ਕੋਰੋਨਾ ਹੁਣ ਨਾਈਟ ਸ਼ਿਫ਼ਟ 'ਤੇ !!! (ਵਿਅੰਗ)

Last Updated: Jun 02 2020 18:16
Reading time: 2 mins, 3 secs

ਭਾਵੇਂ ਇਸ ਨੂੰ ਲਾਕਡਾਊਨ-5 ਦਾ ਨਾਮ ਦੇ ਦਿਓ ਜਾਂ ਭਾਵੇਂ ਅਨਲਾਕ-1 ਦਾ, ਕੋਰੋਨਾ ਨੂੰ ਕੋਈ ਫ਼ਰਕ ਨਹੀਂ ਪੈਂਦਾ, ਇਹ ਗੱਲ ਠੀਕ ਹੈ ਕਿ, ਸਰਕਾਰ ਨੂੰ ਇਸ ਦਾ ਜ਼ਰੂਰ ਮਾੜਾ ਮੋਟਾ ਸਿਆਸੀ ਲਾਹਾ ਮਿਲੇਗਾ। 1 ਜੂਨ ਤੋਂ 30 ਜੂਨ ਦੇ ਸਮੇਂ ਨੂੰ ਅਨਲਾਕ ਦਾ ਨਾਮ ਦੇ ਕੇ ਕਿਤੇ ਨਾ ਕਿਤੇ ਸਰਕਾਰ ਨੇ ਦੇਸ਼ ਦੀ ਜਨਤਾ ਨੂੰ ਅਸਿੱਧੇ ਤੌਰ ਤੇ ਹੌਸਲਾ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ, ਛੇਤੀ ਹੀ ਅਸੀਂ ਕੋਰੋਨਾ ਤੇ ਜਿੱਤ ਹਾਸਲ ਕਰ ਲਵਾਂਗੇ, ਜਿੱਤ ਕਿੰਨੀ ਕੁ ਹਾਸਲ ਹੋਈ ਹੈ ਜਾਂ ਹੋਵੇਗੀ, ਇਹ ਇੱਕ ਵੱਖਰਾ ਵਿਸ਼ਾ ਤੇ ਸਵਾਲ ਹੈ।

ਗੱਲ ਕਰੀਏ ਜੇਕਰ, ਸਰਕਾਰ ਵੱਲੋਂ ਅਨਲਾਕ-1 ਨੂੰ ਲੈ ਕੇ ਜਾਰੀ ਕੀਤੀਆਂ ਗਈਆਂ ਗਾਈਡ ਲਾਈਨਜ਼ ਦੀਆਂ ਤਾਂ ਉਸ ਸੰਬੰਧੀ ਤਾਂ ਤੁਸੀਂ ਪਹਿਲਾਂ ਹੀ ਵੱਖ-ਵੱਖ ਅਖ਼ਬਾਰਾਂ ਤੇ ਚੈਨਲਾਂ ਦੇ ਜ਼ਰੀਏ ਜਾਣੂ ਹੋ ਚੁੱਕੇ ਹੋਵੋਂਗੇ। ਅੱਜ ਆਪਾਂ ਸਰਕਾਰ ਵੱਲੋਂ ਜਾਰੀ ਕੀਤੀਆਂ ਗਈਆਂ ਗਾਈਡ ਲਾਈਨਜ਼ 'ਚੋਂ ਸਿਰਫ਼ ਇੱਕ ਦਾ ਜ਼ਿਕਰ ਕਰਾਂਗੇ, ਜਿਸਦੇ ਤਹਿਤ ਸਰਕਾਰ ਨੇ ਰਾਤ 9 ਵਜੇ ਤੋਂ ਲੈ ਕੇ ਸਵੇਰ ਦੇ 5 ਵਜੇ ਤੱਕ ਸੂਬੇ ਵਿੱਚ ਕਰਫ਼ਿਊ ਜਾਰੀ ਰਹਿਣ ਦਾ ਫ਼ਰਮਾਨ ਜਾਰੀ ਕੀਤਾ ਹੈ।

ਦੋਸਤੋ, ਸਰਕਾਰ ਵੱਲੋਂ ਪੜਾਅਵਾਰ ਚੁੱਕੀਆਂ ਗਈਆਂ ਅਤੇ ਚੁੱਕੀਆਂ ਜਾ ਰਹੀਆਂ ਪਾਬੰਦੀਆਂ ਦਾ ਨਜਾਇਜ਼ ਫ਼ਾਇਦਾ ਉਠਾਉਣ ਤੋਂ ਪਹਿਲਾਂ ਤੁਹਾਨੂੰ ਇਸ ਗੱਲ ਦਾ ਜ਼ਰੂਰ ਖ਼ਿਆਲ ਰੱਖਣਾ ਚਾਹੀਦਾ ਹੈ ਕਿ, ਇਹ ਸਾਰੀਆਂ ਛੋਟਾਂ ਦੇਣੀਆਂ ਸਰਕਾਰ ਦੀ ਮਜਬੂਰੀ ਜ਼ਰੂਰ ਹੋ ਸਕਦੀ ਹੈ, ਕੋਰੋਨਾ ਦੀ ਨਹੀਂ।

ਦੋਸਤੋ, ਸਰਕਾਰ ਨੇ ਰਾਤ ਦੇ 9 ਵਜੇ ਤੋਂ ਲੈ ਕੇ ਸਵੇਰ ਦੇ 5 ਵਜੇ ਤੱਕ ਸੂਬੇ ਵਿੱਚ ਕਰਫ਼ਿਊ ਲਗਾਉਣ ਦਾ ਜਿਹੜਾ ਫ਼ੈਸਲਾ ਕੀਤਾ ਹੈ, ਉਹ ਸਹੀ ਹੈ ਜਾਂ ਗਲ਼ਤ ਉਹ ਤਾਂ ਇੱਕ ਵੱਖਰਾ ਵਿਸ਼ਾ ਹੈ ਪਰ, ਅਲੋਚਕਾਂ ਅਨੁਸਾਰ, ਇਹ ਫ਼ੈਸਲਾ ਹਾਸੋਹੀਣਾ ਜ਼ਰੂਰ ਜਾਪਦਾ ਹੈ। ਸਰਕਾਰ ਦੇ ਇਸ ਫ਼ੈਸਲੇ ਤੋਂ ਇੰਝ ਜਾਪਦਾ ਹੈ ਜਿਵੇਂ ਸਰਕਾਰ ਦੇ ਆਖ਼ੇ ਲੱਗ ਕੇ ਕੋਰੋਨਾ ਨਾਈਟ ਸ਼ਿਫ਼ਟ ਲਗਾਉਣ ਲਈ ਰਾਜ਼ੀ ਹੋ ਗਿਆ ਹੈ। ਜੇਕਰ ਅਸਿੱਧੇ ਤੌਰ ਤੇ ਇੰਝ ਵੀ ਆਖ ਦਿੱਤਾ ਜਾਵੇ ਕਿ, ਕੋਰੋਨਾ ਹੁਣ ਕੇਵਲ ਉਨ੍ਹਾਂ ਲੋਕਾਂ ਨੂੰ ਹੀ ਚਿੰਬੜੇਗਾ, ਜਿਹੜੇ ਰਾਤ ਦੇ 9 ਵਜੇ ਤੋਂ ਲੈ ਕੇ ਸਵੇਰ ਦੇ 5 ਵਜੇ ਦੇ ਦਰਮਿਆਨ ਆਪਣੇ ਘਰੋਂ ਬਾਹਰ ਨਿਕਲਣਗੇ, ਤਾਂ ਇਸ ਵਿੱਚ ਕੋਈ ਵੀ ਅਤਿਕਥਨੀ ਨਹੀਂ ਹੋਵੇਗੀ।

ਦੋਸਤੋ, ਮਾਹਿਰਾਂ ਅਨੁਸਾਰ ਇਹ ਗੱਲ ਪੂਰੇ ਯਕੀਨ ਨਾਲ ਨਹੀਂ ਆਖੀ ਜਾ ਸਕਦੀ ਕਿ, ਸਰਕਾਰਾਂ ਜਿਹੜੇ ਵੀ ਫ਼ੈਸਲੇ ਕਰਦੀਆਂ ਹਨ, ਉਹ ਜਨਤਾ ਦੇ ਹਿੱਤਾਂ ਨੂੰ ਮੂਹਰੇ ਰੱਖ ਕੇ ਹੀ ਕਰਦੀਆਂ ਹੋਣਗੀਆਂ। ਸਾਵਧਾਨੀਆਂ ਨੂੰ ਅੱਖੋਂ ਪਰੋਖੇ ਕਰਕੇ ਅਤੇ ਬਗੈਰ ਕੰਮ ਤੋਂ ਬਾਹਰ ਨਿਕਲੋਗੇ ਤਾਂ। ਮਾਰੇ ਤੁਸੀਂ ਜਾਣਾ ਹੈ, ਯਤੀਮ ਤੁਹਾਡੇ ਹੀ ਬੱਚਿਆਂ ਨੇ ਹੋਣਾ ਹੈ, ਸਰਕਾਰਾਂ ਦਾ ਕੁਝ ਨਹੀਂ ਜਾਣਾ, ਅਗਲਿਆਂ ਤਾਂ ਇਹ ਕਹਿ ਕੇ ਪੱਲਾ ਝਾੜ ਲੈਣਾ ਹੈ ਕਿ, ਅਸੀਂ ਤਾਂ ਪਹਿਲਾਂ ਹੀ ਚੇਤਾਵਨੀ ਦਿੱਤੀ ਸੀ। ਇਸ ਲਈ ਚੌੜਬਾਜੀ ਵਿੱਚ ਇਹ ਨਾ ਸਮਝ ਲਿਓ ਕੇ ਕੋਰੋਨਾ ਨਾਈਟ ਸ਼ਿਫ਼ਟ ਤੇ ਹੀ ਹੈ। 

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।