ਕਿੱਲੀਆਂ ਤੇ ਟੰਗਣ ਜੋਗੇ ਰਹਿ ਗਏ ਸੋਨੇ, ਚਾਂਦੀ ਤੇ ਕਾਂਸੀ ਦੇ ਮੈਡਲ !!! (ਵਿਅੰਗ)

Last Updated: Dec 05 2019 16:08
Reading time: 1 min, 33 secs

ਆਪਣੇ ਸਕੂਲ, ਆਪਣੇ ਜ਼ਿਲ੍ਹੇ, ਆਪਣੇ ਸੂਬੇ ਅਤੇ ਆਪਣੇ ਦੇਸ਼ ਦਾ ਨਾਮ ਰੌਸ਼ਨ ਕਰਨ ਅਤੇ ਆਪਣੇ ਸੁਨਹਿਰੀ ਭਵਿੱਖ ਦੀ ਕਾਮਨਾ ਲਈ ਹੁਣ, ਹਜ਼ਾਰਾਂ ਹੀ ਨੌਜਵਾਨ ਪੜਾਈ ਲਿਖਾਈ ਦੇ ਨਾਲ-ਨਾਲ ਖੇਡਾਂ ਵਿੱਚ ਵੀ ਮੱਲ੍ਹਾਂ ਮਾਰਦੇ ਹਨ। ਹੱਡ ਤੋੜਵੀਂ ਮਿਹਨਤ ਅਤੇ ਅੰਨ੍ਹਾ ਪੈਸਾ ਖ਼ਰਚ ਕੇ ਉਹ ਖੇਡਾਂ ਵਿੱਚ ਭਾਗ ਲੈਂਦੇ ਹਨ, ਸੋਨੇ ਚਾਂਦੀ ਅਤੇ ਕਾਂਸੀ ਦੇ ਮੈਡਲ ਹਾਸਲ ਕਰਦੇ ਹਨ। ਉਨ੍ਹਾਂ ਨੂੰ ਵੱਡੀ ਆਸ ਹੁੰਦੀ ਹੈ ਕਿ, ਖੇਡਾਂ ਵਿੱਚ ਮੱਲ੍ਹਾਂ ਮਾਰਕੇ, ਘੱਟੋ ਘੱਟ ਉਹ ਸਰਕਾਰੀ ਨੌਕਰੀ ਦੇ ਹੱਕਦਾਰ ਤਾਂ ਬਣ ਹੀ ਜਾਣਗੇ।

ਦੋਸਤੋ, ਕੌੜਾ ਸੱਚ ਤਾਂ ਇਹ ਹੈ ਕਿ, ਅੱਜ ਸੂਬੇ ਦੇ ਹਜ਼ਾਰਾਂ ਹੀ ਖਿਡਾਰੀ ਬੇਕਾਰੀ ਅਤੇ ਬੇਰੁਜ਼ਗਾਰੀ ਦਾ ਸ਼ਿਕਾਰ ਹੋ ਚੁੱਕੇ ਹਨ। ਉਹ ਆਪਣੇ ਮੈਡਲ ਤੇ ਸਰਟੀਫਿਕੇਟ ਲੈ ਕੇ ਸਰਕਾਰੀ ਦਫ਼ਤਰਾਂ ਦੇ ਗੇੜੇ ਮਾਰਦੇ ਹਨ, ਸੰਤਰੀਆਂ ਮੰਤਰੀਆਂ ਮੂਹਰੇ ਲਿਲ੍ਹਕੜੀਆਂ ਕੱਢਦੇ ਹਨ ਪਰ, ਕੋਈ ਵੀ ਉਨ੍ਹਾਂ ਦੀ ਬਾਤ ਨਹੀਂ ਪੁੱਛਦਾ। ਜਿਹੜੇ ਲੀਡਰਾਂ ਕਦੇ ਉਨ੍ਹਾਂ ਖਿਡਾਰੀਆਂ ਨੂੰ ਸਨਮਾਨਿਤ ਕਰਕੇ ਉਨ੍ਹਾਂ ਦੀਆਂ ਸਿਫ਼ਤਾਂ ਦੇ ਪੁਲ ਬੰਨ੍ਹਦੇ ਨਹੀਂ ਸਨ ਥੱਕਦੇ, ਅੱਜ ਉਹ ਉਨ੍ਹਾਂ ਖਿਡਾਰੀਆਂ ਨੂੰ ਆਪਣੇ ਦਫ਼ਤਰਾਂ ਦੀ ਦਹਿਲੀਜ਼ ਨਹੀਂ ਚੜ੍ਹਨ ਦਿੰਦੇ।

ਸ਼ਾਇਦ ਇਹੋ ਇੱਕ ਵੱਡਾ ਕਾਰਨ ਹੋਵੇਗਾ ਕਿ, ਸੂਬਾ ਪੰਜਾਬ ਦੇ ਖਿਡਾਰੀ ਅੱਜ ਧਰਨੇ ਮੁਜ਼ਾਹਰੇ ਕਰਨ ਲਈ ਮਜਬੂਰ ਹੋ ਚੁੱਕੇ ਹਨ। ਖ਼ਬਰਾਂ ਆ ਰਹੀਆਂ ਹਨ ਕਿ, ਸਰਕਾਰੀ ਨੌਕਰੀਆਂ ਦੀ ਮੰਗ ਨੂੰ ਲੈ ਕੇ, ਪੰਜਾਬ ਦੇ ਸੈਂਕੜੇ ਹੀ ਖਿਡਾਰੀਆਂ ਨੇ ਮੁੱਖ ਮੰਤਰੀ ਪੰਜਾਬ, ਕੈਪਟਨ ਅਮਰਿੰਦਰ ਸਿੰਘ ਦੇ ਘਰ ਬਾਹਰ ਧਰਨਾ ਲਾਉਣ ਤੋਂ ਬਾਅਦ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਨੇ ਮਰਨ ਵਰਤ ਸ਼ੁਰੂ ਕਰਨ ਦੀ ਵੀ ਧਮਕੀ ਦੇ ਦਿੱਤੀ ਹੈ।

ਦੋਸਤੋ, ਸਰਕਾਰਾਂ ਲਈ ਬੜਾ ਸੌਖਾ ਹੈ, ਉਨ੍ਹਾਂ ਨੌਜਵਾਨਾਂ ਦੇ ਹੱਥ ਵਿੱਚ ਲੱਕੜ ਦੇ ਲੌਲੀਪੌਪ ਫੜਾ ਦੇਣਾ, ਜਿਨ੍ਹਾਂ ਨੌਜਵਾਨ ਖਿਡਾਰੀਆਂ ਤੇ ਖਿਡਾਰਨਾਂ ਨੇ ਆਪਣੀ ਅਣਥੱਕ ਮਿਹਨਤ ਨਾਲ ਖੇਡਾਂ ਵਿੱਚ ਵੱਡੀਆਂ ਮੱਲ੍ਹਾਂ ਮਾਰਕੇ ਦੇਸ਼ ਲਈ ਸੋਨੇ, ਚਾਂਦੀ ਅਤੇ ਕਾਂਸੀ ਦੇ ਮੈਡਲ ਜਿੱਤ ਕੇ ਲਿਆਂਦੇ ਹਨ। ਜਿਨ੍ਹਾਂ ਖਿਡਾਰੀਆਂ ਨੂੰ ਸਰਕਾਰੀ ਨੌਕਰੀਆਂ ਮਿਲਣੀਆਂ ਚਾਹੀਦੀਆਂ ਸਨ, ਅੱਜ ਉਹ ਭੁੱਖ ਹੜਤਾਲਾਂ ਅਤੇ ਮਰਨ ਵਰਤ ਰੱਖਣ ਲਈ ਮਜਬੂਰ ਹਨ। ਸ਼ਾਇਦ ਕਿੱਲੀਆਂ ਤੇ ਟੰਗਣ ਜੋਗੇ ਹੀ ਰਹਿ ਗਏ ਹਨ, ਉਨ੍ਹਾਂ ਵੱਲੋਂ ਜਿੱਤੇ ਮੈਡਲ।

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।