ਕੋਰੋਨਾ ਤੋਂ ਘੱਟ ਮੁਸਲਮਾਨਾਂ ਅਤੇ ਮੌਲਾਨਿਆਂ ਤੋਂ ਵੱਧ ਖ਼ੌਫ਼ ਖਾਣ ਲੱਗ ਪਏ। ਹਾਲਾਤ ਵਿਗੜੇ ਤਾਂ ਪ੍ਰਧਾਨ ਮੰਤਰੀ ਨੇ ਕੋਰੋਨਾ ਨਾਲ ਲੜਾਈ ਦੀ ਸਾਰੀ ਜ਼ਿੰਮੇਵਾਰੀ ਦਾ ਬੋਝ ਸਬੰਧਿਤ ਸੂਬਿਆਂ ਦੇ ਮੁੱਖ ਮੰਤਰੀਆਂ ਦੇ ਸਿਰਾਂ ਤੇ ਰੱਖ਼ ਦਿੱਤਾ।

ਅਲੋਚਕਾਂ ਦਾ ਮੰਨਣਾ, ਕਿ ਪ੍ਰਧਾਨ ਮੰਤਰੀ ਦੇ ਗੇਮ ਤੋਂ ਆਊਟ ਹੋਣ ਦੇ ਬਾਅਦ ਮੁੱਖ ਮੰਤਰੀਆਂ ਨੇ ਵੀ ਆਪੋ ਆਪਣਾ ਟਿੱਲ ਦਾ ਜ਼ੋਰ ਲਗਾ ਕੇ ਵੇਖ ਲਿਆ ਪਰ, ਕੋਰੋਨਾ ਕਾਬੂ ਨਹੀਂ ਹੋਇਆ। ਕੇਸਾਂ ਦੀ ਗਿਣਤੀ ਵਿੱਚ ਤੇਜ਼ੀ ਨਾਲ ਵਾਧਾ ਹੁੰਦਾ ਜਾਰੀ ਰਿਹਾ ਤੇ ਅੱਜ ਹਾਲਾਤ ਇਹ ਹਨ ਕਿ, ਰੋਜ਼ਾਨਾ ਦਾ ਅੰਕੜਾ 20 ਹਜ਼ਾਰ ਦੇ ਪਾਰ ਹੋ ਚੁੱਕਾ ਹੈ।

ਵਿਅੰਗਕਾਰਾਂ ਅਨੁਸਾਰ, ਪ੍ਰਧਾਨ ਮੰਤਰੀ ਦੇ ਬਾਅਦ ਕੋਰੋਨਾ ਨੇ ਮੁੱਖ ਮੰਤਰੀਆਂ ਦੀ ਵੀ ਤੌਬਾ ਕਰਵਾ ਦਿੱਤੀ ਹੈ, ਉਨ੍ਹਾਂ ਦੀ ਬੱਸ ਕਰਵਾ ਦਿੱਤੀ ਹੈ। ਉਨ੍ਹਾਂ ਦਾ ਨਾਮ ਖ਼ਰਾਬ ਨਾ ਹੋਵੇ ਇਸ ਲਈ ਹੁਣ ਮੁੱਖ ਮੰਤਰੀਆਂ ਨੇ ਕੋਰੋਨਾ ਖ਼ਿਲਾਫ਼ ਲੜੀ ਜਾ ਰਹੀ ਜੰਗ ਦੀ ਕਮਾਂਡ ਸਬੰਧਿਤ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਸੌਂਪ ਦਿੱਤੀ ਹੈ। ਹੋਰਨਾਂ ਸੂਬਿਆਂ ਦੀ ਗੱਲ ਛੱਡੋ, ਗੱਲ ਕਰੀਏ ਜੇਕਰ ਪੰਜਾਬ ਦੀ ਤਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹਾਲ ਵਿੱਚ ਹੀ ਹੁਕਮ ਜਾਰੀ ਕਰਕੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਕੋਰੋਨਾ ਦੇ ਮੂਹਰੇ ਕਰਨ ਦੇ ਨਾਲ-ਨਾਲ ਉਨ੍ਹਾਂ ਨੂੰ ਹੀ ਜਵਾਬ ਦੇਹ ਵੀ ਬਣਾ ਲਿਆ ਹੈ।

ਵਿਅੰਗਕਾਰਾਂ ਅਨੁਸਾਰ, ਕੋਰੋਨਾ ਖ਼ਿਲਾਫ਼ ਜੰਗ ਦੀ ਕਮਾਂਡ ਸ਼ੁਰੂ ਵਿੱਚ ਦੇਸ਼ ਦੇ ਪ੍ਰਧਾਨ ਮੰਤਰੀ ਨੇ ਸਾਂਭੀ ਸੀ, ਫ਼ਿਰ ਇਹ ਕਮਾਂਡ ਉਨ੍ਹਾਂ ਸੂਬਿਆਂ ਦੇ ਮੁੱਖ ਮੰਤਰੀਆਂ ਨੂੰ ਸਾਂਭ ਦਿੱਤੀ। ਹੁਣ ਜਦੋਂ ਬਾਜ਼ੀ ਹਰਦੀ ਹੋਈ ਨਜ਼ਰ ਆ ਰਹੀ ਹੈ ਤਾਂ ਮੁੱਖ ਮੰਤਰੀਆਂ ਨੇ, ਮੈਦਾਨ-ਏ-ਜੰਗ ਵਿੱਚ ਸਬੰਧਿਤ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਉਤਾਰ ਦਿੱਤਾ ਹੈ। ਵਿਅੰਗਕਾਰਾਂ ਅਨੁਸਾਰ ਜੇਕਰ ਡਿਪਟੀ ਕਮਿਸ਼ਨਰਾਂ ਦੀ ਵੀ ਬੱਸ ਹੋ ਗਈ ਤਾਂ ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ, ਅੱਗੋਂ ਕੋਰੋਨਾ ਦੀ ਲੜਾਈ ਦੀ ਜ਼ਿੰਮੇਵਾਰੀ, ਇਲਾਕਿਆਂ ਦੇ ਥਾਣਿਆਂ ਅਤੇ ਪੁਲਿਸ ਚੌਂਕੀਆਂ ਦੇ ਇੰਚਾਰਜਾਂ ਦੇ ਹਵਾਲੇ ਨਹੀਂ ਕਰ ਦਿੱਤੀ ਜਾਵੇਗੀ। ਸੌ ਗਜ਼ ਰੱਸਾ ਸਿਰੇ ਤੇ ਗੰਢ, ਫੁੱਟਬਾਲ ਬਣਾ ਛੱਡਿਐ, ਕੋਰੋਨਾ ਨੂੰ ਸਮੇਂ ਦੀਆਂ ਸਰਕਾਰਾਂ ਨੇ।

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।