ਆਜ਼ਾਦੀ ਦੇ 73 ਵਰ੍ਹਿਆਂ ਪਿੱਛੋਂ ਵੀ ਸੀਵਰੇਜ ਸਿਸਟਮ ਦਾ ਬੁਰਾ ਹਾਲ !!! (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Dec 02 2019 18:01
Reading time: 1 min, 54 secs

ਇੱਕ ਪਾਸੇ ਤਾਂ ਸਾਡੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਸ਼ਹਿਰਾਂ ਅਤੇ ਕਸਬਿਆਂ ਦਾ ਵਿਕਾਸ ਕਰਵਾਉਣ ਦੇ ਵੱਡੇ-ਵੱਡੇ ਦਾਅਵੇ ਕੀਤੇ ਜਾ ਰਹੇ ਹਨ, ਉੱਥੇ ਹੀ ਦੂਜੇ ਪਾਸੇ ਸ਼ਹਿਰਾਂ ਅਤੇ ਕਸਬਿਆਂ ਦੇ ਅੰਦਰ ਸੀਵਰੇਜ ਸਿਸਟਮ ਦਾ ਇੰਨਾ ਜ਼ਿਆਦਾ ਬੁਰਾ ਹਾਲ ਹੈ ਕਿ ਕੋਈ ਕਹਿਣ ਦੀ ਹੱਦ ਨਹੀਂ। ਗੱਲ ਕਰੀਏ ਜੇਕਰ ਫਿਰੋਜ਼ਪੁਰ ਅਧੀਨ ਆਉਂਦੇ ਕਸਬਾ ਮੱਲਾਂਵਾਲਾ ਦੀ ਤਾਂ, ਮੱਲਾਂਵਾਲਾ ਵਿਖੇ ਗੰਦੇ ਪਾਣੀ ਦੇ ਨਿਕਾਸ ਵਾਲਾ ਸੀਵਰੇਜ ਸਿਸਟਮ ਪਿਛਲੇ ਦਸ ਦਿਨਾਂ ਤੋਂ ਬੰਦ ਪਿਆ ਹੈ।

ਜਿਸਦੇ ਕਾਰਨ ਇਲਾਕਾ ਨਿਵਾਸੀਆਂ ਨੂੰ ਬਹੁਤ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮਿਲੀ ਜਾਣਕਾਰੀ ਦੇ ਮੁਤਾਬਿਕ ਮੱਲਾਂਵਾਲਾ ਦੇ ਗੰਦੇ ਪਾਣੀ ਦੇ ਨਿਕਾਸ ਵਾਸਤੇ ਕੋਈ ਵੀ ਛੱਪੜ ਦਾ ਪ੍ਰਬੰਧ ਨਹੀਂ, ਪਰ ਨਗਰ ਪੰਚਾਇਤ ਮੱਲਾਂਵਾਲਾ ਵੱਲੋਂ ਸ਼ਹਿਰ ਦੇ ਸਾਰੇ ਗੰਦੇ ਪਾਣੀ ਨੂੰ ਜੈਮਲ ਵਾਲਾ ਰੋਡ 'ਤੇ ਇਕੱਠਾ ਕਰਕੇ, ਉੱਥੋਂ ਮੋਟਰਾਂ ਰਾਹੀਂ ਮੱਲਾਂਵਾਲਾ ਮੱਖੂ ਰੋਡ ਦੇ ਨਾਲ-ਨਾਲ ਡੂੰਘਾ ਨਾਲਾ ਬਣਾ ਕੇ ਬਸਤੀ ਸੁਨਮਾਂ ਦੇ ਨਜ਼ਦੀਕ ਲੰਘਦੇ ਸੇਮਨਾਲੇ ਦੇ ਵਿੱਚ ਪਾਇਆ ਗਿਆ।

ਪਰ ਉਕਤ ਸੀਵਰੇਜ ਸਿਸਟਮ ਦਾ ਇੰਨਾ ਕੁ ਜ਼ਿਆਦਾ ਇਸ ਵੇਲੇ ਬੁਰਾ ਹਾਲ ਹੋਇਆ ਪਿਆ ਹੈ ਕਿ ਪਾਣੀ ਲੰਘਣਾ ਵੀ ਮੁਸ਼ਕਲ ਹੋਇਆ ਪਿਆ ਹੈ, ਜਿਸਦੇ ਕਾਰਨ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਦੂਜੇ ਪਾਸੇ ਕਿਸਾਨ ਸੰਘਰਸ਼ ਕਮੇਟੀ ਦੇ ਆਗੂ ਜੋਗਾ ਸਿੰਘ ਦੀ ਮੰਨੀਏ ਤਾਂ ਉਨ੍ਹਾਂ ਦਾ ਕਹਿਣਾ ਹੈ ਕਿ ਉਸ ਨੇ ਮੱਲਾਂਵਾਲਾ ਦੇ ਨਛੱਤਰ ਸਿੰਘ ਸੰਧੂ ਤੋਂ ਚਾਰ ਏਕੜ ਜ਼ਮੀਨ ਠੇਕੇ ਤੇ ਲਈ ਹੈ, ਪਰ ਨਗਰ ਪੰਚਾਇਤ ਦੇ ਇਸ ਗੰਦੇ ਪਾਣੀ ਦੇ ਨਿਕਾਸ ਵਾਲੇ ਨਾਲੇ ਕਾਰਨ ਮੇਰੀ ਤਿੰਨ ਕਨਾਲ ਬੀਜੀ ਕਣਕ ਦਾ ਪਾਣੀ ਵਿੱਚ ਡੁੱਬਣ ਕਾਰਨ ਨੁਕਸਾਨ ਹੋ ਗਿਆ ਹੈ।

ਜੋਗਾ ਸਿੰਘ ਨੇ ਦੱਸਿਆ ਕਿ ਕਸਬੇ ਦੇ ਗੰਦੇ ਪਾਣੀ ਦਾ ਨਿਕਾਸ ਨਾਲਾ ਪਿੰਡ ਸੁਨਮਾ ਤੱਕ ਹੀ ਬਣਾਇਆ ਗਿਆ ਹੈ, ਉਸ ਤੋਂ ਅੱਗੇ ਸੀਮਿੰਟ ਦੇ ਪਾਈਪ ਨੱਪ ਕੇ ਪਾਣੀ ਸੇਮ ਨਾਲੇ ਵਿੱਚ ਪਾਇਆ ਗਿਆ ਹੈ। ਇਹ ਪਾਈਪ ਮਿੱਟੀ ਅਤੇ ਲਿਫ਼ਾਫ਼ਿਆਂ ਨਾਲ ਬੰਦ ਹੋ ਚੁੱਕੇ ਹਨ, ਜਿਸ ਕਾਰਨ ਗੰਦਾ ਪਾਣੀ ਨਾਲੇ ਤੋਂ ਓਵਰ ਫਲੋਅ ਹੋ ਕੇ ਲੋਕਾਂ ਦੇ ਘਰਾਂ ਪਲਾਟਾਂ ਅਤੇ ਜ਼ਮੀਨਾਂ ਵਿੱਚ ਵੜ ਰਿਹਾ ਹੈ। ਜਿਸ ਕਾਰਨ ਘਰਾਂ ਦਾ ਨੁਕਸਾਨ ਹੋਣ ਦੇ ਨਾਲ-ਨਾਲ ਫਸਲਾਂ ਦਾ ਵੀ ਨੁਕਸਾਨ ਹੋ ਰਿਹਾ ਹੈ।

ਕਿਸਾਨ ਆਗੂਆਂ ਨੇ ਕਿਹਾ ਕਿ ਉਹ ਕਈ ਵਾਰ ਨਗਰ ਪੰਚਾਇਤ ਦੇ ਪ੍ਰਧਾਨ ਨੂੰ ਸੂਚਿਤ ਕਰ ਚੁੱਕੇ ਹਨ, ਪਰ ਹੁਣ ਤੱਕ ਸਮੱਸਿਆ ਦਾ ਹੱਲ ਨਹੀਂ ਹੋਇਆ। ਉਨ੍ਹਾਂ ਪੰਜਾਬ ਸਰਕਾਰ, ਡੀਸੀ ਫ਼ਿਰੋਜ਼ਪੁਰ ਅਤੇ ਨਗਰ ਪੰਚਾਇਤ ਦੇ ਨਵੇਂ ਬਣੇ ਪ੍ਰਧਾਨ ਮਨਾਕਸ਼ੀ ਬੱਬਲ ਸ਼ਰਮਾ ਤੋਂ ਮੰਗ ਕੀਤੀ ਹੈ ਕਿ ਗੰਦੇ ਪਾਣੀ ਦੇ ਨਿਕਾਸ ਵਾਲਾ ਨਾਲਾ ਜਲਦੀ ਤੋਂ ਜਲਦੀ ਚਾਲੂ ਕੀਤਾ ਜਾਵੇ।

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।