ਕੈਪਟਨ ਰਾਜ 'ਚ ਖਜ਼ਾਨਾ ਖਾਲੀ, ਪਰ 'ਫੀਲੇ' ਕਰਨ ਮੌਜਾਂ !!! (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Dec 06 2019 12:56
Reading time: 2 mins, 30 secs

ਭਾਵੇਂ ਹੀ ਪੰਜਾਬ ਦਾ ਰਾਜਾ ਕਹਿਲਾਉਣ ਵਾਲਾ ਕੈਪਟਨ ਅਮਰਿੰਦਰ ਸਿੰਘ ਖਜ਼ਾਨਾ ਖਾਲੀ ਹੋਣ ਦੇ ਕਾਰਨ 'ਭੁੱਖ ਪਾਰਟੀ' ਬਣਿਆ ਪਿਆ ਹੈ, ਪਰ ਦੂਜੇ ਪਾਸੇ ਇਸੇ ਰਾਜੇ ਦੇ ਫੀਲੇ ਮੌਜਾਂ ਕਰ ਰਹੇ ਹਨ। ਗਰੀਬ ਕਿਸਾਨ ਦਾ ਕਰਜ਼ ਮੁਆਫ ਨਾ ਹੋਣ ਦੇ ਕਾਰਨ ਉਹ ਗਲਾਂ ਵਿੱਚ ਫਾਹੇ ਪਾ ਰਿਹਾ ਹੈ, ਮੁਲਾਜ਼ਮਾਂ ਨੂੰ ਤਨਖ਼ਾਹ ਨਾ ਮਿਲਣ ਦੇ ਕਾਰਨ ਉਹ ਸੜਕਾਂ 'ਤੇ ਉਤਰ ਰਹੇ ਹਨ, ਜਦਕਿ ਲੀਡਰ ਅਤੇ ਲੀਡਰਾਂ ਦੇ ਫੀਲੇ ਉੱਚੀਆਂ ਕੋਠੀਆਂ ਅਤੇ ਵੱਡੀਆਂ ਗੱਡੀਆਂ ਵਿੱਚ ਮੌਜਾਂ ਮਾਣ ਕੇ ਸਰਕਾਰੀ ਖਜ਼ਾਨੇ ਦਾ ਜਲੂਸ ਕੱਢ ਰਹੇ ਹਨ।

ਦੱਸ ਦਈਏ ਕਿ ਸਰਕਾਰ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਮੁਤਾਬਿਕ ਸਰਕਾਰੀ ਖਜ਼ਾਨੇ ਦੀ ਹਾਲਤ ਡਾਵਾਂ ਡੋਲ ਹੋਣ ਦੇ ਕਾਰਨ ਮੁਲਾਜ਼ਮਾਂ ਨੂੰ ਤਨਖ਼ਾਹ ਦੇਣ ਦੇ ਵਿੱਚ ਦੇਰੀ ਹੋ ਰਹੀ ਹੈ, ਕਿਉਂਕਿ ਸਾਨੂੰ ਕੇਂਦਰ ਦੀ ਮੋਦੀ ਸਰਕਾਰ ਨੇ ਕਰੋੜਾਂ ਰੁਪਏ ਦਾ ਜੀਐਸਟੀ ਸਾਡੇ ਖ਼ਾਤੇ ਵਿੱਚ ਨਹੀਂ ਪਾਇਆ। ਪਹਿਲੋਂ ਹੀ ਆਰਥਿਕ ਸਥਿਤੀ ਦੇ ਨਾਲ ਜੂਝ ਰਹੀ ਮੋਦੀ ਸਰਕਾਰ, ਪੰਜਾਬ ਦੇ ਖਾਤੇ ਕੀ ਪਾਵੇਗਾ, ਤੁਸੀਂ ਆਪ ਹੀ ਹਿਸਾਬ ਕਿਤਾਬ ਲਗਾ ਸਕਦੇ ਹੋ। ਬੇਸ਼ੱਕ ਮੋਦੀ ਦੇ ਕੱਪੜੇ ਬੜੇ ਮਹਿੰਗੇ ਹਨ ਅਤੇ ਟੂਰ ਉਸ ਤੋਂ ਵੀ ਮਹਿੰਗੇ ਹਨ।

ਪਰ ਗਰੀਬ ਦਾ ਘਰ ਕਿਵੇਂ ਚੱਲਣਾ ਹੈ, ਇਸਦੇ ਬਾਰੇ ਵਿੱਚ ਮੋਦੀ ਨੂੰ ਕੱਖ ਪਤਾ ਨਹੀਂ। ਇਹ ਹੀ ਹਾਲ ਪੰਜਾਬ ਦੇ ਕੈਪਟਨ ਦਾ ਹੈ, ਜਿਸ ਨੂੰ ਇਹ ਤਾਂ ਪਤਾ ਹੈ ਕਿ ਗਰੀਬਾਂ ਦੀ ਗਿਣਤੀ ਐਨੀ ਹੈ, ਪਰ ਉਨ੍ਹਾਂ ਦੀ ਸਹਾਇਤਾ ਕਿਵੇਂ ਕਰਨੀ ਹੈ, ਇਸ ਤੋਂ ਕੈਪਟਨ ਸਾਹਿਬ ਵੀ ਪਾਸਾ ਵੱਟ ਰਹੇ ਹਨ। ਇੱਕ ਕਹਾਵਤ ਮੁਤਾਬਿਕ ਭੁੱਖਿਆਂ ਦੇ ਹੱਥ ਰੋਟੀ ਆ ਗਈ, ਉਨ੍ਹਾਂ ਖਿੱਚ-ਖਿੱਚ ਕੇ ਖਿਲਾਰ ਦਿੱਤੀ, ਉਹ ਹੀ ਹਾਲ ਅੱਜ ਕੈਪਟਨ ਸਰਕਾਰ ਦਾ ਹੋਇਆ ਪਿਆ ਹੈ ਕਿ ਭੁੱਖਿਆਂ ਹੱਥ ਹਕੂਮਤ ਆ ਗਈ, ਉਨ੍ਹਾਂ ਲੁੱਟ-ਲੁੱਟ ਕੇ ਕੰਗਾਲ ਕਰ ਦਿੱਤੀ।

ਦੱਸ ਦਈਏ ਕਿ ਪੰਜਾਬ ਦੇ ਮੁਲਾਜ਼ਮ ਵਰਗ ਨੂੰ ਤਨਖ਼ਾਹਾਂ ਨਾ ਮਿਲਣ ਦੇ ਕਾਰਨ ਉਹ ਸੜਕਾਂ 'ਤੇ ਉਤਰੇ ਹੋਏ ਹਨ, ਪਰ ਸਾਡੀ ਸਰਕਾਰ ਖਜ਼ਾਨਾ ਖਾਲੀ ਹੋਣ ਦਾ ਰੋਣਾ ਰੋ ਕੇ ਹੀ ਬੁੱਤਾ ਸਾਰ ਰਹੀ ਹੈ। ਸਾਰਾ ਮਹੀਨਾ ਕੰਮ ਕਰਨ ਵਾਲੇ ਨੂੰ ਜੇਕਰ ਤਨਖ਼ਾਹ ਹੀ ਪ੍ਰਾਪਤ ਨਹੀਂ ਹੋਣੀ ਤਾਂ, ਫਿਰ ਨੌਕਰੀ ਕੀਤੇ ਦਾ ਕੀ ਫਾਇੰਦਾ? ਸਰਕਾਰ ਵੱਲੋਂ ਮੁਲਾਜ਼ਮਾਂ ਦੀਆਂ ਤਨਖਾਹਾਂ 'ਤੇ ਰੋਕ ਲਗਾਉਣ ਕਾਰਨ ਮੁਲਾਜ਼ਮਾਂ ਦੇ ਵਿੱਚ ਭਾਰੀ ਰੋਸ ਵੇਖਣ ਨੂੰ ਮਿਲ ਰਿਹਾ ਹੈ। ਤਨਖ਼ਾਹ ਜਿਸਦੇ ਨਾਲ ਹਰ ਮੁਲਾਜ਼ਮ ਦਾ ਘਰ ਚੱਲਦਾ ਹੈ, ਪਰ ਸਰਕਾਰ ਤਨਖ਼ਾਹ ਹੀ ਨੱਪੀ ਬੈਠੀ ਹੈ। 

ਵੇਖਿਆ ਜਾਵੇ ਤਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਵਿੱਤੀ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ ਸਰਕਾਰ ਬਣਨ ਤੋਂ ਲੈ ਕੇ ਖਜ਼ਾਨਾ ਖਾਲੀ ਹੋਣ ਦਾ ਰਾਗ ਅਲਾਪਿਆ ਜਾ ਰਿਹਾ ਹੈ, ਇਸਦਾ ਜ਼ਿੰਮੇਵਾਰ ਮੁਲਾਜ਼ਮਾਂ ਨੂੰ ਠਹਿਰਾਇਆ ਜਾ ਰਿਹਾ ਹੈ। ਜਦੋਂ ਮੰਤਰੀਆਂ, ਵਿਧਾਇਕਾਂ ਦੀਆਂ ਤਨਖਾਹਾਂ, ਪੈਨਸ਼ਨਾਂ, ਓਐੱਸਡੀਜ਼ ਦੀ ਬੇਲੋੜੀ ਫੌਜ ਖੜੀ ਕਰਕੇ ਸਰਕਾਰੀ ਖਜ਼ਾਨੇ ਨੂੰ ਲੁਟਾਇਆ ਜਾ ਰਿਹਾ ਹੈ, ਸਗੋਂ ਮੁਲਾਜ਼ਮ ਮਾਰੂ ਨੀਤੀਆਂ ਨੂੰ ਲਾਗੂ ਕਰਕੇ ਸੰਘਰਸ਼ਾਂ ਰਾਹੀਂ ਪ੍ਰਾਪਤ ਕੀਤੀਆਂ ਸਹੂਲਤਾਂ ਨੂੰ ਖੋਹਿਆ ਜਾ ਰਿਹਾ ਹੈ।

ਦੋਸਤੋ, ਦੇਖਣਾ ਹੁਣ ਇਹ ਹੋਵੇਗਾ ਕਿ ਆਖ਼ਰ ਸਰਕਾਰ ਕਦੋਂ ਸਮੂਹ ਸਰਕਾਰੀ ਮੁਲਾਜ਼ਮਾਂ ਦੀਆਂ ਤਨਖ਼ਾਹਾਂ ਜਾਰੀ ਕਰਦੀ ਹੈ? ਕਿਉਂਕਿ ਸਰਕਾਰੀ ਮੁਲਾਜ਼ਮਾਂ ਦੀਆਂ ਤਨਖ਼ਾਹਾਂ ਜਾਰੀ ਨਾ ਹੋਣ ਦੇ ਕਾਰਨ ਮੁਲਾਜ਼ਮ ਵਰਗ ਰੋਸ ਪ੍ਰਦਰਸ਼ਨ ਕਰ ਰਿਹਾ ਹੈ ਅਤੇ ਹੜਤਾਲਾਂ ਕਰਕੇ ਦਫ਼ਤਰੀ ਕੰਮ ਨਹੀਂ ਕਰ ਰਿਹਾ, ਜਿਸਦਾ ਨੁਕਸਾਨ ਆਮ ਜਨਤਾ ਨੂੰ ਝੱਲਣਾ ਪੈ ਰਿਹਾ ਹੈ। ਸਰਕਾਰ ਨੂੰ ਮੁਲਾਜ਼ਮਾਂ ਨੂੰ, ਛੇਤੀ ਤੋਂ ਛੇਤੀ ਤਨਖ਼ਾਹ ਜਾਰੀ ਕਰ ਦੇਣੀ ਚਾਹੀਦੀ ਹੈ ਤਾਂ ਜੋ ਜਨਤਾ ਦੇ ਕੰਮਾਂ ਵਿੱਚ ਆ ਰਹੀ ਰੁਕਾਵਟ ਜਲਦ ਤੋਂ ਜਲਦ ਦੂਰ ਹੋ ਸਕੇ।

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।