ਇਨਕਲਾਬੀ ਕਵੀਆਂ ਪਿੱਛੇ ਹੱਥ ਧੋ ਕੇ ਕਿਉਂ ਪੈ ਗਈ ਹਕੂਮਤ !!! (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Jan 05 2020 11:21
Reading time: 3 mins, 11 secs

ਹਕੂਮਤ ਜਿਹੜੀ ਵੀ ਮਰਜ਼ੀ ਹੋਵੇ, ਹਰ ਹਕੂਮਤ ਨੂੰ ਇਨਕਲਾਬੀ ਕਵੀਆਂ ਦੇ ਲਫ਼ਜ਼ ਚੁੱਭਦੇ ਹਨ। ਅੱਜ ਬੇਸ਼ੱਕ ਹਾਲਾਤ ਇਹ ਬਣ ਚੁੱਕੇ ਹਨ ਕਿ ਕੋਈ ਵੀ ਇਨਕਲਾਬੀ ਕਵੀ ਅਵਾਜ਼ ਚੁੱਕਦਾ ਹੈ ਅਤੇ ਲੋਕਾਂ ਦੇ ਹੱਕਾਂ ਦੀ ਗੱਲ ਕਰਦਾ ਹੈ ਤਾਂ, ਉਸ ਨੂੰ ਹਕੂਮਤ ਦੇ ਵੱਲੋਂ ਜਾਂ ਤਾਂ ਮਰਵਾ ਦਿੱਤਾ ਜਾਂਦਾ ਹੈ, ਜਾਂ ਫਿਰ ਉਸ ਦੀਆਂ ਕਵਿਤਾਵਾਂ 'ਤੇ ਮੁਕੰਮਲ ਬੈਨ ਲਗਾ ਦਿੱਤਾ ਜਾਂਦਾ ਹੈ। ਦੁਨੀਆ ਭਰ ਵਿੱਚ ਇੱਕ ਨਹੀਂ, ਦੋ ਨਹੀਂ, ਸਗੋਂ ਸੈਂਕੜੇ ਇਨਕਲਾਬੀ ਕਵੀ ਹੋਏ ਹਨ, ਜਿਨ੍ਹਾਂ ਨੇ ਹਕੂਮਤ ਦੇ ਵਿਰੁੱਧ ਜੰਮ ਕੇ ਆਪਣੀਆਂ ਤਿੱਖੀਆਂ ਕਵਿਤਾਵਾਂ ਲਿਖੀਆਂ ਅਤੇ ਲੋਕ ਪੱਖੀ ਗੱਲ ਕੀਤੀ।

ਅੱਜ ਦੇ ਜ਼ਮਾਨੇ ਵਿੱਚ ਬੇਸ਼ੱਕ ਇਨਕਲਾਬ ਦੀ ਗੱਲ ਕਰਨੀ ਗੁਨਾਹ ਹੋ ਗਿਆ ਹੈ, ਪਰ ਇਸ ਵਿੱਚੇ ਅਸੀਂ ਇਨਕਲਾਬੀ ਕਵੀਆਂ ਦੀਆਂ ਕਵਿਤਾਵਾਂ ਪੜ੍ਹ ਕੇ ਆਪਣੇ ਮਨ ਨੂੰ ਸਕੂਨ ਜ਼ਰੂਰ ਦੇ ਸਕਦੇ ਹਾਂ। ਪਰ!!! ਦੁੱਖ ਇਸ ਗੱਲ ਦਾ ਹੈ ਕਿ ਹਕੂਮਤ ਦੇ ਵੱਲੋਂ ਇਨਕਲਾਬੀ ਕਵੀਆਂ ਦੀਆਂ ਕਵਿਤਾਵਾਂ ਨੂੰ ਬੈਨ ਕੀਤਾ ਜਾ ਰਿਹਾ ਹੈ ਅਤੇ ਜਿਹੜਾ ਵੀ ਕਵੀ ਹਕੂਮਤ ਦੇ ਵਿਰੁੱਧ ਚਾਰ ਲਫ਼ਜ਼ ਲਿਖਦਾ ਹੈ, ਉਸ ਨੂੰ ਕਈ ਵਾਰ ਜੇਲ੍ਹ ਵੀ ਜਾਣਾ ਪੈਂਦਾ ਹੈ। ਇਨਕਲਾਬੀ ਉਰਦੂ ਦੇ ਕਵੀਆਂ ਤੋਂ ਲੈ ਕੇ ਅੰਗਰੇਜ਼ੀ, ਪੰਜਾਬੀ ਅਤੇ ਹੋਰ ਕਈ ਭਾਸ਼ਾਵਾਂ ਦੇ ਕਵੀਆਂ ਵੱਲੋਂ ਹਮੇਸ਼ਾ ਹੀ ਹਕੂਮਤ ਨੂੰ ਕੋਸਿਆ ਗਿਆ ਹੈ।  

ਦੱਸ ਦਈਏ ਕਿ ਭਾਰਤ ਦੇ ਅੰਦਰ ਇਸ ਵਕਤ ਨਾਗਰਿਕਤਾ ਕਾਨੂੰਨ ਦਾ ਕਾਫ਼ੀ ਜ਼ਿਆਦਾ ਰੌਲਾ ਪਿਆ ਹੋਇਆ ਹੈ, ਇਸ ਵਿੱਚ ਜੇਕਰ ਕੋਈ ਵੀ ਨਾਗਰਿਕਤਾ ਸੋਧ ਬਿੱਲ ਜਾਂ ਫਿਰ ਕੇਂਦਰ ਦੀ ਮੋਦੀ ਹਕੂਮਤ ਦੇ ਵਿਰੁੱਧ ਅਵਾਜ਼ ਬੁਲੰਦ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਤਾਂ, ਉਸ ਨੂੰ ਹਕੂਮਤ ਅਤੇ ਉਸ ਦੇ ਫੀਲਿਆਂ ਵੱਲੋਂ ਜਾਂ ਤਾਂ ਮਰਵਾ ਦਿੱਤਾ ਜਾ ਰਿਹਾ ਹੈ ਜਾਂ ਫਿਰ ਜੇਲ੍ਹਾਂ ਦੇ ਅੰਦਰ ਡੱਕਿਆ ਜਾ ਰਿਹਾ ਹੈ। ਨਾਗਰਿਕਤਾ ਕਾਨੂੰਨ ਬੇਸ਼ੱਕ ਹਕੂਮਤ ਮੁਤਾਬਿਕ ਲੋਕ ਪੱਖੀ ਹੈ, ਪਰ ਸੰਘਰਸ਼ ਕਰ ਰਹੀ ਪੜ੍ਹੀ ਲਿਖੀ ਨੌਜਵਾਨ ਪੀੜੀ ਅਤੇ ਇਨਕਲਾਬੀ ਲੋਕ ਇਸ ਕਾਨੂੰਨ ਨੂੰ ਲੋਕ ਵਿਰੋਧੀ ਕਾਨੂੰਨ ਦੱਸ ਰਹੇ ਹਨ।

ਦੱਸ ਦਈਏ ਕਿ ਨਾਗਰਿਕਤਾ ਸੋਧ ਕਾਨੂੰਨ ਦੇ ਵਿਰੁੱਧ ਇਨਕਲਾਬੀਆਂ ਦੇ ਵੱਲੋਂ ਬੁਲੰਦ ਕੀਤੀ ਜਾ ਰਹੀ ਆਵਾਜ਼ ਦੇ ਵਿੱਚ ਇਨਕਲਾਬ ਦੇ ਨਾਅਰੇ ਗੂੰਝ ਰਹੇ ਹਨ। ਨਾਅਰਿਆਂ ਦੇ ਵਿੱਚ ਇਨਕਲਾਬੀਆਂ ਕਵੀਆਂ ਦੀਆਂ ਕਵਿਤਾਵਾਂ ਦਾ ਜ਼ਿਕਰ ਹੋ ਰਿਹਾ ਹੈ ਅਤੇ ਕ੍ਰਾਂਤੀਕਾਰੀ ਸਾਥੀ ਸ਼ਹੀਦ-ਏ ਆਜ਼ਮ ਭਗਤ ਸਿੰਘ ਵੱਲੋਂ ਗਾਈਆਂ ਗਈਆਂ ਲਿਖਤਾਂ ਨੂੰ ਵੀ ਗਾਇਆ ਜਾ ਰਿਹਾ ਹੈ। ਭਾਜਪਾ ਦੇ ਵਿਰੁੱਧ ਸੰਘਰਸ਼ ਕਰ ਰਹੀਆਂ ਇਨਕਲਾਬੀ ਧਿਰਾਂ ਦੇ ਵੱਲੋਂ ਇਨਕਲਾਬੀ ਕਵੀ 'ਅਵਤਾਰ ਪਾਸ਼' ਦੀ ਕਵਿਤਾ "ਸਭ ਤੋਂ ਖ਼ਤਰਨਾਕ", ਇਨਕਲਾਬੀ ਦਿੱਖ ਵਾਲੇ ਉਰਦੂ ਸ਼ਾਇਰ ਫੈਜ਼ ਅਹਿਮਦ ਫੈਜ਼ ਦੀ ਨਜ਼ਮ "ਹਮ ਭੀ ਦੇਖੇਂਗੇ" ਤੋਂ ਇਲਾਵਾ "ਹਮ ਕਿਯਾ ਚਾਹਤੇ ਹੈਂ ਆਜ਼ਾਦੀ" ਜਿਹੀਆਂ ਲਿਖਤਾਂ ਦਾ ਮੁਜ਼ਾਹਰਿਆਂ ਦੇ ਵਿੱਚ ਜ਼ਿਕਰ ਹੋ ਰਿਹਾ ਹੈ।

ਸਾਥੀਓਂ ਜੇਕਰ ਇਹ ਇਨਕਲਾਬੀ ਕਵੀਆਂ ਦੀਆਂ ਕਵਿਤਾਵਾਂ 'ਤੇ ਹਕੂਮਤ ਦੇ ਵੱਲੋਂ ਬੈਨ ਹੀ ਲਗਾਇਆ ਜਾਂਦਾ ਰਹੇਗਾ ਤਾਂ, ਸਾਡੀ ਆਉਣ ਵਾਲੀ ਪੀੜੀ ਇਨਕਲਾਬੀ ਕਵੀਆਂ ਦੇ ਬਾਰੇ ਵਿੱਚ ਕਿਵੇਂ ਜਾਣ ਸਕੇਗੀ? ਇਹ ਇੱਕ ਆਪਣੇ ਆਪ ਵਿੱਚ ਵੱਡਾ ਸਵਾਲ ਹੈ। ਸਾਥੀਓਂ ਅੱਜ ਦੇਸ਼ ਭਰ ਦੇ ਅੰਦਰ ਫੈਜ਼, ਪਾਸ਼ ਤੋਂ ਇਲਾਵਾ ਹੋਰ ਇਨਕਲਾਬੀ ਕਵੀਆਂ ਦੀਆਂ ਕਵਿਤਾਵਾਂ ਅਤੇ ਨਜ਼ਮਾਂ ਦਾ ਸੰਘਰਸ਼ੀਆਂ ਦੇ ਵੱਲੋਂ ਆਪਣੇ ਮੁਜ਼ਾਹਰਿਆਂ ਵਿੱਚ ਜ਼ਿਕਰ ਕੀਤਾ ਜਾ ਰਿਹਾ ਹੈ।

ਪਰ ਹਕੂਮਤ ਅਤੇ ਇਨ੍ਹਾਂ ਦੇ "ਕੌਲੀ ਚੱਟ" ਫੀਲਿਆਂ ਵੱਲੋਂ ਇਨਕਲਾਬੀ ਕਵੀਆਂ ਦੀਆਂ ਕਵਿਤਾਵਾਂ ਦੇ ਵਿਰੁੱਧ ਹੀ ਬੋਲਣਾ ਸ਼ੁਰੂ ਕਰ ਦਿੱਤਾ ਗਿਆ ਹੈ। ਦੱਸ ਦਈਏ ਕਿ ਭਾਜਪਾ ਦੇ ਕੁਝ ਕੁ ਆਗੂਆਂ ਦੇ ਵੱਲੋਂ ਕਵੀ ਪਾਸ਼ ਦੀ ਕਵਿਤਾ "ਸਭ ਤੋਂ ਖ਼ਤਰਨਾਕ" ਅਤੇ ਉਰਦੂ ਦੇ ਸ਼ਾਇਰ ਫੈਜ਼ ਦੀ ਨਜ਼ਮ "ਹਮ ਭੀ ਦੇਖ਼ੇਂਗੇ" ਦਾ ਸਖ਼ਤ ਵਿਰੋਧ ਕੀਤਾ ਜਾ ਰਿਹਾ ਹੈ। ਸਾਥੀਓਂ ਇਨਕਲਾਬੀ ਕਵੀਆਂ ਦੀਆਂ ਕਵਿਤਾਵਾਂ ਨੂੰ ਬੈਨ ਕਰਨਾ ਓਨਾ ਹੀ ਖ਼ਤਰਨਾਕ ਹੈ, ਜਿੰਨਾ ਲੋਕਾਂ ਨੂੰ ਗੁਲਾਮ ਬਣਾ ਕੇ ਰੱਖਣਾ। ਅੱਜ ਹਕੂਮਤ ਦੇ ਵੱਲੋਂ ਜੋ ਕਥਿਤ ਤੌਰ 'ਤੇ ਲੋਕ ਵਿਰੋਧੀ ਚਾਲਾਂ ਚੱਲੀਆਂ ਜਾ ਰਹੀਆਂ ਹਨ, ਇਨ੍ਹਾਂ ਦਾ ਨਤੀਜਾ ਮਾੜਾ ਨਿਕਲਣ ਦੀ ਸੰਭਾਵਨਾ ਹੈ।

ਸਾਥੀਓਂ ਹੁਣ ਸਵਾਲ ਉੱਠਦੇ ਹਨ ਕਿ ਆਖਿਰ ਕਿਉਂ ਇਨਕਲਾਬੀ ਕਵੀਆਂ ਦੇ ਲਫ਼ਜ਼ ਚੁੱਭਦੇ ਨੇ ਹਕੂਮਤ ਨੂੰ? ਕੀ ਹੁਣ ਕਵਿਤਾ ਲਿਖਣੀ ਵੀ ਜ਼ੁਰਮ ਹੋ ਗਿਆ? ਇਨਕਲਾਬੀ ਸਾਥੀ ਸੰਦੀਪ ਲਿਖਦੇ ਹਨ ਕਿ ਫੈਜ਼ ਦੀ ਕਵਿਤਾ 'ਤੇ ਪਾਬੰਦੀ, ਪਾਸ਼ ਦੀ ਕਵਿਤਾ ਸਲੇਬਸ ਵਿੱਚੋਂ ਬਾਹਰ, ਮੁਨਸ਼ੀ ਪ੍ਰੇਮ ਚੰਦ ਦੀਆਂ ਕਹਾਣੀਆਂ ਸਲੇਬਸ ਵਿੱਚੋਂ ਬਾਹਰ, ਜਿਉਂਦੇ ਜੀ ਹੁਸੈਨ ਦੀਆਂ ਪੇਂਟਿੰਗ 'ਤੇ ਪਾਬੰਦੀ ਸੀ, ਹੁਣ ਦੇਖਦੇ ਆ!! ਸ਼੍ਰੀ ਗ੍ਰੰਥ ਸਾਹਿਬ ਦੀ ਉਸ ਤੁੱਕ 'ਤੇ ਪਾਬੰਦੀ ਕਦੋਂ ਲਾਉਂਦੇ ਨੇ ਜਿਸ ਵਿੱਚ ਕਿਹਾ ਗਿਆ! "ਹਿੰਦੂ ਅੰਨਾਂ ਤੁਰਕ ਕਾਣਾ ਦੋਹਾਂ ਸੇ ਗਿਆਨੀ ਸਿਆਣਾ"।

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।