ਜੇਲ੍ਹਾਂ 'ਚ ਚੱਲਦੇ ਗ਼ੈਰ ਕਾਨੂੰਨੀ ਕਾਰੋਬਾਰ ਆਖ਼ਰ ਕਦੋਂ ਹੋਣਗੇ ਬੰਦ !!! (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Jan 06 2020 11:31
Reading time: 2 mins, 24 secs

ਪੰਜਾਬ ਦੀਆਂ ਜੇਲ੍ਹਾਂ ਵਿੱਚ ਭਾਵੇਂ ਹੀ ਹਮੇਸ਼ਾ ਸਖਤੀ ਵਰਤਣ ਦੇ ਦਾਅਵੇ ਜੇਲ੍ਹ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਕਰਦੀ ਰਹਿੰਦੀ ਹੈ। ਪਰ ਫਿਰ ਵੀ ਸਰਕਾਰ ਤੋਂ ਇਲਾਵਾ ਸਿਆਸੀ ਸ਼ਹਿ ਪ੍ਰਾਪਤ ਕੈਦੀ ਅਤੇ ਹਵਾਲਾਤੀ ਖੁੱਲ੍ਹੇਆਮ ਜੇਲ੍ਹ ਦੇ ਅੰਦਰ ਗੈਰ ਕਾਨੂੰਨੀ ਧੰਦਾ ਚਲਾਉਂਦੇ ਹਨ। ਦੱਸ ਦਈਏ ਕਿ ਕਥਿਤ ਤੌਰ ਤੇ ਲੀਡਰਾਂ ਦੀ ਸ਼ਹਿ ਤੇ ਕਈ ਕੈਦੀ ਅਤੇ ਹਵਾਲਾਤੀ ਬਾਰ ਦੀ ਬਜਾਏ ਜੇਲ੍ਹ ਦੇ ਅੰਦਰ ਬੈਠ ਕੇ ਅਜਿਹਾ ਕਾਰੋਬਾਰ ਕਰਦੇ ਹਨ, ਜਿਸਦੇ ਬਾਰੇ ਅਸੀਂ ਸੋਚ ਵੀ ਨਹੀਂ ਸਕਦੇ। ਕਿਉਂਕਿ ਜੇਲ੍ਹ ਵਿੱਚ ਉਨ੍ਹਾਂ ਨੂੰ ਕੋਈ ਰੋਕਣ ਟੋਕਣ ਵਾਲਾ ਨਹੀਂ ਹੁੰਦਾ। ਇਸੇ ਕਰਕੇ ਉਹ ਜੇਲ੍ਹ ਦੇ ਵਿੱਚ ਸ਼ਰੇਆਮ ਆਪਣਾ ਕਾਰੋਬਾਰ ਚਲਾਉਂਦੇ ਰਹਿੰਦੇ ਹਨ ਅਤੇ ਅੰਦਰ ਬੈਠੇ ਕੈਦੀ ਅਤੇ ਹਵਾਲਾਤੀ ਹੀ ਬਾਹਰ ਵੱਡੇ ਪੱਧਰ ਦੇ ਕ੍ਰਾਈਮ ਕਰਦੇ ਰਹਿੰਦੇ ਹਨ।

ਦੋਸਤੋ ਤੁਹਾਨੂੰ ਦੱਸ ਦਈਏ ਕਿ ਜਿੰਨੀਆਂ ਵੀ ਜੇਲ੍ਹ ਤੋਂ ਬਾਹਰ ਵਾਰਦਾਤਾਂ ਹੁੰਦੀਆਂ ਹਨ, ਉਨ੍ਹਾਂ ਦਾ ਸਿੱਧਾ ਸੰਪਰਕ ਜੇਲ੍ਹਾਂ ਦੇ ਨਾਲ ਹੀ ਹੁੰਦਾ ਹੈ, ਕਿਉਂਕਿ ਜੇਲ੍ਹਾਂ ਵਿੱਚ ਬੈਠੇ ਖ਼ਤਰਨਾਕ ਕੈਦੀ ਅਤੇ ਹਵਾਲਾਤੀ ਹੀ ਇਨ੍ਹਾਂ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕਰਦੇ ਹਨ। ਦੋਸਤੋਂ, ਜੇਕਰ ਦੂਜੇ ਪਾਸੇ ਗੱਲ ਕਰੀਏ ਫਿਰੋਜ਼ਪੁਰ ਕੇਂਦਰੀ ਜੇਲ੍ਹ ਦੀ ਤਾਂ ਲਗਾਤਾਰ ਕੇਂਦਰੀ ਜੇਲ੍ਹ ਫ਼ਿਰੋਜ਼ਪੁਰ ਦੇ ਵਿੱਚੋਂ ਮੋਬਾਈਲ ਫੋਨ ਅਤੇ ਨਸ਼ਾ ਬਰਾਮਦ ਹੋਣ ਦੀਆਂ ਖ਼ਬਰਾਂ ਪ੍ਰਾਪਤ ਹੋ ਰਹੀਆਂ ਹਨ। ਦਰਅਸਲ ਇਹ ਨਸ਼ਾ ਬੇਸ਼ੱਕ ਬਾਹਰੋਂ ਹੀ ਅੰਦਰ ਜਾਂਦਾ ਹੈ, ਪਰ ਇਸਦਾ ਹੁਣ ਤੱਕ ਪਤਾ ਨਹੀਂ ਲੱਗ ਸਕਿਆ ਕਿ ਇਹ ਨਸ਼ਾ ਕਿਸ ਪ੍ਰਕਾਰ ਜੇਲ੍ਹ ਦੀਆਂ ਸਲਾਖਾਂ ਪਿੱਛੇ ਪਹੁੰਚਦਾ ਹੈ।

ਬੇਸ਼ੱਕ ਜੇਲ੍ਹ ਪੁਲਿਸ ਨੂੰ ਵੀ ਇਨ੍ਹਾਂ ਸਾਰੀਆਂ ਗੱਲਾਂ ਦਾ ਪਤਾ ਹੈ, ਪਰ ਫਿਰ ਵੀ ਜੇਲ੍ਹ ਪ੍ਰਸ਼ਾਸਨ ਇਨ੍ਹਾਂ ਗੱਲਾਂ ਤੇ ਪਰਦਾ ਪਾਉਣ ਦੀ ਹਮੇਸ਼ਾ ਹੀ ਕੋਸ਼ਿਸ਼ ਕਰਦਾ ਰਿਹਾ ਹੈ। ਜੇਲ੍ਹ ਵਿੱਚੋਂ ਰੋਜ਼ਾਨਾ ਬਰਾਮਦ ਹੋ ਰਹੇ ਨਸ਼ੇ ਨੇ ਇਹ ਤਾਂ ਸਾਬਤ ਕਰ ਦਿੱਤਾ ਹੈ ਕਿ ਜੇਲ੍ਹ ਦੇ ਵਿੱਚ ਨਸ਼ਾ ਖੁੱਲ੍ਹੇਆਮ ਅਤੇ ਮੋਬਾਈਲ ਫੋਨਾਂ ਦੀ ਵਰਤੋਂ ਵੀ ਜ਼ੋਰਾਂ ਸ਼ੋਰਾਂ ਦੇ ਨਾਲ ਹੁੰਦੀ ਹੈ। ਪਰ ਫਿਰ ਵੀ ਜੇਲ੍ਹ ਪ੍ਰਸ਼ਾਸਨ ਆਪਣੀ ਗਲਤੀ ਮੰਨਣ ਨੂੰ ਤਿਆਰ ਨਹੀਂ ਹੈ। ਦੋਸਤੋ ਤੁਹਾਨੂੰ ਦੱਸ ਦਈਏ ਕਿ ਜੇਲ੍ਹਾਂ ਦੇ ਵਿੱਚ ਭਾਵੇਂ ਹੀ ਸਖ਼ਤੀ ਵਰਤੀ ਜਾਂਦੀ ਹੈ, ਪਰ ਫਿਰ ਵੀ ਜੇਲ੍ਹ ਦੇ ਵਿੱਚ ਪਤਾ ਨਹੀਂ ਕਿਹੜੇ ਤਰੀਕੇ ਦੇ ਨਾਲ ਕੈਦੀ ਅਤੇ ਹਵਾਲਾਤੀ ਮੋਬਾਈਲ ਫੋਨ ਅਤੇ ਨਸ਼ਾ ਲੈ ਜਾਂਦੇ ਹਨ। ਇਹ ਵੀ ਦੱਸ ਦਈਏ ਕਿ ਜੇਲ੍ਹਾਂ ਵਿੱਚੋਂ ਮੋਬਾਈਲ ਫ਼ੋਨ ਅਤੇ ਨਸ਼ਾ ਬਰਾਮਦ ਹੋਣ ਦਾ ਕੋਈ ਇੱਕ ਮਾਮਲਾ ਨਹੀਂ, ਬਲਕਿ ਇਸ ਤੋਂ ਪਹਿਲਾਂ ਸੈਂਕੜੇ ਮਾਮਲੇ ਫਿਰੋਜ਼ਪੁਰ ਸਿਟੀ ਥਾਣੇ ਦੇ ਵਿੱਚ ਦਰਜ ਹੋ ਚੁੱਕੇ ਹਨ, ਜਿਸਦੇ ਵਿੱਚ ਕਈ ਕੈਦੀ ਅਤੇ ਹਵਾਲਾਤੀ ਰਗੜੇ ਵੀ ਗਏ ਹਨ।

ਇਸ ਤੋਂ ਇਲਾਵਾ ਜੇਲ੍ਹ ਅੰਦਰ ਗੈਰ ਕਾਨੂੰਨੀ ਸਾਮਾਨ ਲਿਜਾਉਣ ਦੇ ਦੋਸ਼ਾਂ ਤਹਿਤ ਕਈ ਜੇਲ੍ਹ ਮੁਲਾਜ਼ਮਾਂ ਦੇ ਖ਼ਿਲਾਫ਼ ਫਿਰੋਜ਼ਪੁਰ ਸਿਟੀ ਥਾਣੇ ਦੇ ਵਿੱਚ ਮਾਮਲੇ ਦਰਜ ਹੋ ਚੁੱਕੇ ਹਨ। ਪਰ ਫਿਰ ਵੀ ਇਹ ਧੰਦਾ ਰੁਕਣ ਦਾ ਨਾਮ ਨਹੀ ਲੈ ਰਿਹਾ। ਦੋਸਤੋਂ, ਹੁਣ ਦੇਖਣਾ ਇਹ ਹੋਵੇਗਾ ਕਿ ਆਖਿਰ ਕਦੋਂ ਜੇਲ੍ਹਾਂ ਦੇ ਅੰਦਰ ਮੋਬਾਈਲ ਫ਼ੋਨ ਅਤੇ ਨਸ਼ੇ ਦਾ ਕਾਰੋਬਾਰ ਬੰਦ ਹੁੰਦਾ ਹੈ। ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਕੀ ਬਣਦਾ ਹੈ? ਬਾਕੀ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੇ ਵੱਲੋਂ ਜੋ ਵੀ ਬੀਤੇ ਸਮੇਂ ਵਿੱਚ ਦਾਅਵੇ ਤੇ ਵਾਅਦੇ ਕੀਤੇ ਗਏ ਹਨ, ਉਨ੍ਹਾਂ ਵਾਅਦਿਆਂ ਅਤੇ ਦਾਅਵਿਆਂ ਵਿੱਚੋਂ ਇੱਕ ਵੀ ਪੂਰਾ ਨਹੀਂ ਹੋ ਸਕਿਆ, ਜਿਸਦੇ ਕਾਰਨ ਜੇਲ੍ਹ ਹੁਣ ਖਾਲਾ ਜੀ ਦਾ ਵਾੜਾ ਬਣੀਆਂ ਪਈਆਂ ਹਨ।

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।