84 ਨਸਲਕੁਸ਼ੀ ਨੂੰ ਲੈ ਕੇ ਮਜੀਠੀਆ ਦਾ ਪੰਜਾਬ ਦੇ ਕਾਂਗਰਸੀਆਂ ਤੇ ਵੱਡਾ ਹਮਲਾ

Last Updated: Dec 05 2019 17:23
Reading time: 2 mins, 3 secs

ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੇ ਖ਼ੁਲਾਸੇ ਤੋਂ ਬਾਅਦ 84 ਨਸਲਕੁਸ਼ੀ ਤੇ ਇੱਕ ਵਾਰ ਫੇਰ ਗਾਂਧੀ ਪਰਿਵਾਰ ਸ਼੍ਰੋਮਣੀ ਅਕਾਲੀ ਦਲ ਦੇ ਨਿਸ਼ਾਨੇ ਤੇ ਆ ਗਿਆ ਹੈ। ਅੱਜ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਤਾਂ ਇਸ ਅਹਿਮ ਮਸਲੇ ਨੂੰ ਲੈ ਕੇ ਪੰਜਾਬ ਦੇ ਕਾਂਗਰਸੀਆਂ ਤੇ ਵੀ ਵੱਡਾ ਹਮਲਾ ਕੀਤਾ ਹੈ।

ਕੀ ਕਿਹਾ ਮਨਮੋਹਨ ਸਿੰਘ ਬਾਰੇ

ਅਕਾਲੀ ਆਗੂ ਮਜੀਠੀਆ ਨੇ ਕਿਹਾ ਹੈ ਕਿ 1984 ਵਿੱਚ ਸਿੱਖ ਨਸਲਕੁਸ਼ੀ ਦੇ ਅਸਲ ਦੋਸ਼ੀ ਗਾਂਧੀ ਪਰਿਵਾਰ ਹੈ ਤੇ ਇਸ ਲਈ ਸ਼੍ਰੋਮਣੀ ਅਕਾਲੀ ਦਲ ਤਾਂ ਪਹਿਲਾਂ ਤੋਂ ਹੀ ਕਹਿੰਦਾ ਆ ਰਿਹਾ ਹੈ ਪਰ ਜਿਸ ਤਰਾਂ ਦਾ ਖ਼ੁਲਾਸਾ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਹੁਣ ਕੀਤਾ ਹੈ ਇਸ ਨਾਲ ਸਪਸ਼ਟ ਹੋ ਗਿਆ ਹੈ ਕਿ ਉਸ ਵੇਲੇ ਜੋ ਸਿੱਖਾਂ ਦਾ ਕਤਲੇਆਮ ਹੋਇਆ ਸੀ ਉਹ ਕਾਂਗਰਸ ਦੀ ਮਿਲੀਭੁਗਤ ਨਾਲ ਅਤੇ ਗਾਂਧੀ ਪਰਿਵਾਰ ਦੇ ਇਸ਼ਾਰੇ ਤੇ ਹੀ ਕੀਤਾ ਗਿਆ ਸੀ।

ਪੰਜਾਬ ਦੇ ਕਾਂਗਰਸੀ ਨੂੰ ਲਿਆ ਲੰਬੇ ਹੱਥੀਂ

ਮਜੀਠੀਆ ਨੇ ਇਸ ਮੌਕੇ ਪੰਜਾਬ ਕਾਂਗਰਸ ਦੇ ਸੀਨੀਅਰ ਆਗੂਆਂ ਨੂੰ ਵੀ ਲੰਬੇ ਹੱਥੀਂ ਲੈਂਦਿਆਂ ਕਰਾਰਾ ਹਮਲਾ ਕੀਤਾ। ਮਜੀਠੀਆ ਨੇ ਤਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੂੰ ਵੀ ਕਹਿ ਦਿੱਤਾ ਕਿ ਹੁਣ ਤਾਂ ਉਹ ਗਾਂਧੀ ਪਰਿਵਾਰ ਦੀ ਬੁੱਕਲ ਵਿੱਚੋਂ ਬਾਹਰ ਆ ਜਾਣ।

7 ਦਸੰਬਰ ਨੂੰ ਬਟਾਲਾ ਵਿਖੇ ਹੋਵੇਗਾ ਧਰਨਾ

ਹਲਕਾ ਡੇਰਾ ਬਾਬਾ ਨਾਨਕ ਵਿਖੇ ਬੀਤੇ ਦਿਨੀਂ ਹੋਏ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਸਰਪੰਚ ਦਲਬੀਰ ਸਿੰਘ ਢਿੱਲਵਾਂ ਦੇ ਕਤਲ ਦੇ ਸਬੰਧ ਵਿੱਚ ਪੀੜਤ ਪਰਿਵਾਰ ਨੂੰ ਇਨਸਾਫ਼ ਨਾ ਮਿਲਣ ਅਤੇ ਪੁਲਸ ਦੇ ਪੱਖਪਾਤੀ ਰਵੱਈਆ ਅਪਣਾਏ ਜਾਣ ਦੇ ਦੋਸ਼ ਲਗਾਉਂਦਿਆਂ ਅਕਾਲੀ ਦਲ ਨੇ ਐਲਾਨ ਕੀਤਾ ਹੈ ਕਿ 7 ਦਸੰਬਰ ਨੂੰ ਬਟਾਲਾ ਵਿਖੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਇੱਕ ਵੱਡਾ ਧਰਨਾ ਲਗਾਇਆ ਜਾਵੇਗਾ ਤੇ ਇਸ ਮੌਕੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੀ ਵਿਸ਼ੇਸ਼ ਤੌਰ ਤੇ ਧਰਨੇ ਵਿੱਚ ਸ਼ਾਮਲ ਹੋਣਗੇ ।

ਮੰਤਰੀ ਦੇ ਗੈਂਗਸਟਰਾਂ ਨਾਲ ਸਬੰਧਾਂ ਦੀ ਜਾਂਚ ਦੀ ਮੰਗ

ਸਾਬਕਾ ਮੰਤਰੀ ਮਜੀਠੀਆ ਨੇ ਪੰਜਾਬ ਸਰਕਾਰ ਦੇ ਇੱਕ ਵਜ਼ੀਰ ਦੇ ਜੇਲ੍ਹ ਵਿੱਚ ਬੰਦ ਬਦਨਾਮ ਗੈਂਗਸਟਰਾਂ ਨਾਲ ਮਿਲੀਭੁਗਤ ਕਰਕੇ ਵਾਰਦਾਤਾਂ ਕਰਵਾਉਣ ਦੇ ਆਰੋਪ ਵੀ ਲਗਾਏ। ਮਜੀਠੀਆ ਨੇ ਤਾਂ ਕਿਸੇ ਸਿਟਿੰਗ ਜੱਜ ਜਾਂ ਸੀ.ਬੀ.ਆਈ ਤੋਂ ਇਸ ਸਾਰੇ ਮਾਮਲੇ ਦੀ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ ਤਾਂ ਜੋ ਸੱਚਾਈ ਸਾਹਮਣੇ ਆ ਸਕੇ। ਓਧਰ ਸਬੰਧਿਤ ਮੰਤਰੀ ਵੱਲੋਂ ਵੀ ਜਾਂਚ ਦੀ ਗੱਲ ਕੀਤੀ ਗਈ ਸੀ ਪਰ ਇਹ ਦੋਵਾਂ ਲੀਡਰਾਂ ਵੱਲੋਂ ਸਿਰਫ਼ ਬਿਆਨਬਾਜ਼ੀ ਹੀ ਸਾਬਤ ਹੋ ਰਹੇ ਹਨ ਤਾਂ ਜੋ ਰਾਜਨੀਤੀ ਦੀਆਂ ਰੋਟੀਆਂ ਸਿਕਦੀਆਂ ਰਹਿਣ। ਕਿਉਂਕਿ ਜੇਕਰ ਮੰਤਰੀ ਅਤੇ ਮਜੀਠੀਆ ਵਾਕਿਆ ਹੀ ਸੰਜੀਦਾ ਹਨ ਤਾਂ ਫੇਰ ਕਰਵਾ ਲੈਣ ਜਾਂਚ ਕਿਸੇ ਨਿਰਪੱਖ ਏਜੰਸੀ ਤੋਂ, ਰੋਕਿਆ ਕਿਸ ਨੇ ਹੈ ਪਰ ਅਜਿਹਾ ਹੁੰਦਾ ਅੱਜ ਤੱਕ ਨਹੀਂ ਵੇਖਿਆ ਗਿਆ ਹੈ ਕਿ ਇੱਕ ਦੂਸਰੇ ਤੇ ਲਗਾਏ ਜਾਣ ਵਾਲੇ ਇਲਜ਼ਾਮਾਂ ਦੀ ਸਿਆਸੀ ਲੀਡਰ ਜਾਂਚ ਕਰਵਾਉਂਦੇ ਹੋਣ।

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।