ਕੁਝ ਨਹੀਂ ਰਹਿ ਗਿਆ ਹੁਣ ਪੰਚਾਇਤਾਂ ਦੇ ਪੱਲੇ ਵੀ!!

Last Updated: Jan 06 2020 11:21
Reading time: 1 min, 21 secs

ਵੈਸੇ ਤਾਂ ਸਾਡੇ ਦੇਸ਼ ਦੀਆਂ ਪੰਚਾਂ, ਸਰਪੰਚਾਂ ਅਤੇ ਪੰਚਾਇਤਾਂ ਦੇ ਪੱਲੇ ਸਿਵਾਏ ਫੋਕੀਆਂ ਚੌਧਰਾਂ ਦੇ ਕਦੇ ਕੁਝ ਵੀ ਨਹੀਂ ਰਿਹਾ ਪਰ ਫੇਰ ਵੀ ਪਿੰਡਾਂ ਵਾਲੇ ਅੱਜ ਵੀ ਇਸੇ ਉਮੀਦ ਚ ਤੁਰੇ ਫਿਰਦੇ ਹਨ ਕਿ ਸ਼ਾਇਦ ਉਨ੍ਹਾਂ ਦੇ ਵੀ ਕਦੇ ਅੱਛੇ ਦਿਨ ਆਉਣਗੇ। ਜਦੋਂ ਵੀ ਸਾਡੇ ਦੇਸ਼ ਚ ਚੋਣਾਂ ਦਾ ਮਾਹੌਲ ਬਣਦਾ ਹੈ ਸਭ ਤੋਂ ਵੱਡਾ ਰੋਲ ਪਿੰਡਾਂ ਵਾਲੇ ਹੀ ਅਦਾ ਕਰਦੇ ਹਨ। ਪਿੰਡਾਂ ਵਾਲਿਆਂ ਦੀਆਂ ਵੋਟਾਂ ਹੀ ਇਸ ਗੱਲ ਦਾ ਫੈਸਲਾ ਕਰਦੀਆਂ ਹਨ ਕਿ ਸਰਕਾਰ ਕਿਸ ਪਾਰਟੀ ਦੀ ਬਣਨੀ ਹੈ ਤੇ ਕਿਸ ਦਾ ਡੋਲੂ ਮਾਂਜਿਆ ਜਾਣਾ ਹੈ, ਪਰ ਇਹ ਗੱਲ ਵੀ ਨਜ਼ਰਅੰਦਾਜ਼ ਨਹੀਂ ਕੀਤੀ ਜਾ ਸਕਦੀ ਕਿ ਕੁੱਟ ਤੇ ਲੁੱਟ ਦਾ ਸ਼ਿਕਾਰ ਵੀ ਪੀ ਪਿੰਡਾ ਵਾਲਿਆਂ ਨੂੰ ਹੀ ਵਧੇਰੇ ਹੋਣਾ ਪੈਂਦਾ ਹੈ।

ਦੋਸਤੋਂ ਗੱਲ ਕਰੀਏ ਜੇਕਰ ਲੰਘੇ ਸਾਲ ਹੋਈਆਂ ਪੰਚਾਇਤ ਚੋਣਾਂ ਦੀ ਤਾਂ ਉਨ੍ਹਾਂ ਦਿਨਾਂ ਚ ਪਿੰਡਾਂ ਵਾਲਿਆਂ ਨੂੰ ਹਮੇਸ਼ਾਂ ਵਾਂਗ ਬਡ਼ਾ ਚਾਅ ਸੀ ਕਿ, ਸ਼ਾਇਦ ਇਸ ਵਾਰ ਉਨ੍ਹਾਂ ਦੇ ਅੱਛੇ ਦਿਨ ਜ਼ਰੂਰ ਆਉਣਗੇ। ਲੋਕਾਂ ਅੰਦਰ ਹਮੇਸ਼ਾਂ ਵਾਂਗ ਹੀ ਚਾਅ ਸੀ ਕਿ ਆਪਣੀ ਮਰਜ਼ੀ ਦੇ ਨੁਮਾਇੰਦੇ ਚੁਣ ਕੇ ਆਪਣੀ ਮਰਜ਼ੀ ਦਾ ਵਿਕਾਸ ਕਰਵਾਉਣਗੇ।ਦੋਸਤੋ ਪਤਨਾਲਾ ਅੱਜ ਵੀ ਉਥੇ ਦਾ ਓਥੇ ਹੀ ਹੈ। ਨਾ ਹੀ ਬਹੁਤੇ ਪਿੰਡਾਂ ਵਾਲਿਆਂ ਨੂੰ ਆਪਣੀ ਪਸੰਦ ਦੇ ਨੁਮਾਇੰਦੇ ਹੀ ਮਿਲੇ ਤੇ ਨਾ ਹੀ ਮਨਪਸੰਦ ਦਾ ਵਿਕਾਸ ਹੀ ਹੋਇਆ। ਦੋਸਤੋਂ ਅੱਜ ਵੀ ਸਾਡੇ ਦੇਸ਼ ਦੀਆਂ ਭਾਵੇਂ ਸਾਰੀਆਂ ਨਹੀਂ ਪਰ ਬਹੁਤੀਆਂ ਪੰਚਾਇਤਾਂ ਵਿੱਤੀ ਤੌਰ ਤੇ ਨੰਗ ਹਨ, ਉਨ੍ਹਾਂ ਕੋਲ ਯੋਜਨਾਵਾਂ ਜਰੂਰ ਹੋਣਗੀਆਂ ਪਰ ਉਨ੍ਹਾਂ ਨੂੰ ਪੂਰਾ ਕਰਨ ਲਈ ਪੈਸਾ ਨਹੀਂ ਹੈ।ਸਰਕਾਰ ਦੇ ਤਿੰਨ ਵਰ੍ਹੇ ਪੂਰੇ ਹੋਣ ਨੂੰ ਹਨ ਤੇ ਲੋਗ ਖੁਦ ਨੂੰ ਠੱਗਿਆ ਠੱਗਿਆ ਮਹਿਸੂਸ ਕਰ ਰਹੇ ਹਨ, ਸ਼ਾਇਦ ਉਨ੍ਹਾਂ ਪੇਂਡੂਆਂ ਨੂੰ ਇਸ ਗੱਲ ਦਾ ਵੱਧ ਅਹਿਸਾਸ ਹੋਣਾ ਹੈ ਜਿਨ੍ਹਾਂ ਨੇ ਮੌਜ਼ੂਦਾ ਸਰਕਾਰ ਨੂੰ ਹੋਂਦ ਚ ਲਿਆਉਣ ਲਈ ਆਪਣੇ ਲੀਡ਼ੇ ਪਡ਼ਵਾਏ ਹੋਣਗੇ। ਭਲਾ ਦੱਸੋ ਕੀ ਰਹਿ ਗਿਆ ਹੈ ਅੱਜ ਪੰਚਾਇਤਾਂ ਦੇ ਪੱਲੇ?