ਪੰਜਾਬ 'ਚ ਵਧੇ ਗੈਂਗਸਟਰਾਂ ਦਾ ਅਸਲ ਸੱਚ !!! (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Jan 05 2020 12:07
Reading time: 3 mins, 13 secs

ਗੈਂਗਸਟਰ!! ਪਿਛਲੇ ਕੁਝ ਕੁ ਸਾਲਾਂ ਦੇ ਵਿੱਚ ਪੰਜਾਬ ਦੇ ਅੰਦਰ ਇੰਨ੍ਹੇ ਕੁ ਜ਼ਿਆਦਾ ਹੋ ਚੁੱਕੇ ਹਨ ਕਿ ਕੋਈ ਕਹਿਣ ਦੀ ਹੱਦ ਨਹੀਂ। ਭਾਵੇਂ ਹੀ ਮੀਡੀਆ ਦੇ ਵੱਲੋਂ ਗੈਂਗਸਟਰਾਂ ਉਪਰ ਕਈ ਪ੍ਰਕਾਰ ਦੇ ਸਵਾਲ ਸਮੇਂ-ਸਮੇਂ 'ਤੇ ਚੁੱਕੇ ਜਾਂਦੇ ਰਹੇ ਹਨ, ਪਰ ਸਵਾਲ ਇਹ ਉਠਦਾ ਹੈ ਕਿ ਆਖ਼ਰ ਗੈਂਗਸਟਰ ਪੈਦਾ ਕੌਣ ਕਰਦਾ ਹੈ? ਗੈਂਗਸਟਰ ਬਣਦੇ ਕਿਵੇਂ ਹਨ? ਕਿਹੜੀ ਤਾਕਤ ਹੁੰਦੀ ਹੈ, ਜੋ ਗੈਂਗਸਟਰਾਂ ਨੂੰ ਹਰ ਵਾਰਦਾਤ ਕਰਨ ਦੀ ਖੁੱਲ੍ਹ ਦੇ ਦਿੰਦੀ ਹੈ? ਗੈਂਗਸਟਰ ਬਣ ਜਾਣਾ ਅੱਜ ਦੇ ਸਮਾਜ ਵਿੱਚ ਓਨਾ ਹੀ ਖ਼ਤਰਨਾਕ ਹੋ ਚੁੱਕਿਆ ਹੈ, ਜਿੰਨਾ ਅੱਤਵਾਦੀ ਬਣ ਜਾਣਾ।

ਕੋਈ ਵੀ ਸਰਕਾਰ ਹੋਵੇ, ਉਹ ਇਹ ਹੀ ਕਹਿੰਦੀ ਹੈ ਕਿ ਅੱਤਵਾਦੀ, ਵੱਖਵਾਦੀ ਅਤੇ ਗੈਂਗਸਟਰ ਸਾਡੇ ਦੇਸ਼ ਅਤੇ ਸਮਾਜ ਦੇ ਲਈ ਹਾਨੀਕਾਰਕ ਹਨ ਅਤੇ ਇਨ੍ਹਾਂ ਨੂੰ ਜਿੰਨੀ ਜਲਦੀ ਖਤਮ ਕਰ ਦਿੱਤਾ ਜਾਵੇ ਵਧੀਆ ਹੋਵੇਗਾ। ਪਰ ਸਵਾਲ ਫਿਰ ਉਹ ਹੀ ਉਠਦਾ ਹੈ ਕਿ ਆਖ਼ਰ ਗੈਂਗਸਟਰ ਬਣਦੇ ਕਿਉਂ ਹਨ ਅਤੇ ਕੌਣ ਗੈਂਗਸਟਰ ਬਣਨ ਲਈ ਇਨ੍ਹਾਂ ਨੂੰ ਮਜ਼ਬੂਰ ਕਰਦਾ ਹੈ? ਜੇਕਰ ਕੋਈ ਆਪੇ ਗੈਂਗਸਟਰ ਬਣ ਗਿਆ ਹੋਵੇ ਤਾਂ ਵੱਖਰੀ ਗੱਲ ਹੈ, ਪਰ ਗੈਂਗਸਟਰ ਬਣਦੇ ਕਿਉਂ ਹਨ ਅਤੇ ਕੌਣ ਦਿੰਦਾ ਹੈ ਗੈਂਗਸਟਰਾਂ ਨੂੰ ਸ਼ਹਿ, ਇਨ੍ਹਾਂ ਸਵਾਲਾਂ 'ਤੇ ਅੱਜ ਆਪਾਂ ਚਰਚਾ ਕਰਾਂਗੇ।

ਦੋਸਤੋ, ਜਿਹੜੀ ਮਰਜ਼ੀ ਸਰਕਾਰ ਸੱਤਾ ਦੇ ਵਿੱਚ ਆ ਜਾਵੇ, ਜੇਕਰ ਉਕਤ ਸਰਕਾਰ ਦੇ ਮੁਖੀ ਦੇ ਵਿਰੁੱਧ ਕੋਈ ਬੋਲਦਾ ਹੈ ਤਾਂ ਸਭ ਤੋਂ ਪਹਿਲੋਂ ਪੁਲਿਸ ਉਸ ਨੂੰ ਚੁੱਕ ਲੈਂਦੀ ਹੈ ਅਤੇ ਜੇਲ੍ਹ ਦੇ ਅੰਦਰ ਬੰਦ ਕਰ ਦਿੰਦੀ ਹੈ। ਜੇਲ੍ਹ ਦੇ ਅੰਦਰ ਬੈਠਾ ਬੇਕਸੂਰ ਭਾਂਬੜ ਬਣ ਕੇ ਜਦੋਂ ਬਾਹਰ ਨਿਕਲਦਾ ਹੈ ਤਾਂ, ਉਹ ਅੱਤਵਾਦੀ, ਵੱਖਵਾਦੀ ਜਾਂ ਫਿਰ ਗੈਂਗਸਟਰ ਹੀ ਬਣ ਜਾਂਦਾ ਹੈ। ਇਹ ਕਦੇ ਵੀ ਨਹੀਂ ਹੁੰਦਾ ਕਿ ਕੋਈ ਮਾਂ, ਕਿਸੇ ਗੈਂਗਸਟਰ ਨੂੰ ਜਨਮ ਦਿੰਦੀ ਹੈ। ਜੰਮਦਾ ਬੱਚਾ ਕਦੇ ਵੀ ਗੈਂਗਸਟਰ ਨਹੀਂ ਬਣਦਾ ਅਤੇ ਨਾ ਹੀ ਉਸ ਦੇ ਮਾਂ ਬਾਪ ਨੂੰ ਇਹ ਗੱਲ ਪਤਾ ਹੁੰਦੀ ਹੈ ਕਿ ਉਨ੍ਹਾਂ ਨੇ ਗੈਂਗਸਟਰ ਨੂੰ ਜਨਮ ਦਿੱਤਾ ਹੈ।

ਬਸ ਹਲਾਤ, ਸਰਕਾਰਾਂ ਅਤੇ ਕੁਝ ਕੁ ਸਿਆਸੀ ਸ਼ਹਿ ਪ੍ਰਾਪਤ ਲੋਕਾਂ ਤੋਂ ਤੰਗ ਆ ਕੇ ਹੀ ਨੌਜਵਾਨ ਗੈਂਗਸਟਰ ਦੀ ਦੁਨੀਆ ਵਿੱਚ ਪੈਰ ਧਰਦੇ ਹਨ। ਦੱਸ ਦਈਏ ਕਿ ਪੰਜਾਬ ਦੇ ਨਾਮੀ ਗੈਂਗਸਟਰਾਂ ਵਿੱਚੋਂ ਇੱਕ ਗੈਂਗਸਟਰ "ਰੁਪਿੰਦਰ ਗਾਂਧੀ" ਹੈ, ਜਿਸ ਦੇ ਨਾਮ 'ਤੇ ਅੱਜ ਕਈ ਸਮਾਜ ਸੇਵੀ ਸੰਸਥਾਵਾਂ ਅਤੇ ਵਿਦਿਆਰਥੀ ਧੜੇ ਚੱਲਦੇ ਹਨ। ਕਿਉਂਕਿ ਗਾਂਧੀ ਸਿਆਸੀ ਲੀਡਰਾਂ ਤੋਂ ਤੰਗ ਆ ਕੇ ਬਣਿਆ ਸੀ ਅਤੇ ਸਮਾਜ ਦੇ ਹਿੱਤ ਦੀ ਗੱਲ ਕਰਦਾ ਸੀ, ਜਿਸ ਦੇ ਕਾਰਨ ਸਿਆਸੀ ਲੀਡਰਾਂ ਦੇ ਵੱਲੋਂ ਉਸ ਨੂੰ ਗੈਂਗਸਟਰ ਦਾ ਨਾਮ ਦੇ ਦਿੱਤਾ ਗਿਆ ਅਤੇ ਉਸ ਦੇ ਵਿਰੁੱਧ ਕਈ ਮੁਕੱਦਮੇ ਚਲਾ ਦਿੱਤੇ।

ਬੇਸ਼ੱਕ ਗੈਂਗਸਟਰਾਂ ਦਾ ਅੰਤ ਮਾੜਾ ਹੁੰਦਾ ਹੈ, ਪਰ ਗੈਂਗਸਟਰ ਬਣਦੇ ਇਸ ਕਰਕੇ ਹੀ ਹਨ ਕਿਉਂਕਿ ਸਰਕਾਰਾਂ ਤੋਂ ਕੁਝ ਕੁ ਤੰਗ ਹੁੰਦੇ ਹਨ ਅਤੇ ਕੁਝ ਕੁ ਸਰਕਾਰਾਂ ਦੇ ਵੱਲੋਂ ਪੈਦਾ ਕੀਤੇ ਹੁੰਦੇ ਹਨ ਤਾਂ, ਜੋ ਵਿਰੋਧੀਆਂ ਨੂੰ ਡਰਾਇਆ ਧਮਕਾਇਆ ਜਾ ਸਕੇ। ਅੱਜ ਪੰਜਾਬ ਦੇ ਵਿੱਚ ਜਿੰਨੇ ਵੀ ਗੈਂਗਸਟਰ ਹਨ, ਜੇਕਰ ਇੱਕ-ਇੱਕ ਦੀ ਇੰਟਰਵਿਊ ਕੀਤੀ ਜਾਵੇ ਤਾਂ, ਸੱਚ ਸਾਹਮਣੇ ਆ ਜਾਵੇਗਾ ਕਿ ਉਹ ਕਿਉਂ ਬਣੇ ਗੈਂਗਸਟਰ ਅਤੇ ਇਸ ਪਿੱਛੇ ਕਿਹੜੇ ਸਿਆਸੀ ਬੰਦੇ ਦਾ ਹੱਥ ਸੀ। ਅੱਜ ਗੈਂਗਸਟਰਾਂ ਦਾ ਪੰਜਾਬ ਦੇ ਅੰਦਰ ਵੱਧ ਜਾਣਾ, ਚਿੰਤਾ ਦਾ ਵਿਸ਼ਾ ਤਾਂ ਜ਼ਰੂਰ ਹੈ।

ਪਰ!! ਜਿਸ ਤਰੀਕੇ ਦੇ ਨਾਲ ਹਕੂਮਤ ਦੇ ਵੱਲੋਂ ਉਨ੍ਹਾਂ ਦੇ ਐਨਕਾਊਂਟਰ ਕਰਵਾਏ ਜਾ ਰਹੇ ਹਨ, ਇਹ ਸਭ ਕੁਝ ਠੀਕ ਨਹੀਂ ਹੈ। ਬਹੁਤ ਸਾਰੇ ਨੌਜਵਾਨ ਜੋ ਗੈਂਗਸਟਰ ਦੀ ਦੁਨੀਆ ਵਿੱਚ ਨਵੇਂ-ਨਵੇਂ ਪੈਰ ਧਰ ਰਹੇ ਹਨ, ਉਨ੍ਹਾਂ ਦੇ ਪਿੱਛੇ ਸਭ ਤੋਂ ਵੱਧ ਜੇਕਰ ਕਿਸੇ ਦਾ ਹੱਥ ਹੈ ਤਾਂ, ਉਹ ਹੈ ਸਿਆਸੀ ਲੀਡਰ। ਇੱਕ ਸਿਆਸੀ ਮਾਹਿਰ ਦੇ ਮੁਤਾਬਿਕ ਸਿਆਸੀ ਲੀਡਰਾਂ ਹੀ ਨੌਜਵਾਨਾਂ ਨੂੰ ਗੈਂਗਸਟਰ ਬਣਨ ਲਈ ਮਜ਼ਬੂਰ ਕਰਦੇ ਹਨ ਅਤੇ ਕਈ ਸਿਆਸੀ ਲੀਡਰ ਖੁਦ ਗੈਂਗਸਟਰਾਂ ਦੇ ਨਾਲ ਮਿਲ ਕੇ ਵਿਉਂਤਬੰਦੀਆਂ ਕਰਦੇ ਹਨ ਤਾਂ, ਜੋ ਲੋਕਾਂ ਦਾ ਧਿਆਨ ਹੋਰਨਾਂ ਮੁੱਦਿਆਂ ਤੋਂ ਭੜਕਾਇਆ ਜਾ ਸਕੇ।

ਸਾਥੀਓਂ ਤੁਹਾਨੂੰ ਦੱਸ ਦਈਏ ਕਿ ਕਵੀ ਕਿੰਦ ਨਾਹਲ ਆਪਣੀ ਕਵਿਤਾ ਦੇ ਵਿੱਚ ਲਿਖਦੇ ਹਨ ਕਿ "ਗੁਲਾਮੀ ਦੇ ਸੰਗਲਾਂ 'ਤੇ ਰੰਗ ਕਰਦੇ ਰਹਿਣ ਵਾਲੀ ਕੌਮ ਗੈਂਗਸਟਰ ਹੀ ਪੈਦਾ ਕਰੇਗੀ, ਬਾਗ਼ੀ ਨਹੀਂ।" ਇਹ ਗੱਲ ਬਿਲਕੁਲ ਸੱਚ ਹੈ ਕਿ ਸਿਆਸੀ ਲੀਡਰਾਂ ਦੇ ਜੋ ਲੋਕ ਗੁਲਾਮ ਬਣਨਾ ਪਸੰਦ ਨਹੀਂ ਕਰਦੇ, ਉਹ ਗੈਂਗਸਟਰ ਅੱਤਵਾਦੀ ਜਾਂ ਫਿਰ ਵੱਖਵਾਦੀ ਬਣ ਜਾਂਦੇ ਹਨ, ਜੋ ਸਰਕਾਰਾਂ ਦੇ ਲਈ ਹਮੇਸ਼ਾ ਹੀ ਸਿਰਦਰਦੀ ਬਣੇ ਰਹਿੰਦੇ ਹਨ। ਪੰਜਾਬ ਦੇ ਅੰਦਰ ਵੱਧ ਰਹੇ ਗੈਂਗਸਟਰ ਚਿੰਤਾ ਦਾ ਵਿਸ਼ਾ ਹਨ, ਇਸ ਲਈ ਸਰਕਾਰਾਂ ਨੂੰ ਨੌਜਵਾਨਾਂ ਨੂੰ ਪੁੱਠੇ ਰਸਤੇ ਪਾਉਣ ਦੀ ਬਜਾਏ, ਰੁਜ਼ਗਾਰ ਦੇਣ ਦੇ ਵੱਲ ਤੋਰਨਾ ਚਾਹੀਦਾ ਹੈ।

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।