ਪੰਜਾਬ ਦੇ ਲੀਡਰਾਂ ਨੂੰ, ਸਿਆਸੀ ਰੋਟੀਆਂ ਸੇਕਣ ਦਾ ਵਧੀਆ ਮੌਕਾ ਦੇ ਗਏ ਅਮਿਤ ਸ਼ਾਹ !!! (ਵਿਅੰਗ)

Last Updated: Dec 05 2019 18:42
Reading time: 1 min, 40 secs

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਸਜਾ ਨਾ ਮੁਆਫ਼ ਕੀਤੇ ਜਾਣ ਦੀ ਪੁਸ਼ਟੀ ਕੀਤੇ ਜਾਣ ਦੇ ਬਾਅਦ, ਪੰਜਾਬ ਦੀ ਸਿਆਸਤ ਇੱਕ ਵਾਰ ਫ਼ਿਰ ਗਰਮਾ ਗਈ ਹੈ। ਜਿਨ੍ਹਾਂ ਸਿਆਸੀ ਤੇ ਧਾਰਮਿਕ ਲੀਡਰਾਂ ਨੇ ਕਦੇ ਰਾਜੋਆਣਾ ਦੀ ਜਾਤ ਤੱਕ ਨਹੀਂ ਪੁੱਛੀ (ਹਾਲ ਚਾਲ ਨਹੀਂ ਪੁੱਛਿਆ), ਉਹ ਵੀ ਅੱਜ ਖ਼ੁਦ ਨੂੰ ਸਿੱਖ ਮਸਲਿਆਂ ਦੇ ਹਿਮਾਇਤੀ ਸਾਬਤ ਕਰਨ ਲਈ ਰਾਜੋਆਣਾ ਦੀ ਸਜਾ ਮੁਆਫ਼ੀ ਦੇ ਹੱਕ ਵਿੱਚ ਬਿਆਨ ਤੇ ਬਿਆਨ ਦਾਗ ਕੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਕੈਸ਼ ਕਰਨ ਦੀ ਦੌੜ ਵਿੱਚ ਸ਼ਾਮਲ ਹਨ। ਅਲੋਚਕਾਂ ਅਨੁਸਾਰ, ਇਹਨਾਂ ਵਿੱਚੋਂ ਬਹੁਤੇ ਲੋਕ ਉਹ ਵੀ ਹਨ, ਜਿਹੜੇ ਹੁਣ ਤੱਕ ਰਾਜੋਆਣਾ ਅਤੇ ਉਨ੍ਹਾਂ ਵਰਗੇ ਹੋਰਨਾਂ ਸਿੱਖ ਬੰਦੀਆਂ ਨੂੰ ਅੱਤਵਾਦੀ ਅਤੇ ਵੱਖਵਾਦੀ ਕਹਿਣ ਲੱਗਿਆਂ ਨਹੀਂ ਸੀ ਥੱਕਿਆ ਕਰਦੇ। ਮੁੱਕਦੀ ਗੱਲ ਲੀਡਰਾਂ ਨੂੰ ਸਿਆਸੀ ਰੋਟੀਆਂ ਸੇਕਣ ਦਾ ਇੱਕ ਹੋਰ ਵਧੀਆ ਮੁੱਦਾ ਮਿਲ ਗਿਆ ਹੈ।

ਮੁੱਕਦੀ ਗੱਲ, ਰਾਜੋਆਣੇ ਦੇ ਮੁੱਦੇ ਤੇ, ਸੂਬੇ ਦੇ ਤਮਾਮ ਸਿਆਸੀ ਤੇ ਧਾਰਮਿਕ ਆਗੂ ਚਿੱਕੜੋ-ਚਿੱਕੜੀ ਹੋ ਗਏ ਹਨ। ਅਕਾਲੀ ਦਲ ਵਾਲੇ, ਕੈਪਟਨ ਅਮਰਿੰਦਰ ਸਿੰਘ ਨੂੰ ਰਾਜੋਆਣਾ ਦੀ ਸਜਾ ਮੁਆਫ਼ੀ ਦੇ ਰਾਹ ਵਿੱਚ ਸਭ ਤੋਂ ਵੱਡਾ ਰੋੜਾ ਸਾਬਤ ਕਰਨ ਦੀ ਕੋਸ਼ਿਸ਼ ਵਿੱਚ ਹਨ ਜਦਕਿ ਕੈਪਟਨ ਅਮਰਿੰਦਰ ਸਿੰਘ, ਬਾਦਲਾਂ ਨੂੰ ਆੜੇ ਹੱਥੀਂ ਲੈ ਰਹੇ ਹਨ। ਸੰਤ ਸਮਾਜ ਵਾਲੇ ਵੀ ਇਸ ਮਾਮਲੇ ਤੇ ਸਾਹਮਣੇ ਆ ਚੁੱਕੇ ਹਨ, ਉਹ ਵੀ, ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਰੱਦ ਕਰਨ ਦੇ ਐਲਾਨ ਤੋਂ ਪਲਟ ਜਾਣ ਤੇ ਮੋਦੀ ਸਰਕਾਰ 'ਤੇ ਸਿੱਖ ਕੌਮ ਨਾਲ ਵਾਅਦਾ ਖ਼ਿਲਾਫ਼ੀ ਕਰਨ ਦੇ ਇਲਜ਼ਾਮ ਲਗਾਉਂਦੇ ਨਹੀਂ ਥੱਕ ਰਹੇ।

ਦੋਸਤੋ, ਬਲਵੰਤ ਸਿੰਘ ਰਾਜੋਆਣਾ ਨੂੰ 23 ਸਾਲ ਹੋ ਚੁੱਕੇ ਹਨ, ਜੇਲ੍ਹ ਦੀਆਂ ਸਲਾਖ਼ਾਂ ਪਿੱਛੇ ਬੈਠਿਆਂ। ਇਸ ਸਮੇਂ ਦੇ ਦੌਰਾਨ ਸੂਬੇ ਦੇ ਕਿਸੇ ਵੀ ਸਿਆਸੀ ਲੀਡਰ ਨੇ ਉਨ੍ਹਾਂ ਦੀ ਬਾਤ ਤੱਕ ਨਹੀਂ ਪੁੱਛੀ, ਬਹੁਤੇ ਤਾਂ ਉਨ੍ਹਾਂ ਵਰਗਿਆਂ ਨੂੰ ਅੱਤਵਾਦੀ ਦੱਸ-ਦੱਸ ਕੇ ਸੱਤਾ ਦੇ ਸਿੰਘਾਸਣਾਂ ਦਾ ਅਨੰਦ ਮਾਣਦੇ ਰਹੇ। ਅੱਜ ਜਦੋਂ ਕੇਂਦਰ ਨੇ ਆਪਣੀ ਸਥਿਤੀ ਸਪਸ਼ਟ ਕੀਤੀ ਹੈ ਤਾਂ ਸਾਰਿਆਂ ਨੂੰ ਜੇਲ੍ਹ ਦੇ ਅੰਦਰ ਬੈਠੇ ਰਾਜੋਆਣਾ ਨਜ਼ਰ ਆਉਣ ਲੱਗ ਪਏ ਹਨ, ਜਦਕਿ ਰਾਜੋਆਣਾ ਨੇ ਗ੍ਰਿਫ਼ਤਾਰੀ ਸਮੇਂ ਹੀ ਇਕਬਾਲੀਆ ਜੁਰਮ ਕਰਕੇ ਫਾਂਸੀ ਦੀ ਸਜਾ ਦੀ ਮੰਗ ਕੀਤੀ ਸੀ। ਜੋ ਵੀ ਹੈ, ਪੰਜਾਬ ਦੇ ਲੀਡਰਾਂ ਨੂੰ, ਸਿਆਸੀ ਰੋਟੀਆਂ ਸੇਕਣ ਦਾ ਵਧੀਆ ਮੌਕਾ ਦੇ ਗਏ ਹਨ, ਅਮਿਤ ਸ਼ਾਹ!

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।