ਕਦੇ, ਡੁੱਬਦੀ ਬੇੜੀ ਤੇ ਵੀ ਸਵਾਰ ਹੋਣਾ ਚਾਹੁੰਦੈ ਕੋਈ? (ਵਿਅੰਗ)

Last Updated: Dec 05 2019 16:48
Reading time: 1 min, 40 secs

ਭਾਰਤ ਇੱਕ ਲੋਕਤਾਂਤਰਿਕ ਦੇਸ਼ ਹੈ, ਇੱਥੇ ਸਭ ਨੂੰ ਸੋਚਣ, ਬੋਲਣ ਤੇ ਲਿਖਣ ਦੀ ਅਜ਼ਾਦੀ ਹੈ, ਇਹ ਅਜ਼ਾਦੀ ਕਿੰਨੀ ਕੁ ਹੈ, ਉਹ ਇੱਕ ਵੱਖਰਾ ਵਿਸ਼ਾ ਹੈ। ਕੁਝ ਲੋਕਾਂ ਦਾ ਮੰਨਣਾ ਹੈ ਕਿ, ਇਸ ਵੇਲੇ ਕੈਪਟਨ ਸਰਕਾਰ ਦੀ ਹਾਲਤ ਮੱਝਦਾਰ ਵਿੱਚ ਫ਼ਸੀ ਤੇ ਡੁੱਬਦੀ ਕਿਸ਼ਤੀ ਵਾਲੀ ਬਣੀ ਹੋਈ ਹੈ। ਸੱਥਾਂ ਵਿੱਚ ਗੱਲਾਂ ਹੁੰਦੀਆਂ ਹਨ ਕਿ, ਤਿੰਨ ਸਾਲ ਪੂਰੇ ਹੋਣ ਨੂੰ ਆਏ ਹਨ, ਕੈਪਟਨ ਨੇ ਸੱਤਾ ਸੰਭਾਲਣ ਤੋਂ ਪਹਿਲਾਂ ਜਿੰਨੇ ਵੀ ਵਾਅਦੇ ਕੀਤੇ ਸਨ, ਉਨ੍ਹਾਂ ਵਿੱਚੋਂ ਬਹੁਤੇ ਵਾਅਦੇ ਅਜੇ ਤੱਕ ਵੀ ਪੂਰੇ ਨਹੀਂ ਹੋਏ। ਹੋਰ ਤਾਂ ਹੋਰ ਉਹ ਵੀ ਪੂਰੇ ਨਹੀਂ ਹੋਏ ਜਿਨ੍ਹਾਂ ਲਈ ਰਾਜਾ ਜੀ ਨੇ ਗੁਟਕਾ ਸਾਹਿਬ ਦੀ ਸਹੁੰ ਖ਼ਾਧੀ ਸੀ।

ਅਲੋਚਕਾਂ ਅਨੁਸਾਰ, ਜਿੰਨੀ ਕੁ ਦੇਰ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਦੇ ਅਹੁਦੇ ਦੀ ਸਹੁੰ ਖਾਧਿਆਂ ਹੋਈ ਹੈ, ਉਨਾ ਕੁ ਹੀ ਸਮਾਂ ਹੋ ਗਿਆ ਹੈ, ਸੂਬਾ ਅਵਾਮ ਨੂੰ ਸਰਕਾਰ ਦਾ ਪਿੱਟ ਸਿਆਪਾ ਕਰਦਿਆਂ। ਤਿੰਨ ਸਾਲਾਂ ਤੋਂ ਨਾ ਹੀ ਕੈਪਟਨ ਸਰਕਾਰ ਹੀ ਥੱਕੀ ਹੈ ਤੇ ਨਾ ਹੀ, ਪਿੱਟ ਸਿਆਪਾ ਕਰਨ ਵਾਲੀ ਅਵਾਮ ਦਾ ਸਿਦਕ ਡੋਲਿਆ ਹੈ। ਸਰਕਾਰ-ਏ-ਦਰਬਾਰੀ ਕਹਿੰਦੇ ਹਨ ਕਿ, ਖ਼ਜ਼ਾਨਾ ਖ਼ਾਲੀ ਹੈ।

ਪੰਜਾਂ 'ਚੋਂ ਤਿੰਨ ਸਾਲ ਗੁਜ਼ਰ ਚੁੱਕੇ ਹਨ, ਦੋ ਸਾਲਾਂ ਦਾ ਸਮਾਂ ਵੀ ਸ਼ਾਇਦ ਇੰਝ ਹੀ ਲੰਘ ਜਾਊ। 2022 ਬਾਰੇ ਵੀ ਰਾਜਾ ਜੀ ਨੂੰ ਹੁਣੇ ਤੋਂ ਸੋਚਣਾ ਪੈਣਾ ਹੈ, ਵਰਨਾਂ ਲੋਕ ਇੱਕ ਮਿੰਟ ਨਹੀਂ ਲਗਾਉਣਾ ਡੋਲੂ ਮਾਂਜਣ ਲੱਗਿਆਂ। ਸ਼ਾਇਦ ਇਹ ਵੀ ਇੱਕ ਵਜ੍ਹਾ ਹੋ ਸਕਦੀ ਹੈ ਕਿ, ਕੈਪਟਨ ਸਰਕਾਰ ਨੇ ਨਿਵੇਸ਼ਕਾਂ ਨੂੰ ਖਿੱਚਣ ਲਈ ਦੋ-ਰੋਜ਼ਾ ''ਪੰਜਾਬ ਪ੍ਰਗਤੀਸ਼ੀਲ ਨਿਵੇਸ਼ ਸੰਮੇਲਨ'' ਕਰਵਾਉਣ ਬਾਰੇ ਸੋਚਿਆ ਹੈ ਤਾਂ ਜੋ ਪ੍ਰਾਈਵੇਟ ਸੈਕਟਰ ਨੂੰ ਸੂਬੇ ਵਿੱਚ ਨਿਵੇਸ਼ ਲਈ ਰਾਜ਼ੀ ਕੀਤਾ ਜਾ ਸਕੇ।

ਦੋਸਤੋ, ਕੱਲ੍ਹ ਕੀ ਹੋਣਾ ਹੈ, ਇਸ ਸਵਾਲ ਦਾ ਜਵਾਬ ਤਾਂ ਫ਼ਿਲਹਾਲ ਭਵਿੱਖ ਦੇ ਗਰਭ ਵਿੱਚ ਪਲ ਰਿਹਾ ਹੈ ਪਰ, ਸਰਕਾਰ ਦਾ ਦਾਅਵਾ ਹੈ ਕਿ ''ਪੰਜਾਬ ਪ੍ਰਗਤੀਸ਼ੀਲ ਨਿਵੇਸ਼ ਸੰਮੇਲਨ'' ਦੇ ਜ਼ਰੀਏ ਸਰਕਾਰ, ਸੂਬੇ ਦੇ ਸੂਖਮ, ਲਘੂ ਤੇ ਦਰਮਿਆਨੇ ਉਦਯੋਗਾਂ ਨੂੰ ਵੱਡੇ ਪੱਧਰ ਤੇ ਉਭਾਰਨ ਦੀ ਕੋਸ਼ਿਸ਼ ਕਰੇਗੀ। ਦੋਸਤੋ, ਗੱਲ ਕਰੀਏ ਜੇਕਰ ਪੰਜਾਬ ਸਰਕਾਰ ਦੀ ਮੌਜੂਦਾ ਸਥਿਤੀ ਦੀ ਤਾਂ ਉਹ ਸ਼ੀਸ਼ੇ ਵਾਂਗ ਸਾਫ਼ ਹੈ, ਵਿਰੋਧੀ ਹੀ ਨਹੀਂ ਖ਼ੁਦ ਸਰਕਾਰ ਦੇ ਆਪਣੇ ਮੰਤਰੀ ਵੀ ਮੰਨਦੇ ਹਨ। ਅਲੋਚਕ ਸਵਾਲ ਕਰਦੇ ਹਨ ਕਿ, ਕਦੇ, ਡੁੱਬਦੀ ਬੇੜੀ ਤੇ ਵੀ ਸਵਾਰ ਹੋਣਾ ਚਾਹੁੰਦੈ ਕੋਈ?

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।