ਸੁਧਰਦੇ ਲੱਗਦੇ ਨਹੀਂ, ਅਮਰਿੰਦਰ ਤੇ ਸਿੱਧੂ ਦੇ ਵਿਗੜੇ ਰਿਸ਼ਤੇ !!! (ਵਿਅੰਗ)

Last Updated: Dec 02 2019 16:48
Reading time: 1 min, 8 secs

ਕੈਪਟਨ ਅਮਰਿੰਦਰ ਸਿੰਘ ਅਤੇ ਨਵਜੋਤ ਸਿੰਘ ਸਿੱਧੂ ਦਰਮਿਆਨ ਸ਼ੁਰੂ ਹੋਈ ਸਿਆਸੀ ਜੰਗ ਰੁਕਣ ਦਾ ਨਾਮ ਹੀ ਨਹੀਂ ਲੈ ਰਹੀ। ਵੈਸੇ ਸਿੱਧੂ, ਕੈਪਟਨ ਦੇ ਨਿਸ਼ਾਨੇ ਤੇ ਤਾਂ, ਉਸੇ ਦਿਨ ਹੀ ਆ ਗਏ ਸਨ, ਜਿਸ ਦਿਨ ਸਿੱਧੂ ਨੇ ਕੁੰਵਰ ਬਾਜਵਾ ਨੂੰ ਜੱਫੀ ਪਾਈ ਸੀ। ਰਹਿੰਦੀ ਖ਼ੂੰਹਦੀ ਕਸਰ, ਸਿੱਧੂ ਨੇ ਉਸ ਦਿਨ ਪੂਰੀ ਕਰ ਦਿੱਤੀ ਸੀ, ਜਿਸ ਦਿਨ, ਉਨ੍ਹਾਂ ਨੇ ਅਤੇ ਉਨ੍ਹਾਂ ਦੀ ਪਤਨੀ ਨੇ ਅਮਰਿੰਦਰ ਸਿੰਘ ਨੂੰ ਆਪਣਾ ਕੈਪਟਨ ਮੰਨਣ ਤੋਂ ਹੀ ਇਨਕਾਰ ਕਰ ਦਿੱਤਾ ਸੀ।

ਸਿਆਸੀ ਮਾਹਿਰਾਂ ਅਨੁਸਾਰ, ਕੈਪਟਨ ਨਾ ਮੰਨਣ ਦੇ ਬਿਆਨ ਤੇ ਤਾਂ ਸ਼ਾਇਦ, ਅਮਰਿੰਦਰ ਓਨਾ ਵੱਡੀ ਪ੍ਰਤੀਕਰਮ ਇਸ ਕਰਕੇ ਨਹੀਂ ਦੇ ਸਕੇ ਹੋਣੇ, ਕਿਉਂਕਿ ਸਿੱਧੂ ਜੋੜੇ ਨੇ ਰਾਹੁਲ ਗਾਂਧੀ ਨੂੰ ਆਪਣਾ ਅਸਲ ਕੈਪਟਨ ਦੱਸਿਆ ਸੀ ਪਰ, ਇਹ ਗੱਲ ਪੂਰੇ ਯਕੀਨ ਨਾਲ ਨਹੀਂ ਆਖੀ ਜਾ ਸਕਦੀ ਕਿ, ਅੰਦਰੋਂ ਅੰਦਰੀਂ ਉਹ (ਕੈਪਟਨ) ਅਜੇ ਤੱਕ ਵੀ ਸਿੱਧੂ ਦੇ ਉਸ ਬਿਆਨ ਤੇ ਵਿਸ਼ ਨਹੀਂ ਘੋਲ ਰਹੇ ਹੋਣਗੇ।

ਮੁੱਕਦੀ ਗੱਲ, ਜਦੋਂ ਕਦੇ ਵੀ ਮੌਕਾ ਮਿਲਦਾ ਹੈ, ਕੈਪਟਨ ਅਮਰਿੰਦਰ ਸਿੰਘ, ਨਵਜੋਤ ਸਿੰਘ ਸਿੱਧੂ ਨੂੰ ਘੇਰ ਕੇ ਖੜ੍ਹੇ ਹੋ ਜਾਂਦੇ ਹਨ। ਪਾਕਿਸਤਾਨੀ ਰੇਲ ਮੰਤਰੀ ਸ਼ੇਖ਼ ਰਾਸ਼ਿਦ ਵੱਲੋਂ ਕਰਤਾਰਪੁਰ ਲਾਂਘੇ ਬਾਰੇ ਦਿੱਤੇ ਬਿਆਨ ਦੇ ਬਾਅਦ ਕੈਪਟਨ ਅਮਰਿੰਦਰ ਸਿੰਘ ਨੇ ਇੱਕ ਵਾਰ ਮੁੜ ਸਿੱਧੂ ਤੇ ਸ਼ਬਦੀ ਹਮਲਾ ਕੀਤਾ ਹੈ। ਕੈਪਟਨ ਨੇ ਸਿੱਧੂ ਨੂੰ ਨਸੀਹਤ ਦਿੰਦਿਆਂ ਕਿਹਾ ਹੈ ਕਿ, ਉਹ ਖ਼ਬਰਦਾਰ ਰਹਿਣ ਅਤੇ ਪਾਕਿਸਤਾਨ ਦੇ ਫ਼ੈਸਲਿਆਂ ਨੂੰ ਇਮਰਾਨ ਖ਼ਾਨ ਦੀ ਦੋਸਤੀ ਦੇ ਅਧਾਰ ਤੇ ਨਾ ਵੇਖਣ। ਸੁਧਰਦੇ ਲੱਗਦੇ ਨਹੀਂ, ਅਮਰਿੰਦਰ ਤੇ ਸਿੱਧੂ ਦੇ ਵਿਗੜੇ ਰਿਸ਼ਤੇ।

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।