ਕਿਤੇ, ਕੈਪਟਨ ਸਰਕਾਰ ਦੇ ਪਤਨ ਦਾ ਕਾਰਨ ਨਾ ਬਣ ਜਾਣ, ਬਗਾਵਤੀ ਸੁਰਾਂ !!! (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Dec 02 2019 17:41
Reading time: 1 min, 24 secs

ਵੈਸੇ ਕੈਪਟਨ ਅਮਰਿੰਦਰ ਸਿੰਘ ਦਾ ਜੱਫ਼ ਤਾਂ ਆਪਣੇ ਮੰਤਰੀਆਂ ਨਾਲ ਉਸੇ ਦਿਨ ਹੀ ਪੈਣ ਲੱਗ ਪਿਆ ਸੀ, ਜਿਸ ਦਿਨ ਉਨ੍ਹਾਂ ਨੇ ਗੁਟਕਾ ਸਾਹਿਬ ਦੀ ਸਹੁੰ ਦੇ ਅਨੁਸਾਰ, ਬਾਦਲ ਪਰਿਵਾਰ ਅਤੇ ਉਨ੍ਹਾਂ ਦੇ ਨੇੜਲਿਆਂ ਰਿਸ਼ਤੇਦਾਰਾਂ ਦੇ ਖ਼ਿਲਾਫ਼ ਕਾਰਵਾਈ ਕਰਨ ਤੋਂ ਟਾਲਾ ਵਟਣਾ ਸ਼ੁਰੂ ਕਰ ਦਿੱਤਾ ਸੀ ਪਰ, ਪਿਛਲੇ ਕੁਝ ਦਿਨਾਂ ਤੋਂ ਬਗਾਵਤ ਦੀਆਂ ਸੁਰਾਂ ਹੋਰ ਉੁੱਚੀਆਂ ਹੁੰਦੀਆਂ ਹੋਈਆਂ ਨਜ਼ਰ ਆ ਰਹੀਆਂ ਹਨ।

ਗੱਲ ਕਰੀਏ ਜੇਕਰ ਪਟਿਆਲਾ ਦੇ ਚਾਰ ਵਿਧਾਇਕਾਂ ਹਰਦਿਆਲ ਸਿੰਘ ਕੰਬੋਜ, ਮਦਨ ਲਾਲ ਜਲਾਲਪੁਰ, ਰਜਿੰਦਰ ਸਿੰਘ ਅਤੇ ਨਿਰਮਲ ਸਿੰਘ ਦੀ ਤਾਂ ਉਨ੍ਹਾਂ ਨੇ ਤਾਂ ਜਨਤਕ ਤੌਰ ਤੇ ਇਹ ਕਹਿ ਕੇ ਗੱਲ ਬਿਲਕੁਲ ਹੀ ਸਿਰੇ ਲਗਾ ਦਿੱਤੀ ਹੈ ਕਿ, ਸਰਕਾਰ ਕੈਪਟਨ ਅਮਰਿੰਦਰ ਸਿੰਘ ਨਹੀਂ ਬਲਕਿ ਉਨ੍ਹਾਂ ਦੀ ਅਫ਼ਸਰਸ਼ਾਹੀ ਚਲਾ ਰਹੀ ਹੈ। ਇੱਥੇ ਹੀ ਬੱਸ ਨਹੀਂ ਇਹਨਾਂ ਵਿਧਾਇਕਾਂ ਨੇ ਤਾਂ ਇੱਥੋਂ ਤੱਕ ਵੀ ਆਖ ਦਿੱਤਾ ਕਿ, ਜਦੋਂ ਮਹਿਲਾਂ ਵਾਲੇ ਉਨ੍ਹਾਂ ਦੀ ਹੀ ਬਾਤ ਨਹੀਂ ਪੁੱਛਦੇ ਤਾਂ ਭਲਾ ਆਮ ਜਨਤਾ ਦੀ ਉੱਥੇ ਕੀ ਸੁਣਵਾਈ ਹੁੰਦੀ ਹੋਵੇਗੀ।

ਦੋਸਤੋ, ਭਲਾ ਕੈਪਟਨ ਅਮਰਿੰਦਰ ਸਿੰਘ ਲਈ ਇਸ ਤੋਂ ਮੰਦਭਾਗੀ ਘਟਨਾ ਹੋਰ ਕੀ ਹੋ ਸਕਦੀ ਹੈ ਜਿਹੜਾ, ਉਨ੍ਹਾਂ ਦੇ ਆਪਣੇ ਹੀ ਮੰਤਰੀਆਂ ਨੇ ਉਨ੍ਹਾਂ ਦੇ ਕੰਮਾਂ-ਕਾਜਾਂ ਦੇ ਤੌਰ ਤਰੀਕਿਆਂ ਤੇ ਕਿੰਤੂ ਪ੍ਰੰਤੂ ਖੋਲ੍ਹਣ ਦੇ ਨਾਲ-ਨਾਲ ਉਨ੍ਹਾਂ ਦੇ ਖ਼ਿਲਾਫ਼ ਅਸਿੱਧੇ ਤੌਰ ਤੇ ਐਲਾਨ-ਏ-ਜੰਗ ਕਰ ਦਿੱਤਾ ਹੈ। ਦੋਸਤੋ, ਇੱਥੇ ਇਸ ਗੱਲ ਨੂੰ ਵੀ ਨਜ਼ਰ ਅੰਦਾਜ਼ ਨਹੀਂ ਕੀਤਾ ਜਾਣਾ ਚਾਹੀਦਾ ਕਿ, ਕੈਪਟਨ ਅਮਰਿੰਦਰ ਸਿੰਘ ਦੇ ਖ਼ਿਲਾਫ਼ ਜੰਗ ਦਾ ਐਲਾਨ ਕਰਨ ਵਾਲੇ ਇਹਨਾਂ ਵਿਧਾਇਕਾਂ ਨੂੰ 40 ਹੋਰਨਾਂ ਵਿਧਾਇਕਾਂ ਦਾ ਵੀ ਸਮਰਥਨ ਹੈ।

ਸਿਆਸੀ ਮਾਹਿਰਾਂ ਅਨੁਸਾਰ, ਜੇਕਰ ਇਹ ਸਾਰੇ ਚਾਹੁਣ ਤਾਂ ਇਹ ਰਲ ਕੇ, ਰਾਤੋਂ ਰਾਤ ਕੈਪਟਨ ਸਰਕਾਰ ਦਾ ਕੀਰਤਨ ਸੋਹਲਾ ਪੜ੍ਹ ਸਕਦੇ ਹਨ। ਮਾਹਿਰਾਂ ਅਨੁਸਾਰ, ਜੇਕਰ ਇਹ ਬਗਾਵਤੀ ਸੁਰ ਇਸੇ ਤਰ੍ਹਾਂ ਹੀ ਉੱਚੇ ਅਤੇ ਹੋਰ ਉੱਚੇ ਹੁੰਦੇ ਰਹੇ ਤਾਂ, ਕਿਤੇ ਇਹ, ਕੈਪਟਨ ਸਰਕਾਰ ਦੇ ਪਤਨ ਦਾ ਕਾਰਨ ਵੀ ਬਣ ਜਾਣ।

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।