ਜੇਕਰ ਪਹਿਲੋਂ ਜਾਗੇ ਹੁੰਦੇ ਤਾਂ... (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Jun 02 2020 16:14
Reading time: 2 mins, 33 secs

ਪੰਜਾਬ ਦੇ ਅੰਦਰ ਜਦੋਂ ਤੋਂ ਬੀਜ ਜਾਂ ਫਿਰ ਨਕਲੀ ਕੀਟਨਾਸ਼ਕ ਦਾ ਰੌਲਾ ਪੈਂਦਾ ਹੈ ਤਾਂ ਉਸ ਤੋਂ ਤੁਰੰਤ ਬਾਅਦ ਸਰਕਾਰਾਂ ਅਤੇ ਪ੍ਰਸ਼ਾਸਨ ਹਰਕਤ ਵਿੱਚ ਆ ਜਾਂਦਾ ਹੈ। ਬੇਸ਼ੱਕ ਇਹ ਨਕਲੀ ਬੀਜ ਜਾਂ ਫਿਰ ਨਕਲੀ ਕੀਟਨਾਸ਼ਕ ਦਾ ਕਾਰੋਬਾਰ ਪਿਛਲੇ ਲੰਮੇ ਸਮੇਂ ਤੋਂ ਚਲਦਾ ਆ ਰਿਹਾ ਹੈ, ਪਰ ਇਸ ਨੂੰ ਰੋਕਣ ਦੇ ਵਿੱਚ ਕੋਈ ਵੀ ਸਰਕਾਰ ਅਹਿਮ ਕਦਮ ਨਹੀਂ ਪੁੱਟ ਸਕੀ। ਪੰਜਾਬ ਤੋਂ ਇਲਾਵਾ ਭਾਰਤ ਦੇ ਵੱਖ-ਵੱਖ ਹਿੱਸਿਆਂ ਵਿੱਚ ਹਰ ਸਾਲ ਹੀ ਕੋਈ ਨਾ ਕੋਈ ਨਵੀਂ ਬਿਮਾਰੀ ਦਸਤਕ ਦੇ ਦਿੰਦੀ ਹੈ।

ਜਿਸਦਾ ਸਭ ਤੋਂ ਵੱਧ ਨੁਕਸਾਨ ਕਿਸਾਨ ਨੂੰ ਹੀ ਹੁੰਦਾ ਹੈ। ਕਿਉਂਕਿ ਕਿਸਾਨ ਦੀ ਖੇਤਾਂ ਵਿੱਚ ਬੀਜੀ ਹੋਈ ਫ਼ਸਲ ਉੱਜੜ ਜਾਂਦੀ ਹੈ। ਪਿਛਲੇ ਕਰੀਬ 15 ਸਾਲ ਪਹਿਲੋਂ ਪੰਜਾਬ ਦੇ ਨਰਮਾ ਪੱਟੀ ਵਿੱਚ ਨਰਮੇ ਨੂੰ ਅਮਰੀਕੀ ਸੁੰਡੀ ਪੈ ਗਈ ਸੀ, ਜਿਸਦੇ ਕਾਰਨ ਕਿਸਾਨਾਂ ਦੀਆਂ ਹਜ਼ਾਰਾਂ ਏਕੜ ਫ਼ਸਲਾਂ ਤਬਾਹ ਹੋ ਗਈਆਂ ਸਨ, ਕਿਉਂਕਿ ਅਮਰੀਕਨ ਸੁੰਡੀ ਨੂੰ ਨਸ਼ਟ ਕਰਨ ਵਾਸਤੇ ਸਰਕਾਰ ਅਤੇ ਪ੍ਰਸ਼ਾਸਨ ਨੇ ਉਸ ਵੇਲੇ ਕੋਈ ਕਦਮ ਨਹੀਂ ਸੀ ਚੁੱਕੇ ਅਤੇ ਉਸ ਦੌਰਾਨ ਵੱਡੀ ਗਿਣਤੀ ਵਿੱਚ ਕਿਸਾਨ ਖੁਦਕੁਸ਼ੀਆਂ ਕਰ ਗਏ ਸਨ।

ਦੱਸ ਦਈਏ ਕਿ ਜਿੰਨੀਆਂ ਵੀ ਫ਼ਸਲੀ ਬਿਮਾਰੀਆਂ ਜਦੋਂ ਵੀ ਭਾਰਤ ਦੇ ਅੰਦਰ ਦਸਤਕ ਦਿੰਦੀਆਂ ਹਨ ਤਾਂ ਕਿਸਾਨ ਦਾ ਸਭ ਤੋਂ ਵੱਧ ਨੁਕਸਾਨ ਕਰਦੀਆਂ ਹਨ। ਜਦੋਂ ਕਿਸਾਨਾਂ ਨੂੰ ਨਰਮੇ ਵਿੱਚੋਂ ਘਾਟਾ ਪੈਣਾ ਸ਼ੁਰੂ ਹੋ ਗਿਆ ਤਾਂ ਕਿਸਾਨਾਂ ਨੇ ਬਦਲਾਈ ਚੱਕਰ ਵਿੱਚ ਮੁੱਖ ਤੌਰ 'ਤੇ ਝੋਨਾ ਦੀ ਫ਼ਸਲ ਬੀਜਣੀ ਸ਼ੁਰੂ ਕਰ ਦਿੱਤੀ ਅਤੇ ਕਈ ਜਗ੍ਹਾਵਾਂ 'ਤੇ ਤਾਂ ਕਿਸਾਨਾਂ ਨੇ ਕਿੰਨੂਆਂ ਅਤੇ ਹੋਰ ਫਲਾਂ ਦੇ ਬਾਗ਼ ਵੀ ਲਗਾਉਣੇ ਸ਼ੁਰੂ ਕਰ ਦਿੱਤੇ, ਜੋ ਹੁਣ ਵੀ ਹਨ, ਪਰ ਭਾਅ ਚੰਗਾ ਨਾ ਮਿਲਣ ਕਾਰਨ ਇਹ ਧੰਦਾ ਵੀ ਚੌਪਟ ਹੁੰਦਾ ਜਾ ਰਿਹਾ ਹੈ।

ਦੱਸ ਦਈਏ ਕਿ ਜਦੋਂ ਅਮਰੀਕਨ ਸੁੰਡੀ ਨੇ ਭਾਰਤ ਅੰਦਰ ਦਸਤਕ ਦਿੱਤੀ ਸੀ ਤਾਂ ਉਸ ਦੀ ਜਾਂਚ ਕਰਨ ਵਾਸਤੇ ਇੱਕ ਜਾਂਚ ਕਮੇਟੀ ਬਣਾਈ ਸੀ, ਜਿਸ ਨੇ ਉਸ ਵਕਤ ਕਿਹਾ ਸੀ ਕਿ ਨਕਲੀ ਬੀਟੀ ਕਾਟਨ ਅਤੇ ਕੀਟਨਾਸ਼ਕ ਦਵਾਈ ਹੋਣ ਦੇ ਕਾਰਨ ਜ਼ਿਆਦਾ ਫ਼ਸਲਾਂ ਦਾ ਨੁਕਸਾਨ ਹੋਇਆ ਹੈ। ਬੇਸ਼ੱਕ ਹੁਣ ਪੰਜਾਬ ਦੇ ਅੰਦਰ ਨਕਲੀ ਬੀਜ ਦਾ ਕਾਫ਼ੀ ਜ਼ਿਆਦਾ ਰੌਲਾ ਪਿਆ ਹੋਇਆ ਹੈ, ਪਰ ਇਸ ਦਾ ਸਭ ਤੋਂ ਵੱਧ ਫ਼ਾਇਦਾ ਵਿਰੋਧੀ ਧਿਰਾਂ ਚੁੱਕ ਰਹੀਆਂ ਹਨ, ਜਦਕਿ ਕਿਸਾਨਾਂ ਦਾ ਨਕਲੀ ਬੀਜਾਂ ਕਾਰਨ ਨੁਕਸਾਨ ਹੋ ਰਿਹਾ ਹੈ।

ਮੁੱਕਦੀ ਗੱਲ ਅਸੀਂ ਕਹਿ ਸਕਦੇ ਹਾਂ ਕਿ ਹਰ ਵਾਰ ਕਿਸਾਨਾਂ ਦਾ ਹੀ ਨੁਕਸਾਨ ਹੁੰਦਾ ਹੈ, ਜਦਕਿ ਸਿਆਸੀ ਲੀਡਰ ਤਾਂ ਸਿਆਸਤ ਘੋਲ ਕੇ ਚਲਦੇ ਬਣਦੇ ਹਨ। ਦੱਸ ਦਈਏ ਕਿ ਜਦੋਂ ਪੰਜਾਬ ਦੇ ਅੰਦਰ ਅਕਾਲੀ ਭਾਜਪਾ ਦੀ ਸਰਕਾਰ ਸੀ ਉਦੋਂ ਵੀ ਨਕਲੀ ਬੀਜ ਅਤੇ ਨਕਲੀ ਕੀਟਨਾਸ਼ਕ ਦਵਾਈਆਂ ਦਾ ਰੌਲਾ ਪਿਆ ਸੀ ਅਤੇ ਉਸ ਵੇਲੇ ਵੀ ਖੇਤੀਬਾੜੀ ਮੰਤਰੀ ਉੱਪਰ ਕਈ ਸਵਾਲ ਉੱਠੇ ਸਨ, ਪਰ ਉਹ ਮਾਮਲਾ ਵਿੱਚੇ ਹੀ ਧਰਿਆ ਧਰਾਇਆ ਰਹਿ ਗਿਆ, ਕਿਉਂਕਿ ਸਰਕਾਰਾਂ ਤੇ ਲੀਡਰ ਸਭ ਆਪਸ ਵਿੱਚ ਮਿਲੇ ਹੁੰਦੇ ਹਨ।

ਕਿਸੇ 'ਤੇ ਕੋਈ ਵੀ ਕਾਰਵਾਈ ਨਹੀਂ ਹੋਣ ਦਿੰਦੇ। ਦੱਸਣਾ ਬਣਦਾ ਹੈ ਕਿ ਹੁਣ ਪੰਜਾਬ ਦੇ ਡਿਪਟੀ ਕਮਿਸ਼ਨਰਾਂ ਦੇ ਵੱਲੋਂ ਪੰਜਾਬ ਸਰਕਾਰ ਦੇ ਨਿਰਦੇਸ਼ਾਂ ਮੁਤਾਬਿਕ ਇਹ ਪ੍ਰੈਸ ਨੋਟ ਜਾਰੀ ਕੀਤੇ ਜਾ ਰਹੇ ਹਨ ਕਿ ਘਟੀਆ ਕਵਾਲਿਟੀ ਦੇ ਬੀਜ ਸਪਲਾਈ ਕਰਨ ਵਾਲਿਆਂ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ ਅਤੇ ਕਿਸਾਨ ਭਾਈਚਾਰੇ ਦੇ ਹਿਤਾਂ ਦੀ ਰੱਖਿਆ ਲਈ ਹਰ ਪ੍ਰਕਾਰ ਦੇ ਕਦਮ ਚੁੱਕੇ ਜਾ ਰਹੇ ਹਨ। ਵੇਖਿਆ ਜਾਵੇ ਤਾਂ ਜੇਕਰ ਸਰਕਾਰ ਨੇ ਇਹ ਸਖ਼ਤੀ ਪਹਿਲੋਂ ਵਿਖਾਈ ਹੁੰਦੀ ਤਾਂ ਅੱਜ ਵੱਡਾ ਬੀਜ ਘੁਟਾਲਾ ਸਾਹਮਣੇ ਨਾ ਆਉਂਦਾ, ਪਰ ਲੀਡਰਾਂ ਨੇ ਮਾਲ ਵੀ ਤਾਂ ਛਕਣਾ ਹੁੰਦਾ ਹੈ। ਇਸ ਲਈ ਉਹ ਕਿਵੇਂ ਪਹਿਲੋਂ ਸਖ਼ਤੀ ਕਰ ਸਕਦੇ ਹਨ?

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।