ਦੇਸ਼ ਵਿਆਪੀ ਹੜਤਾਲ ਹਿਲਾਏਗੀ ਮੋਦੀ ਹਕੂਮਤ ਜੜ੍ਹਾਂ!!! (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Jan 05 2020 15:37
Reading time: 3 mins, 13 secs

ਜਦੋਂ ਤੋਂ ਕੇਂਦਰ ਦੇ ਵਿੱਚ ਮੋਦੀ ਦੀ ਅਗਵਾਈ ਵਾਲੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਆਈ ਹੈ, ਉਦੋਂ ਤੋਂ ਲੈ ਕੇ ਹੀ ਦੇਸ਼ ਦੇ ਅੰਦਰ ਫਿਰਕਾਪ੍ਰਸਤੀ ਦਾ ਦੌਰ ਜਾਰੀ ਹੈ। ਦੇਸ਼ ਦੇ ਅੰਦਰ ਕਥਿਤ ਤੌਰ 'ਤੇ ਘੱਟ ਗਿਣਤੀਆਂ ਨੂੰ ਮੋਦੀ ਸਰਕਾਰ ਦੇ ਵੱਲੋਂ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਅਤੇ ਜਿਹੜਾ ਵੀ ਮੋਦੀ ਸਰਕਾਰ ਦੀਆਂ ਨੀਤੀਆਂ ਤੋਂ ਨਾਖੁਸ਼ ਹੈ, ਉਸ ਨੂੰ ਦੇਸ਼ ਧਰੋਹੀ ਸਾਬਤ ਕੀਤਾ ਜਾ ਰਿਹਾ ਹੈ। ਬੇਸ਼ੱਕ ਸੰਘਰਸ਼ ਕਰਨ ਦਾ ਸਭ ਨੂੰ ਅਧਿਕਾਰ ਹੈ, ਪਰ ਮੋਦੀ ਹਕੂਮਤ ਦੇ ਵੱਲੋਂ ਸੰਘਰਸ਼ ਕਰਨ ਵਾਲਿਆਂ 'ਤੇ ਕਹਿਰ ਢਾਹਿਆ ਜਾ ਰਿਹਾ ਹੈ।

ਦੱਸ ਦਈਏ ਕਿ ਮੋਦੀ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਦੇ ਵਿਰੁੱਧ ਇੱਕ ਵਾਰ ਫਿਰ ਤੋਂ ਦੇਸ਼ ਪੂਰੀ ਤਰ੍ਹਾਂ ਨਾਲ ਹਿੱਲਣ ਜਾ ਰਿਹਾ ਹੈ, ਜਿਸ ਨੂੰ ਲੈ ਕੇ ਮੋਦੀ ਸਰਕਾਰ ਕਾਫ਼ੀ ਜ਼ਿਆਦਾ ਔਖੀ ਹੋਈ ਜਾ ਰਹੀ ਹੈ। ਕਿਉਂਕਿ ਇਸ ਵਾਰ 8 ਜਨਵਰੀ ਦੀ ਹੜਤਾਲ ਵਿੱਚ ਕੋਈ ਇੱਕ ਵਰਗ ਨਹੀਂ, ਬਲਕਿ ਦੇਸ਼ ਦਾ ਹਰ ਵਰਗ ਇਸ ਹੜਤਾਲ ਵਿੱਚ ਹਿੱਸਾ ਲੈ ਰਿਹਾ ਹੈ। ਮੋਦੀ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਦੀ ਬੇਸ਼ੱਕ ਹੁਣ ਤੱਕ ਨਿੰਦਾ ਹੁੰਦੀ ਆਈ ਹੈ, ਪਰ ਮੋਦੀ ਹਕੂਮਤ ਦੇ ਵਿਰੁੱਧ ਜਿਹੜਾ ਵੀ ਬੋਲਿਆ ਹੈ, ਉਸ ਨੂੰ ਜੇਲ੍ਹ ਦੀ ਹਵਾ ਖਾਣੀ ਪਈ ਹੈ।

ਦੱਸ ਦਈਏ ਕਿ ਭਾਰਤ ਭਰ ਦਾ ਕਿਰਤੀ ਵਰਗ, ਕਿਸਾਨ ਵਰਗ, ਮੁਲਾਜ਼ਮ ਵਰਗ, ਵਿਦਿਆਰਥੀ ਵਰਗ, ਨੌਜਵਾਨ ਵਰਗ ਤੋਂ ਇਲਾਵਾ ਹਰ ਫੀਲਡ ਵਿੱਚ ਕੰਮ ਕਰਨ ਵਾਲਾ ਇਸ ਦੇਸ਼ ਵਿਆਪੀ 8 ਜਨਵਰੀ ਦੀ ਹੜਤਾਲ ਵਿੱਚ ਹਿੱਸਾ ਲੈਣ ਜਾ ਰਿਹਾ ਹੈ। ਦੱਸ ਦਈਏ ਕਿ ਇਹ ਪਹਿਲੀ ਦਫ਼ਾ ਹੋਇਆ ਹੈ ਕਿ ਭਾਰਤ ਦੇ ਸਮੂਹ ਵਰਗ ਇੱਕ ਵਾਰ ਇਕੱਠੇ ਹੋ ਕੇ ਹਕੂਮਤ ਵਿਰੁੱਧ ਹੱਲਾ ਬੋਲਣ ਚੱਲੇ ਹਨ। ਦੱਸ ਦਈਏ ਕਿ ਦੇਸ਼ ਦੇ ਕਿਸਾਨ, ਕਿਰਤੀ, ਮਜ਼ਦੂਰ, ਮੁਲਾਜ਼ਮ, ਵਿਦਿਆਰਥੀ ਅਤੇ ਨੌਜਵਾਨ ਵਰਗ ਦੀ ਹਾਲਤ ਕਾਫ਼ੀ ਜ਼ਿਆਦਾ ਮਾੜੀ ਹੋਈ ਪਈ ਹੈ।

ਕਿਉਂਕਿ ਮੋਦੀ ਸਰਕਾਰ ਦੇਸ਼ ਦੇ ਲੋਕਾਂ ਨੂੰ ਧਰਮ ਤੇ ਜਾਤ ਦੇ ਆਧਾਰ 'ਤੇ ਵੰਡਣ ਤੁਰ ਪਈ ਹੈ, ਪਰ!! ਕਮਿਊਨਿਸਟ ਲੋਕਾਂ ਨੂੰ ਇਹ ਸਭ ਪਾਬੰਦ ਨਹੀਂ ਹੈ। ਕਿਰਤੀਆਂ ਦੇ ਲਾਲ ਝੰਡੇ ਅਤੇ ਕਿਸਾਨਾਂ ਦੇ ਹਰੇ ਝੰਡੇ ਹੇਠ ਜਿਸ ਪ੍ਰਕਾਰ ਸੰਘਰਸ਼ ਚੱਲ ਰਿਹਾ ਹੈ ਤਾਂ ਹੁਣ ਜਾਪ ਰਿਹਾ ਹੈ ਕਿ ਜਿੱਤ ਲੜਦੇ ਲੋਕਾਂ ਦੀ ਹੀ ਹੋਵੇਗੀ। 'ਨਿਊਜ਼ਨੰਬਰ' ਨਾਲ ਗੱਲਬਾਤ ਕਰਦੇ ਹੋਏ ਪੰਜਾਬ ਸਬਾਰਡੀਨੇਟਰ ਸਰਵਿਸਿਜ਼ ਫੈਡਰੇਸ਼ਨ ਦੇ ਸੂਬਾ ਪ੍ਰਧਾਨ ਅਤੇ ਆਲ ਇੰਡੀਆ ਸਟੇਟ ਗੌਰਮਿੰਟ ਇੰਪਲਾਈਜ਼ ਫੈਡਰੇਸ਼ਨ ਦੇ ਕੌਮੀ ਫਾਈਸ ਚੇਅਰਮੈਨ ਸਤੀਸ਼ ਰਾਣਾ, ਸੂਬਾ ਜਨਰਲ ਸਕੱਤਰ ਤੀਰਥ ਸਿੰਘ ਬਾਸੀ ਅਤੇ ਪੰਜਾਬ ਸਬਾਰਡੀਨੇਟਰ ਸਰਵਿਸਿਜ਼ ਫੈਡਰੇਸ਼ਨ ਦੇ ਜ਼ਿਲ੍ਹਾ ਫਿਰੋਜ਼ਪੁਰ ਦੇ ਪ੍ਰਧਾਨ ਕਿਸ਼ਨ ਚੰਦ ਜਾਗੋਵਾਲੀਆ ਨੇ ਦੱਸਿਆ ਕਿ ਦੇਸ਼ ਅੰਦਰ ਫ਼ਿਰਕਾਪ੍ਰਸਤੀ ਦਾ ਦੌਰ ਜਾਰੀ ਹੈ।

ਆਗੂਆਂ ਨੇ ਦੱਸਿਆ ਕਿ ਸਮੁੱਚੇ ਦੇਸ਼ ਵਿੱਚ ਵੱਧ ਰਹੀ ਮਹਿੰਗਾਈ, ਲੁੱਟ ਘਸੁੱਟ, ਬੇਰੁਜ਼ਗਾਰੀ, ਨਵੀਂ ਭਰਤੀ, ਕਿਸਾਨ, ਮਜ਼ਦੂਰਾਂ ਵੱਲੋਂ ਕੀਤੀਆਂ ਜਾ ਰਹੀਆਂ ਆਤਮ ਹੱਤਿਆਵਾਂ, ਵਧ ਰਹੇ ਪ੍ਰਦੂਸ਼ਨ ਆਦਿ ਮੁੱਦਿਆਂ 'ਤੇ 8 ਜਨਵਰੀ 2020 ਨੂੰ ਹੋ ਰਹੀ ਕੌਮੀ ਪੱਧਰ ਦੀ ਹੜਤਾਲ ਨੂੰ ਕਾਮਯਾਬ ਕਰਨ ਲਈ ਤਿਆਰੀਆਂ ਜੋਰਾਂ ਸ਼ੋਰਾਂ 'ਤੇ ਚੱਲ ਰਹੀਆਂ ਹਨ। ਆਗੂਆਂ ਨੇ ਦੱਸਿਆ ਕਿ ਇਸ ਦੇਸ਼ ਵਿਆਪੀ ਹੜਤਾਲ ਦੇ ਵਿੱਚ ਬਹੁਤ ਵੱਡੀ ਗਿਣਤੀ ਵਿੱਚ ਰੇਲਵੇ, ਰਾਜ ਸਰਕਾਰ ਦੇ ਮੁਲਾਜ਼ਮਾਂ, ਕਿਰਤੀ, ਕਿਸਾਨ ਜੱਥੇਬੰਦੀਆਂ, ਵਿਦਿਆਰਥੀ ਅਤੇ ਨੌਜਵਾਨ ਸ਼ਾਮਲ ਹੋ ਰਹੇ ਹਨ।

ਉਨ੍ਹਾਂ ਇਹ ਵੀ ਦੱਸਿਆ ਕਿ 8 ਜਨਵਰੀ ਦੀ ਇਹ ਹੜਤਾਲ ਮੋਦੀ ਸਰਕਾਰ ਦੀਆਂ ਜੜ੍ਹਾਂ ਹਿਲਾ ਕੇ ਰੱਖ ਦੇਵੇਗੀ। ਉਨ੍ਹਾਂ ਦੱਸਿਆ ਕਿ ਮੋਦੀ ਸਰਕਾਰ ਮਹਿੰਗਾਈ, ਗਰੀਬੀ ਭੁੱਖਮਰੀ, ਬੇਰੁਜ਼ਗਾਰੀ ਅਤੇ ਭ੍ਰਿਸ਼ਟਾਚਾਰ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਵਿੱਚ ਬੁਰੀ ਤਰ੍ਹਾਂ ਨਾਕਾਮ ਰਹੀ ਹੈ, ਜਿਸ ਦੇ ਕਾਰਨ ਅੱਜ ਦੇਸ਼ ਘੋਰ ਆਰਥਿਕ ਮੰਦਹਾਲੀ ਦੇ ਦੌਰ ਵਿੱਚੋਂ ਗੁਜ਼ਾਰ ਰਿਹਾ ਹੈ। ਮੋਦੀ ਹਕੂਮਤ ਆਮ ਲੋਕਾਂ ਦਾ ਧਿਆਨ ਉਕਤ ਸਮੱਸਿਆਵਾਂ ਤੋਂ ਹਟਾਉਣ ਵਾਸਤੇ ਆਪਣੇ ਫਿਰਕੂ ਏਜੰਡੇ ਨੂੰ ਹਰ ਤਰੀਕੇ ਦੇ ਨਾਲ ਅੱਗੇ ਵਧਾ ਰਹੀ ਹੈ ਅਤੇ ਦੇਸ਼ ਨੂੰ ਬਰਬਾਦੀ ਦੇ ਵੱਲ ਧੱਕ ਰਹੀ ਹੈ।

ਦੋਸਤੋ, ਜਿਸ ਤਰੀਕੇ ਦੇ ਨਾਲ ਕਿਰਤੀਆਂ, ਮੁਲਾਜ਼ਮਾਂ, ਕਿਸਾਨਾਂ, ਮਜ਼ਦੂਰਾਂ, ਵਿਦਿਆਰਥੀਆਂ ਅਤੇ ਨੌਜਵਾਨਾਂ ਦੇ ਵੱਲੋਂ 8 ਜਨਵਰੀ ਦੀ ਹੜਤਾਲ ਨੂੰ ਲੈ ਕੇ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ, ਉਸ ਨੂੰ ਵੇਖ ਕੇ ਲੱਗਦਾ ਹੈ ਕਿ ਮੋਦੀ ਸਰਕਾਰ ਨੂੰ ਆਪਣੇ ਲੋਕ ਵਿਰੋਧੀ ਫੈਸਲੇ ਵਾਪਸ ਲੈਣੇ ਹੀ ਪੈਣਗੇ। ਕਿਉਂਕਿ ਲੋਕਾਂ ਦਾ ਰੋਹ ਘਰੋਂ ਬਾਹਰ ਦਫ਼ਤਰਾਂ ਤੱਕ ਅਤੇ ਦਫ਼ਤਰਾਂ ਤੋਂ ਬਾਅਦ ਹੁਣ ਸੜਕਾਂ ਅਤੇ ਲੀਡਰਾਂ ਦੇ ਘਰਾਂ ਵੱਲ ਨੂੰ ਵੱਧ ਰਿਹਾ ਹੈ। ਦੇਖਣਾ ਹੁਣ ਇਹ ਹੋਵੇਗਾ ਕਿ ਕੀ ਮੋਦੀ ਸਰਕਾਰ ਅੱਠ ਜਨਵਰੀ ਦੀ ਹੜਤਾਲ ਨੂੰ ਵੇਖ ਘਬਰਾਏਗੀ ਜਾਂ ਫਿਰ ਸੰਘਰਸ਼ੀਆਂ ਨੂੰ ਦੇਸ਼ ਧਰੋਹੀ ਸਾਬਤ ਕਰਨ ਵੱਲ ਜ਼ੋਰ ਲਗਾਏਗੀ? ਇਹ ਤਾਂ ਆਉਣ ਵਾਲਾ ਸਮਾਂ ਦੱਸੇਗੀ ਕਿ ਕੀ ਬਣਦੈ?

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।