ਕੀ ਮਿਲੇਗਾ ਇਨਸਾਫ਼ ਹੈਂਡੀਕੈਪਡ ਔਰਤ ਨੂੰ? (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Dec 05 2019 14:22
Reading time: 2 mins, 39 secs

ਹੈਦਰਾਬਾਦ ਦੇ ਅੰਦਰ ਮਹਿਲਾ ਡਾਕਟਰ ਦੇ ਨਾਲ ਬਲਾਤਕਾਰ ਕਰਨ ਤੋਂ ਬਾਅਦ ਕਤਲ ਕਰਨ ਦਾ ਮਾਮਲਾ ਤਾਂ ਹਾਲੇ ਠੰਡਾ ਨਹੀਂ ਪਿਆ ਕਿ ਭਾਰਤ ਦੇ ਕਈ ਖ਼ਿੱਤਿਆਂ ਵਿੱਚੋਂ ਹੁਣ ਫਿਰ ਤੋਂ ਬਲਾਤਕਾਰ ਤੋਂ ਮਗਰੋਂ ਕਤਲ ਹੋਣ ਦੀਆਂ ਖ਼ਬਰਾਂ ਸੁਣਨ ਨੂੰ ਮਿਲ ਰਹੀਆਂ ਹਨ। ਬੇਸ਼ੱਕ ਸਾਡਾ ਭਾਰਤ ਦੇਸ਼ ਹਮੇਸ਼ਾ ਹੀ ਔਰਤਾਂ ਦੇ ਹੱਕ ਵਿੱਚ ਭੁਗਤਦਾ ਰਿਹਾ ਹੈ ਅਤੇ ਔਰਤਾਂ ਦੀ ਪੂਜਾ ਵੀ ਭਾਰਤ ਦੇ ਅੰਦਰ ਕੀਤੀ ਜਾਂਦੀ ਰਹੀ ਹੈ, ਪਰ ਪਿਛਲੇ ਕੁਝ ਕੁ ਸਮੇਂ ਤੋਂ ਭਾਰਤ ਦੇ ਅੰਦਰ ਔਰਤਾਂ ਬਿਲਕੁਲ ਵੀ ਸੁਰੱਖਿਅਤ ਨਹੀਂ ਹਨ।

ਹੈਦਰਾਬਾਦ ਦੀ ਵਾਰਦਾਤ ਨੇ ਪੂਰੇ ਦੇਸ਼ ਨੂੰ ਸੋਚਾਂ ਵਿੱਚ ਪਾ ਦਿੱਤਾ ਹੈ ਕਿ ਆਖ਼ਰ ਔਰਤ ਕਿਥੇ ਹੈ ਸੁਰੱਖਿਅਤ? ਹਰ ਗਲੀ ਮੁਹੱਲੇ ਦੇ ਵਿੱਚ ਔਰਤਾਂ ਅਤੇ ਬੱਚੀਆਂ ਦੇ ਨਾਲ ਬਲਾਤਕਾਰ ਅਤੇ ਛੇੜਛਾੜ ਹੋਣ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ, ਜੋ ਸਾਬਤ ਤਾਂ ਇਹ ਕਰਦੀਆਂ ਹਨ ਕਿ ਸਾਡੇ ਦੇਸ਼ ਦੇ ਅੰਦਰ ਵਹਿਸ਼ੀ ਇਸ ਕਦਰ ਵੱਧ ਚੁੱਕੇ ਹਨ ਕਿ ਉਨ੍ਹਾਂ ਨੂੰ ਕਾਨੂੰਨ ਦਾ ਕੋਈ ਡਰ ਨਹੀਂ, ਕਿਉਂਕਿ ਸੱਤਾ ਵਿੱਚ ਬਿਰਾਜਮਾਨ ਲੀਡਰ ਵੀ ਉਕਤ ਵਹਿਸ਼ੀਆਂ ਦੇ ਆਪਣੇ ਹਨ, ਜੋ ਕਦੇ ਵੀ ਉਕਤ ਵਹਿਸ਼ੀਆਂ ਨੂੰ ਸਜ਼ਾਵਾਂ ਹੋਣ ਨਹੀਂ ਦੇਣਗੇ।

ਦੱਸ ਦਈਏ ਕਿ ਪੰਜਾਬ ਸੂਬੇ ਦੇ ਅੰਦਰ ਵੀ ਬਲਾਤਕਾਰ ਤੋਂ ਬਾਅਦ ਕਤਲ ਹੋਣ ਦੀਆਂ ਘਟਨਾਵਾਂ ਵਿੱਚ ਕਾਫ਼ੀ ਜ਼ਿਆਦਾ ਵਾਧਾ ਹੋਇਆ ਹੈ। ਭਾਵੇਂ ਹੀ ਇਸ ਦੀ ਰਿਪੋਰਟ ਸਮੇਂ-ਸਮੇਂ 'ਤੇ ਸਾਹਮਣੇ ਆਉਂਦੀ ਰਹਿੰਦੀ ਆਈ ਹੈ, ਪਰ ਕੁੱਲ ਮਿਲਾ ਕੇ ਇਹ ਹੀ ਕਿਹਾ ਜਾ ਸਕਦਾ ਹੈ ਕਿ ਬਲਾਤਕਾਰ ਕਰਨ ਵਾਲੇ ਨੂੰ ਵੀ ਉਸੇ ਪ੍ਰਕਾਰ ਹੀ ਮੌਤ ਦੇ ਘਾਟ ਉਤਾਰ ਦੇਣਾ ਚਾਹੀਦਾ ਹੈ, ਜਿਸ ਪ੍ਰਕਾਰ ਤਾਲੀਬਾਨੀ ਸਿਰ ਕਲਮ ਕਰ ਦਿੰਦੇ ਹਨ। ਤਾਲੀਬਾਨ ਦੇ ਅੰਦਰ ਔਰਤਾਂ 'ਤੇ ਅੱਤਿਆਚਾਰ ਨਹੀਂ ਹੋਣ ਦਿੱਤਾ ਜਾਂਦਾ, ਸਗੋਂ ਬਲਾਤਕਾਰੀ ਦਾ ਸਿਰ ਵੱਢ ਦਿੱਤਾ ਜਾਂਦਾ ਹੈ।

ਪੰਜਾਬ ਦੇ ਵਿੱਚ ਹੁਣ ਤੱਕ ਕਈ ਪੀੜਤਾਂ ਅਜਿਹੀਆਂ ਹਨ, ਜਿਨ੍ਹਾਂ ਨੂੰ ਇਨਸਾਫ਼ ਮਿਲਣ ਦੀ ਬਿਜਾਏ ਧੱਕੇ ਮਿਲ ਰਹੇ ਹਨ। ਛੇੜਛਾੜ ਅਤੇ ਬਲਾਤਕਾਰ ਦੀਆਂ ਘਟਨਾਵਾਂ ਨੇ ਲੋਕਾਂ ਦੇ ਹਿਰਦਿਆਂ ਨੂੰ ਵਲੂੰਧਰ ਕੇ ਰੱਖ ਦਿੱਤਾ ਹੈ। ਦੱਸ ਦਈਏ ਕਿ ਇੱਕ ਤਾਜ਼ਾ ਘਟਨਾ ਫ਼ਿਰੋਜ਼ਪੁਰ ਦੇ ਪਿੰਡ ਝੋਕ ਹਰੀ ਹਰ ਤੋਂ ਸਾਹਮਣੇ ਆਈ ਹੈ। ਜਿੱਥੋਂ ਦੀ ਰਹਿਣ ਵਾਲੀ ਇੱਕ ਹੈਂਡੀਕੈਪਡ ਔਰਤ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਦੋਸ਼ ਲਗਾਇਆ ਕਿ ਉਸ ਦਾ ਵਿਆਹ ਕਰੀਬ 7 ਸਾਲ ਪਹਿਲੋਂ ਬਾਦਲ ਨਾਂਅ ਦੇ ਵਿਅਕਤੀ ਨਾਲ ਹੋਇਆ ਸੀ।

ਉਕਤ ਬਾਦਲ ਮੁੱਦਈਆ ਨੂੰ ਛੱਡ ਕੇ ਕਿਸੇ ਹੋਰ ਔਰਤ ਨੂੰ ਨਾਲ ਲੈ ਕੇ ਫ਼ਰਾਰ ਹੋ ਗਿਆ ਸੀ, ਪਰ ਮੁੱਦਈਆ ਆਪਣਾ ਸਹੁਰਾ ਘਰ ਛੱਡ ਕੇ ਪੇਕੇ ਘਰ ਹੀ ਸਿਲਾਈ ਦਾ ਕੰਮ ਕਰਕੇ ਗੁਜ਼ਾਰਾ ਕਰ ਰਹੀ ਸੀ। ਝੋਕ ਹਰੀ ਹਰ ਦਾ ਹੀ ਰਹਿਣ ਵਾਲਾ ਇੱਕ ਸ਼ਿੰਦਾ ਨਾਂਅ ਦਾ ਵਿਅਕਤੀ, ਜੋ ਮੁੱਦਈਆ 'ਤੇ ਮਾੜੀ ਨਿਗਾਹ ਰੱਖਦਾ ਸੀ ਅਤੇ ਬੀਤੇ ਦਿਨ ਮੁੱਦਈਆ ਦੇ ਘਰ ਸ਼ਰਾਬ ਪੀ ਕੇ ਚਲਾ ਗਿਆ, ਜਿੱਥੇ ਮੁੱਦਈਆ ਦੇ ਨਾਲ ਸ਼ਿੰਦੇ ਵੱਲੋਂ ਜ਼ਬਰਦਸਤੀ ਹੱਥੋਂ ਕੀਤੀ ਗਈ, ਉੱਥੇ ਹੀ ਜਦੋਂ ਔਰਤ ਨੇ ਇਸ ਗੱਲ ਦਾ ਵਿਰੋਧ ਕੀਤਾ ਤਾਂ, ਉਕਤ ਸ਼ਿੰਦਾ ਮੌਕੇ ਤੋਂ ਫ਼ਰਾਰ ਹੋ ਗਿਆ ਅਤੇ ਬਾਅਦ ਵਿੱਚ ਸ਼ਿੰਦਾ ਆਪਣੇ ਸਾਥੀਆਂ ਨੂੰ ਨਾਲ ਲੈ ਕੇ ਮੁੱਦਈਆ ਦੇ ਘਰ ਆਇਆ।

ਜਿੱਥੇ ਸ਼ਿੰਦੇ ਨੇ ਲਲਕਾਰੇ ਮਾਰੇ ਅਤੇ ਧਮਕੀਆਂ ਦਿੱਤੀਆਂ। ਭਾਵੇਂ ਹੀ ਪੁਲਿਸ ਥਾਣਾ ਕੁਲਗੜੀ ਦੇ ਵੱਲੋਂ ਉਕਤ ਹੈਂਡੀਕੈਪਡ ਔਰਤ ਦੇ ਬਿਆਨਾਂ ਦੇ ਆਧਾਰ 'ਤੇ ਸ਼ਿੰਦਾ ਪੁੱਤਰ ਦਰਸ਼ਨ, ਰਾਜਾ ਪੁੱਤਰ ਸ਼ਿੰਦਾ, ਸਰਵਨ ਪੁੱਤਰ ਮੁਸਤਾਕ ਵਾਸੀਅਨ ਪਿੰਡ ਝੋਕ ਹਰੀ ਹਰ ਅਤੇ ਇੱਕ ਅਣਪਛਾਤੇ ਵਿਅਕਤੀ ਦੇ ਵਿਰੁੱਧ ਆਈਪੀਸੀ ਐਕਟ ਤਹਿਤ ਪਰਚਾ ਦਰਜ ਕਰ ਲਿਆ ਗਿਆ ਹੈ, ਪਰ ਹੁਣ ਤੱਕ ਉਕਤ ਮੁਲਜ਼ਮਾਂ ਨੂੰ ਪੁਲਿਸ ਗ੍ਰਿਫ਼ਤਾਰ ਨਹੀਂ ਕਰ ਸਕੀ। 'ਨਿਊਜ਼ਨੰਬਰ' ਰਾਹੀਂ ਉਕਤ ਹੈਂਡੀਕੈਪਡ ਔਰਤ ਨੇ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਉਕਤ ਮੁਲਜ਼ਮਾਂ ਨੂੰ ਫੜ ਕੇ ਸਲਾਖ਼ਾਂ ਪਿੱਛੇ ਸੁੱਟਿਆ ਜਾਵੇ।

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।