ਵਿਧਾਇਕਾਂ ਦੀ ਚੌਕੜੀ ਦੇ ਜਵਾਬ ਨੇ ਹਿਲਾਇਆ ਮੋਤੀ ਮਹਿਲ !!! (ਵਿਅੰਗ)

Last Updated: Dec 02 2019 18:24
Reading time: 1 min, 22 secs

ਮੁੱਖ਼ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਪਟਿਆਲਾ ਨਾਲ ਸਬੰਧਤ ਚਾਰ ਵਿਧਾਇਕਾਂ ਦਰਮਿਆਨ ਛਿੜਿਆ ਕਾਟੋ ਕਲੇਸ਼ ਖ਼ਤਮ ਹੋਣ ਦਾ ਨਾਮ ਹੀ ਨਹੀਂ ਲੈ ਰਿਹਾ ਹੈ। ਸਿਆਸੀ ਪੰਡਤ ਇਸ ਕਾਟੋ ਕਲੇਸ਼ ਨੂੰ ਮੋਤੀ ਮਹਿਲ ਲਈ ਤਾਂ ਬਦਸ਼ਗਨੀ ਦੱਸ ਹੀ ਰਹੇ ਹਨ, ਕਾਂਗਰਸ ਸਰਕਾਰ ਲਈ ਵੀ ਅਸ਼ੁੱਭ ਮੰਨ ਕੇ ਚੱਲ ਰਹੇ ਹਨ।

ਦੋਸਤੋ, ਪੰਡਤ ਤਾਂ ਇਸ ਨੂੰ ਬਦਸ਼ਗਨੀ ਹੀ ਦੱਸ ਰਹੇ ਹਨ, ਪਰ ਸਿਆਸੀ ਮਾਹਰਾਂ ਨੇ, ਤਾਂ ਇਸ ਕਾਟੋ ਕਲੇਸ਼ ਨੂੰ ਉਸ ਮਰੀਜ਼ ਵਾਂਗ ਵੇਖਣਾ ਸ਼ੁਰੂ ਕਰ ਦਿੱਤਾ ਹੈ ਜਿਸਨੂੰ ਬਚਾਉਣ ਲਈ ਅਕਸਰ ਡਾਕਟਰ ਵੈਂਟੀਲੇਟਰ ਤੇ ਮੂਧਾ ਪਾ ਦਿੰਦੇ ਹਨ। ਚੂੰਢੀਮਾਰਾਂ ਅਨੁਸਾਰ ਜਿਹੜਾ ਮਰੀਜ਼ ਇੱਕ ਵਾਰ ਵੈਂਟੀਲੇਟਰ ਤੇ ਪੈ ਜਾਂਦਾ ਹੈ, ਉਸਦੇ ਬਚ ਜਾਣ ਦੇ ਆਸਾਰ ਫ਼ਿਫ਼ਟੀ-ਫ਼ਿਫ਼ਟੀ ਹੀ ਰਹਿ ਜਾਂਦੇ ਹਨ, ਅਕਸਰ ਬਹੁਤਿਆਂ ਨੂੰ ਚਾਰ ਬੰਦੇ ਹੀ ਚੁੱਕ ਕੇ ਵੈਂਟੀਲੇਟਰ ਤੋਂ ਥੱਲੇ ਲਾਹੁੰਦੇ ਹਨ।

ਦੋਸਤੋ, ਅੱਜ ਪੰਜਾਬ ਕੈਬਿਨਟ ਦੀ ਮੀਟਿੰਗ 'ਚ ਕਈ ਅਹਿਮ ਮੁੱਦਿਆਂ 'ਤੇ ਚਰਚਾ ਕਰਨ ਦੇ ਨਾਲ-ਨਾਲ ਉਹਨਾਂ ਵਿਧਾਇਕਾਂ ਦਾ ਵੀ ਜ਼ਿਕਰ ਕੀਤਾ ਜਿਹੜੇ ਕਿ, ਆਪਣੀ ਹੀ ਸਰਕਾਰ ਦੇ ਕੰਮਾਂਕਾਜਾਂ ਦੇ ਢੰਗ ਤਰੀਕਿਆਂ ਦੇ ਬਰ-ਖ਼ਿਲਾਫ਼ ਹੋ ਚੁੱਕੇ ਹਨ। ਗੱਲ ਕਰੀਏ ਜੇਕਰ ਕੈਪਟਨ ਅਮਰਿੰਦਰ ਸਿੰਘ ਦੇ ਪ੍ਰਤੀਕਰਮ ਦੀ ਤਾਂ ਉਹ ਵੀ ਨਰਾਜ਼ ਵਿਧਾਇਕਾਂ ਵੱਲੋਂ ਕੀਤੀ ਗਈ ਬਗਾਵਤ ਨੂੰ ਨਜ਼ਰਅੰਦਾਜ਼ ਕਰਦੇ ਹੀ ਨਜ਼ਰ ਆ ਰਹੇ ਹਨ।

ਦੋਸਤੋ, ਸਿਆਸੀ ਮਾਹਰਾਂ ਅਨੁਸਾਰ, ਇਸ ਨੂੰ ਰਜਵਾੜਾ ਸ਼ਾਹੀ ਮੰਨ ਲਓ ਜਾਂ ਫ਼ਿਰ ਅਮਰਿੰਦਰ ਦਾ ਫ਼ੌਜੀਪੁਣਾ, ਪਰ ਉਹ ਸ਼ੁਰੂ ਤੋਂ ਹੀ ਬੜੇ ਜ਼ਿੱਦੀ ਤੇ ਅੜੀਅਲ ਸੁਭਾਅ ਦੇ ਮਾਲਕ ਹਨ, ਸੁਣਿਐ ਕਿ, ਉਹ ਜ਼ਿੰਦਗੀ ਵਿੱਚ ਕਦੇ ਵੀ ਨਫ਼ੇ ਨੁਕਸਾਨ ਤੋਂ ਬੇਪਰਵਾਹ ਹੋ ਕੇ ਆਪਣੀ ਹੱਠ ਪੁਗਾਉਂਦੇ ਹਨ। ਸੁਣਿਐ ਕਿ, ਉਹਨਾਂ ਦੇ ਰਾਜਨੀਤਿਕ ਸਕੱਤਰ ਕੈਪਟਨ ਸੰਦੀਪ ਸੰਧੂ ਨੇ ਨਰਾਜ਼ ਵਿਧਾਇਕਾਂ ਨੂੰ ਮਨਾਉਣ ਦੀ ਬੜੀ ਕੋਸ਼ਿਸ਼ ਕੀਤੀ, ਪਰ ਉਹਨਾਂ ਨੇ ਉਹਨਾਂ ਨੂੰ ਵੀ ਦੋ ਟੁੱਕ ਜਵਾਬ ਦੇ ਕੇ ਮੋਤੀ ਮਹਿਲ ਨੂੰ ਹਿਲਾ ਕੇ ਰੱਖ ਦਿੱਤਾ ਹੈ।

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।