ਨੌਜਵਾਨ ਰਹਿਤ ਹੋ ਜਾਵੇਗਾ ਸੂਬਾ ਪੰਜਾਬ ਇੱਕ ਦਿਨ, ਜੇਕਰ !!! (ਵਿਅੰਗ)

Last Updated: Dec 05 2019 16:13
Reading time: 1 min, 18 secs

ਕੇਵਲ ਮਹਿੰਗਾਈ, ਨਸ਼ੇ ਅਤੇ ਭ੍ਰਿਸ਼ਟਾਚਾਰ ਹੀ ਨਹੀਂ ਬਲਕਿ ਬੇਕਾਰੀ ਅਤੇ ਬੇਰੋਜ਼ਗਾਰੀ ਨੇ ਵੀ ਸੂਬੇ ਦੀ ਅਵਾਮ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ। ਆਪਣੇ ਭਵਿੱਖ ਨੂੰ ਸੁਰੱਖ਼ਿਅਤ ਕਰਨ ਦੀ ਚਾਹਤ ਵਿੱਚ ਅੱਜ ਸੂਬੇ ਦੇ ਬਹੁਤੇ ਪੜੇ ਲਿਖ਼ੇ ਨੌਜਵਾਨ ਵਿਦੇਸ਼ਾਂ ਵੱਲ ਭੱਜ ਰਹੇ ਹਨ। ਮਾਪੇ ਆਪਣੇ ਬੱਚਿਆਂ ਦੇ ਸੁਨਹਿਰੇ ਭਵਿੱਖ ਦੀ ਚਾਹਤ ਵਿੱਚ ਆਪਣਾ ਸਭ ਕੁਝ ਵੇਚ ਵੱਟ ਕੇ, ਮਹਿੰਗੀਆਂ ਦਰਾਂ ਦੇ ਕਰਜ਼ੇ ਚੁੱਕ ਕੇ ਵੀ ਆਪੋ ਆਪਣੇ ਬੱਚਿਆਂ ਨੂੰ ਕਿਸੇ ਵੀ ਤਰੀਕੇ ਨਾਲ ਆਪਣੇ ਦੇਸ਼ 'ਚ ਬਾਹਰ ਭੇਜ ਦੇਣ ਦੀ ਦੌੜ ਵਿੱਚ ਸ਼ਾਮਲ ਹੋ ਚੁੱਕੇ ਹਨ।

ਦੋਸਤੋ, ਬੜੀ ਕੌੜੀ ਸਚਾਈ ਹੈ ਕਿ, ਅੱਜ ਜਿਸਦਾ ਵੀ ਹੱਥ ਪੈ ਰਿਹਾ ਹੈ, ਉਹ ਨੌਜਵਾਨ ਛੇਤੀ ਤੋਂ ਛੇਤੀ ਇਸ ਦੇਸ਼ ਨੂੰ ਛੱਡ ਜਾਣਾ ਚਾਹੁੰਦਾ ਹੈ। ਜੇਕਰ ਸੂਬੇ ਦੇ ਨੌਜਵਾਨ, ਇਸ ਰਾਹ ਤੇ ਤੁਰ ਪਏ ਹਨ ਤਾਂ, ਇਸਨੂੰ ਕੇਵਲ ਰੋਜ਼ਗਾਰ ਨਾਲ ਜੋੜ ਕੇ ਹੀ ਵੇਖ਼ਣਾ ਵੀ, ਲੀਡਰਾਂ ਦੀ ਇੱਕ ਭੁੱਲ ਹੀ ਹੋ ਸਕਦੀ ਹੈ, ਕਾਰਨ ਹੋਰ ਵੀ ਬੜੇ ਹੋ ਸਕਦੇ ਹਨ, ਜਿਹਨਾਂ ਦਾ ਜੇਕਰ ਜ਼ਿਕਰ ਕਰਨ ਬਹਿ ਗਏ ਤਾਂ ਖ਼ਬਰ ਮੁੱਦੇ ਤੋਂ ਭਟਕ ਜਾਵੇਗੀ।

ਦੋਸਤੋ, ਅੱਜ ਸੂਬੇ ਵਿਚਲੇ ਹਾਲਾਤ ਇਹ ਹੋ ਚੁੱਕੇ ਹਨ, ਨਾ ਕੇਵਲ ਪੈਸਾ ਅਤੇ ਨੌਜਵਾਨੀ ਹੀ ਬਲਕਿ, ਟੇਲੈਂਟ ਵੀ ਬੜੀ ਤੇਜ਼ੀ ਦੇ ਨਾਲ ਵਿਦੇਸ਼ਾਂ ਦੀ ਧਰਤੀ ਵੱਲ ਪਲਾਇਨ ਕਰ ਰਿਹਾ ਹੈ। ਅਲੋਚਕਾਂ ਅਨੁਸਾਰ, ਜੇਕਰ ਹਾਲਾਤ ਇਸੇ ਤਰ੍ਹਾਂ ਹੀ ਬਣੇ ਰਹੇ ਤਾਂ ਉਹ ਦਿਨ ਦੂਰ ਨਹੀਂ ਜਦੋਂ, ਸੂਬਾ ਪੰਜਾਬ ਵਿੱਚ ਕੇਵਲ ਜ਼ਰਾਇਮ ਪੇਸ਼ਾ ਅਤੇ ਗੈਂਗਸਟਰਾਂ ਦਾ ਹੀ ਵਾਸਾ ਰਹਿ ਜਾਵੇਗਾ ਜਾਂ ਫ਼ਿਰ ਰਹਿ ਜਾਣਗੇ, ਚਿੱਟਿਆਂ ਭਰਵੱਟਿਆਂ ਅਤੇ ਵਿੰਗੇ ਗੋਡਿਆਂ ਵਾਲੇ ਲੋਕ। ਲੀਡਰੋ ਰੋਕ ਲਓ, ਉੱਜੜ ਰਹੀ ਨੌਜਵਾਨੀ ਨੂੰ, ਵਰਨਾਂ ਬਿਹਾਰੀਆਂ ਤੇ ਪੂਰਬੀਆਂ ਨੇ ਹੀ ਸਾਂਭ ਲੈਣੀ ਹੈ, ਸੂਬੇ ਦੀ ਵਾਗਡੋਰ ਵੀ, ਇੱਕ ਦਿਨ।

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।