ਚੇਅਰਮੈਨ ਚੀਮਾ ਵੱਲੋਂ ਘਰ-ਘਰ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਲਈ ਆਸ਼ਾ ਵਰਕਰਾਂ ਨਾਲ ਅਹਿਮ-ਮੀਟਿੰਗ, ਕੀਤੀ ਹੌਸਲਾ ਅਫਜਾਈ (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Jan 04 2020 18:17
Reading time: 2 mins, 27 secs

ਐਕਰੀਡੇਟਿਡ ਸੋਸ਼ਲ ਹੈਲਥ ਐਕਟੀਵਿਸਟ (ਆਸ਼ਾ), ਜਿਸ ਨੂੰ ਆਮ ਤੌਰ ਤੇ ਆਸ਼ਾ ਭੈਣ ਜੀ ਦੇ ਨਾਂ ਨਾਲ ਬੁਲਾਇਆ ਜਾਂਦਾ ਹੈ ਵੱਲੋਂ ਮੁਹੱਈਆ ਕਰਵਾਈਆਂ ਜਾ ਰਹੀਆਂ ਸਿਹਤ ਸੇਵਾਵਾਂ ਤੇ ਜੇਕਰ ਝਾਤ ਮਾਰੀ ਜਾਵੇ ਤਾਂ ਇਹ ਸਭ ਤੋਂ ਵੱਧ ਤੇ ਮੁੱਢਲੀਆਂ ਸੇਵਾਵਾਂ ਪ੍ਰਦਾਨ ਕਰਨ ਵਿੱਚ ਆਪਣਾ ਅਹਿਮ ਰੋਲ ਅਦਾ ਕਰਦੀਆਂ ਆ ਰਹੀਆਂ ਹਨ। ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਨੌਜਵਾਨ ਅਤੇ ਦੂਰਦਰਸ਼ੀ ਚੇਅਰਮੈਨ ਸਰਦਾਰ ਅਮਰਦੀਪ ਸਿੰਘ ਚੀਮਾ ਜੋ ਮਾਣਯੋਗ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੀਤੇ ਗਏ ਚੋਣ ਵਾਅਦੇ ਸਿਹਤ ਫਾਰ ਆਲ ਨੂੰ ਲੈ ਕੇ ਬੇਹੱਦ ਸੰਜੀਦਾ ਦਿਖਾਈ ਦੇ ਰਹੇ ਹਨ ਤੇ ਹਰ ਹਾਲਤ ਵਿੱਚ ਪੰਜਾਬ ਸਰਕਾਰ ਵੱਲੋਂ ਪ੍ਰਦਾਨ ਕੀਤੀਆਂ ਜਾ ਰਹੀਆਂ ਸਿਹਤ ਸਹੂਲਤਾਂ ਨੂੰ ਜਮੀਨੀ ਪੱਧਰ ਤੇ ਲੋਕਾਂ ਤੱਕ ਪਹੁੰਚਾਏ ਜਾਣ ਲਈ ਦਿਨ ਰਾਤ ਯਤਨਸ਼ੀਲ ਹਨ ਵੱਲੋਂ ਬੀਤੇ ਦਿਨੀਂ ਸਬ ਡਵੀਜ਼ਨ ਪੱਧਰ ਤੇ ਆਸ਼ਾ ਵਰਕਰਜ਼ ਨਾਲ ਅਹਿਮ ਮੀਟਿੰਗ ਕਰਕੇ ਹੌਂਸਲਾ ਅਫਜਾਈ ਵੀ ਕੀਤੀ ਗਈ।

ਚੇਅਰਮੈਨ ਚੀਮਾ ਵੱਲੋਂ ਆਸ਼ਾ ਵਰਕਰਜ਼ ਨਾਲ ਕੀਤੀ ਗਈ ਇਹ ਮੀਟਿੰਗ ਇਸ ਗੱਲ ਪੱਖੋਂ ਵੀ ਵਧੇਰੇ ਅਹਿਮੀਅਤ ਰੱਖਦੀ ਦਿਖਾਈ ਦੇ ਰਹੀ ਹੈ ਇਨੇ ਲੰਬੇ ਸਮੇਂ ਦੌਰਾਨ ਅੱਜ ਤੱਕ ਚੇਅਰਮੈਨ ਪੱਧਰ ਤੇ ਕਿਸੇ ਵੀ ਵਿਅਕਤੀ ਵੱਲੋਂ ਆਸ਼ਾ ਵਰਕਰਜ਼ ਨਾਲ ਇਸ ਤਰ੍ਹਾਂ ਸਿਹਤ ਸੇਵਾਵਾਂ ਦੇ ਸਬੰਧ ਵਿੱਚ ਕਦੇ ਵੀ ਮੀਟਿੰਗ ਨਹੀਂ ਕੀਤੀ ਗਈ ਸੀ ਜਿਸ ਨੂੰ ਲੈ ਕੇ ਆਸ਼ਾ ਵਰਕਰਜ਼ ਵਿੱਚ ਵੀ ਡਾਹਢਾ ਉਤਸ਼ਾਹ ਸੀ। ਚੇਅਰਮੈਨ ਚੀਮਾ ਵੱਲੋਂ ਹੇਠਲੇ ਪੱਧਰ ਤੇ ਆਮ ਲੋਕਾਂ ਨੂੰ ਦਿੱਤੀਆਂ ਜਾਣ ਵਾਲੀਆਂ ਸਿਹਤ ਸਹੂਲਤਾਂ ਦੀ ਸਹੀ ਜਾਣਕਾਰੀ ਲੈਣ ਅਤੇ ਬੁਨਿਆਦੀ ਸਹੂਲਤਾਂ ਨੂੰ ਹੋਰ ਪਾਏਦਾਰ ਢੰਗ ਨਾਲ ਲੋਕਾਂ ਦੇ ਘਰਾਂ ਤੱਕ ਹਰੇਕ ਬੂਹਾ ਖੜਕਾ ਕੇ ਪਹੁੰਚਾਉਣ ਨੂੰ ਲੈ ਕੇ ਇਹ ਮੀਟਿੰਗ ਅਹਿਮ ਮੰਨੀ ਜਾ ਰਹੀ ਹੈ।

ਵਰਣਨਯੋਗ ਹੈ ਕਿ ਯੂ.ਪੀ.ਏ ਚੇਅਰਪਰਸਨ ਸੋਨੀਆ ਗਾਂਧੀ ਦੇ ਉੱਦਮ ਸਦਕਾ 2005 ਵਿੱਚ ਇਹ ਪ੍ਰੋਗਰਾਮ ਨੈਸ਼ਨਲ ਰੂਰਲ ਹੈਲਥ ਮਿਸ਼ਨ ਦੇ ਹੇਠ ਸ਼ੁਰੂ ਕੀਤਾ ਗਿਆ ਸੀ। ਆਸ਼ਾ ਵਰਕਰ ਇੱਕ ਟਰੇਡ ਮਹਿਲਾ ਕਰਮੀ ਹੁੰਦੀ ਹੈ ਜਿਸ ਦਾ ਸਿੱਧਾ ਰਾਬਤਾ ਲੋਕਾਂ ਨਾਲ ਰਹਿੰਦਾ ਹੈ। ਆਪਣੇ ਜੱਦੀ ਜ਼ਿਲ੍ਹੇ ਵਿੱਚ ਸਿਹਤ ਸੇਵਾਵਾਂ ਹੇਠਲੇ ਪੱਧਰ ਤੇ ਹਰ ਘਰ ਵਿੱਚ ਪਹੁੰਚਾਉਣ ਦੇ ਮੰਤਵ ਨਾਲ ਮਾਡਲ ਸਬ ਡਵੀਜ਼ਨ ਬਟਾਲਾ ਦੇ ਵੱਖ ਵੱਖ ਬਲਾਕਾਂ ਹੇਠ ਆਸ਼ਾ ਵਰਕਰਾਂ, ਸਿਹਤ ਕਰਮੀਆਂ, ਮੈਡੀਕਲ ਅਫਸਰਾਂ, ਸੀਨੀਅਰ ਮੈਡੀਕਲ ਅਫਸਰਾਂ ਨਾਲ ਇਕ ਛੱਤ ਹੇਠ ਬੈਠ ਕੇ ਵਿੱਚਾਰ ਸਾਂਝੇ ਕੀਤੇ ਅਤੇ ਹੈਲਥ ਫਾਰ ਆਲ ਦੇ ਮਿਸ਼ਨ ਤਹਿਤ ਇਸ ਨੂੰ ਹੋਰ ਬੁਲੰਦੀਆਂ ਤੱਕ ਪਹੁੰਚਾਉਣ ਲਈ ਸੁਝਾਅ ਲਏ।

ਪਹਿਲੀ ਵਾਰ ਹੈਲਥ ਵਿਭਾਗ ਦੇ ਚੇਅਰਮੈਨ ਵੱਲੋਂ ਲਈ ਗਈ ਇਸ ਮੀਟਿੰਗ ਕਾਰਨ ਆਸ਼ਾ ਵਰਕਰਾਂ ਵਿੱਚ ਭਾਰੀ ਉਤਸ਼ਾਹ ਪਾਇਆ ਗਿਆ। ਆਸ਼ਾ ਵਰਕਰਾਂ ਗੁਰਵਿੰਦਰ ਕੌਰ, ਪਲਵਿੰਦਰ ਕੌਰ, ਦਰਸ਼ਨਾਂ ਆਦਿ ਨੇ ਕਿਹਾ ਕਿ ਉਨ੍ਹਾਂ ਦੀ ਖੁਸ਼ੀ ਦਾ ਕੋਈ ਠਿਕਾਣਾ ਨਹੀਂ ਸੀ ਕਿਉਂ ਜੋ ਪਹਿਲੀ ਵਾਰ ਏਨੇ ਉੱਚ ਪੱਧਰ ਦੇ ਅਧਿਕਾਰੀ ਵੱਲੋਂ ਉਨ੍ਹਾਂ ਨਾਲ ਮੀਟਿੰਗ ਕਰਕੇ ਸੁਝਾਅ ਲਏ ਗਏ ਹਨ ਤੇ ਇਹ ਮੀਟਿੰਗ ਵਿੱਚ ਸਾਨੂੰ ਆਪਣੀ ਗੱਲ ਖੁੱਲ ਕੇ ਸਰਕਾਰ ਤੱਕ ਪਹੁੰਚਾਉਣ ਦਾ ਮੌਕਾ ਵੀ ਦਿੱਤਾ ਹੈ।

ਇਸ ਸਬੰਧੀ ਜਦੋਂ ਚੇਅਰਮੈਨ ਚੀਮਾ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਮਾਣਯੋਗ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਲੋਕਾਂ ਦੇ ਮੁੱਖ ਮੰਤਰੀ ਹਨ ਜਿਨ੍ਹਾਂ ਦੇ ਮਾਰਗ ਦਰਸ਼ਨ ਹੇਠ ਹੀ ਹੇਠਲੇ ਪੱਧਰ ਤੱਕ ਸਿਹਤ ਸਹੂਲਤਾਂ ਪਹੁੰਚਾਉਣ ਦਾ ਜਿੰਮਾ ਮਿਲਿਆ ਹੈ। ਚੇਅਰਮੈਨ ਚੀਮਾ ਨੇ ਕਿਹਾ ਕਿ ਮੁੱਖ ਮੰਤਰੀ ਸਾਹਿਬ ਦੇ ਸੁਪਨੇ ਹੈਲਥ ਫਾਰ ਆਲ ਨੂੰ ਹਰ ਹਾਲ ਵਿੱਚ ਸਕਾਰ ਕਰਦਿਆਂ ਹਰੇਕ ਘਰ ਦਾ ਬੂਹਾ ਖੜਕਾ ਕੇ ਮੁੱਢਲੀਆਂ ਸਿਹਤ ਸਹੂਲਤਾਂ ਲੋਕਾਂ ਤੱਕ ਪੁਜਦੀਆਂ ਕੀਤੀਆਂ ਜਾਣਗੀਆਂ।

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।