ਬਲਾਤਕਾਰੀਆਂ ਨੂੰ ਧਾਰਮਿਕ ਰੰਗਤ ਦੇਣ ਤੁਰੇ ਭਾਜਪਾਈ !!! (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Dec 02 2019 15:56
Reading time: 2 mins, 53 secs

ਔਰਤਾਂ ਦੇ ਨਾਲ ਬਲਾਤਕਾਰ ਦੀਆਂ ਘਟਨਾਵਾਂ ਇਸ ਕਦਰ ਵੱਧ ਚੁੱਕੀਆਂ ਹਨ ਕਿ ਕੋਈ ਕਹਿਣ ਦੀ ਹੱਦ ਨਹੀਂ। ਅੱਜ ਹਰ 15 ਮਿੰਟਾਂ ਦੇ ਬਾਅਦ ਸਾਡੇ ਭਾਰਤ ਦੇਸ਼ ਦੇ ਅੰਦਰ ਵਹਿਸ਼ੀਆਂ ਦੇ ਵੱਲੋਂ ਔਰਤਾਂ, ਲੜਕੀਆਂ ਅਤੇ ਬੱਚੀਆਂ ਨੂੰ ਨੋਚਿਆਂ ਜਾਂਦਾ ਹੈ, ਜੋ ਕਿ ਸਾਡੇ ਦੇਸ਼ ਦੇ ਸਿਸਟਮ ਅਤੇ ਕਾਨੂੰਨ 'ਤੇ ਵੱਡੇ-ਵੱਡੇ ਸਵਾਲ ਖੜੇ ਕਰਦਾ ਹੈ, ਕਿ ਲੋਕਤੰਤਰਿਕ ਦੇਸ਼ ਦੇ ਅੰਦਰ ਐਨੀਆਂ ਜ਼ਿਆਦਾ ਘਟਨਾਵਾਂ ਹੋ ਰਹੀਆਂ ਹਨ ਕਿ ਉਨ੍ਹਾਂ ਨੂੰ ਰੋਕਣ ਦੇ ਵਾਸਤੇ ਕੋਈ ਵੀ ਅੱਗੇ ਨਹੀਂ ਆ ਰਿਹਾ?

ਕਾਨੂੰਨ ਨੂੰ ਛਿੱਕੇ ਟੰਗ ਕੇ ਕਈ ਲੀਡਰ ਸ਼ਰੇਆਮ ਹੀ ਔਰਤਾਂ ਅਤੇ ਲੜਕੀਆਂ ਦੇ ਨਾਲ ਜਿਨਸੀ ਸ਼ੋਸ਼ਣ ਕਰ ਰਹੇ ਹਨ। ਦੱਸ ਦਈਏ ਕਿ ਪਿਛਲੇ ਦਿਨੀਂ ਹੈਦਰਾਬਾਦ ਦੇ ਵਿੱਚ ਡਾਕਟਰ ਪ੍ਰਿਯੰਕਾ ਰੈੱਡੀ ਦੇ ਨਾਲ ਕੁਝ ਵਹਿਸ਼ੀਆਂ ਦੇ ਵੱਲੋਂ ਬਲਾਤਕਾਰ ਕਰਨ ਤੋਂ ਬਾਅਦ ਉਸ ਨੂੰ ਜਿੰਦਾ ਸਾੜ ਦਿੱਤਾ ਗਿਆ। ਇਹ ਘਟਨਾ ਨੇ ਸਾਡੇ ਸਾਰਿਆਂ ਦੇ ਮਨਾ ਅੰਦਰ ਰੋਸ ਭਰ ਕੇ ਰੱਖ ਦਿੱਤਾ ਹੈ। ਦੋਸਤੋਂ, ਬੇਸ਼ੱਕ ਸਾਡਾ ਦੇਸ਼ ਵੀ 21ਵੀਂ ਸਦੀ ਦੇ ਵਿੱਚ ਪਹੁੰਚ ਚੁੱਕਿਆ ਹੈ, ਪਰ ਸਾਡੇ ਦੇਸ਼ ਦੇ ਲੋਕਾਂ ਦੀ ਸੋਚ ਹਾਲੇ ਵੀ 19ਵੀਂ ਸਦੀ ਤੋਂ ਪਿੱਛੇ ਖੜੀ ਹੈ।

ਅੱਜ ਦੇਸ਼ ਦੇ ਅੰਦਰ ਇੰਨੇ ਕੁ ਜ਼ਿਆਦਾ ਬਲਾਤਕਾਰ ਵੱਧ ਗਏ ਹਨ ਕਿ ਇਨ੍ਹਾਂ ਨੂੰ ਰੋਕਣ ਦੇ ਲਈ ਸਮੇਂ ਦੀਆਂ ਸਰਕਾਰਾਂ ਕੁਝ ਵੀ ਨਹੀਂ ਕਰ ਪਾ ਰਹੀਆਂ। ਦੱਸ ਦਈਏ ਕਿ ਅੱਜ ਪੰਜਾਬ ਭਰ ਦੇ ਵਿੱਚ ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਡਾਕਟਰ ਪ੍ਰਿਯੰਕਾ ਰੈਡੀ ਦੇ ਨਾਲ ਬਲਾਤਕਾਰ ਕਰਨ ਤੋਂ ਬਾਅਦ ਕਤਲ ਕਰਨ ਵਾਲਿਆਂ ਨੂੰ ਸਖ਼ਤ ਸਜਾਵਾਂ ਦਿਵਾਉਣ ਦੇ ਲਈ ਸੰਘਰਸ਼ ਕੀਤਾ ਜਾ ਰਿਹਾ ਹੈ। ਦੱਸ ਦਈਏ ਕਿ ਇਹ ਪ੍ਰਦਰਸ਼ਨ ਪੂਰੇ ਪੰਜਾਬ ਦੇ ਵੱਖ-ਵੱਖ ਕਾਲਜਾਂ, ਸਕੂਲਾਂ ਅਤੇ ਡਿਪਟੀ ਕਮਿਸ਼ਨਰਾਂ ਦੇ ਬਾਹਰ ਚੱਲਿਆ।

'ਨਿਊਜ਼ਨੰਬਰ' ਨਾਲ ਗੱਲਬਾਤ ਕਰਦਿਆਂ ਹੋਇਆ ਪੰਜਾਬ ਸਟੂਡੈਂਟਸ ਯੂਨੀਅਨ ਦੀ ਆਗੂ ਜਗਵੀਰ ਕੌਰ ਮੋਗਾ, ਹਰਪ੍ਰੀਤ ਸਿੰਘ ਅਤੇ ਜਾਨਦੀਪ ਸਿੰਘ ਨੇ ਕਿਹਾ ਕਿ ਅੱਜ ਜਦੋਂ ਅਸੀਂ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਗੁਰਪੁਰਬ ਮਨਾ ਰਹੇ ਹਾਂ ਅਤੇ ਉਨ੍ਹਾਂ ਵੱਲੋਂ ਕਿਹਾ ਗਿਆ ''ਸੋ ਕਿਉਂ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ'' ਸਾਡੇ ਮਨਾਂ ਵਿੱਚ ਅਜੇ ਤੱਕ ਨਹੀਂ ਵੱਸਿਆ। ਅਸਲ ਵਿੱਚ ਅਸੀਂ ਗੁਰੂ ਵਾਲੇ ਹੋਣ ਦਾ ਸਿਰਫ਼ ਦਿਖਾਵਾ ਕਰਦੇ ਹਾਂ, ਪਰ ਗੁਰੂ ਨਾਨਕ ਸਾਹਿਬ ਜੀ ਦੀਆਂ ਦੱਸੀਆਂ ਗੱਲਾਂ ਨੂੰ ਅਪਣਾਉਣ ਤੋਂ ਡਰਦੇ ਹਾਂ।

ਬਲਾਤਕਾਰ ਮਨੁੱਖ ਦੀ ਮਾਨਸਿਕਤਾ ਬਣ ਗਈ ਹੈ। ਐੱਨ. ਆਰ. ਸੀ ਦੀ ਰਿਪੋਰਟ ਅਨੁਸਾਰ ਸਾਲ 2016 ਵਿੱਚ 338954 ਔਰਤਾਂ ਨਾਲ ਹਰ ਤਰ੍ਹਾਂ ਦਾ ਜ਼ੁਲਮ ਹੋ ਚੁੱਕਿਆ ਹੈ, ਚਾਹੇ ਉਹ ਸਰੀਰਕ ਸ਼ੋਸ਼ਣ ਜਾਂ ਫਿਰ ਕੁੱਟਮਾਰ ਆਦਿ ਦਾ। ਸਿਸਟਮ ਵੀ ਬਲਾਤਕਾਰੀਆਂ ਦੇ ਨਾਲ ਖੜ੍ਹਾ ਹੈ। ਆਗੂਆਂ ਦੀ ਮੰਨੀਏ ਤਾਂ ਉਨ੍ਹਾਂ ਦਾ ਦੋਸ਼ ਹੈ ਕਿ ਜਦੋਂ ਕਠੂਆ ਦੇ ਵਿੱਚ ਇੱਕ ਨਿੱਕੀ ਜਿਹੀ ਬੱਚੀ ਆਸਿਫਾ ਨਾਲ ਬਲਾਤਕਾਰ ਹੋਇਆ ਸੀ ਤਾਂ, ਉਦੋਂ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਵੱਲੋਂ ਤਿਰੰਗਾ ਰੈਲੀ ਕੱਢੀ ਗਈ।

ਪੀਐਸਯੂ ਦੇ ਆਗੂਆਂ ਨੇ ਦੋਸ਼ ਲਗਾਇਆ ਕਿ ਹੈਦਰਾਬਾਦ ਦੇ ਵਿੱਚ ਡਾਕਟਰ ਪ੍ਰਿਯੰਕਾ ਰੈੱਡੀ ਨਾਲ ਜੋ ਬਲਾਤਕਾਰ ਦੀ ਘਟਨਾ ਸਾਹਮਣੇ ਆਈ ਹੈ, ਉਸ ਵਿੱਚ ਵੀ ਭਾਰਤੀ ਜਨਤਾ ਪਾਰਟੀ ਦੇ ਆਗੂ ਉਸ ਨੂੰ ਧਾਰਮਿਕ ਰੰਗਤ ਦੇਣ ਤੇ ਤੁਰੇ ਹੋਏ ਹਨ। ਜਦੋਂਕਿ ਬਲਾਤਕਾਰੀਆਂ ਦਾ ਕੋਈ ਧਰਮ ਨਹੀਂ ਹੁੰਦਾ। ਅੱਜ ਬਲਾਤਕਾਰ ਦਾ ਵਰਤਾਰਾ ਦੇਸ਼ ਦੇ ਕਈ ਹਿੱਸਿਆਂ ਵਿੱਚ ਰਾਂਚੀ, ਨੋਏਡਾ, ਰਾਜਸਥਾਨ ਅਤੇ ਪੰਜਾਬ ਵਿੱਚ ਵੀ ਹੈ। ਫ਼ਰੀਦਕੋਟ ਦੇ ਵਿੱਚ ਇੱਕ ਮਹਿਲਾ ਡਾਕਟਰ ਨੇ ਆਪਣੇ ਸੀਨੀਅਰ ਦੇ ਉੱਤੇ ਜਿਨਸੀ ਛੇੜਛਾੜ ਕਰਨ ਦੇ ਦੋਸ਼ ਲਗਾਏ ਹਨ।

ਉਨ੍ਹਾਂ ਕਿਹਾ ਕਿ ਫ਼ਰੀਦਕੋਟ ਵਿੱਚ ਜੋ ਮਹਿਲਾ ਡਾਕਟਰ ਦੇ ਨਾਲ ਜਿਨਸੀ ਛੇੜਛਾੜ ਇੱਕ ਡਾਕਟਰ ਦੇ ਵੱਲੋਂ ਹੀ ਕੀਤਾ ਗਿਆ ਸੀ, ਉਸ ਦੇ ਤਾਂ ਦੋਸ਼ ਵੀ ਸਾਬਤ ਹੋ ਚੁੱਕੇ ਹਨ, ਪਰ ਫਿਰ ਵੀ ਪ੍ਰਸ਼ਾਸਨ ਕੋਈ ਵੀ ਹੱਥਕੰਡਾ ਨਹੀਂ ਅਪਣਾ ਰਹੀ ਅਤੇ ਇਸ ਮਸਲੇ ਨੂੰ ਢਿੱਲਾ ਛੱਡ ਰਹੀ ਹੈ ਦੋਸ਼ੀ ਸ਼ਰੇਆਮ ਖੁੱਲ੍ਹੇ ਘੁੰਮ ਰਹੇ ਹਨ। ਪੰਜਾਬ ਸਟੂਡੈਂਟਸ ਯੂਨੀਅਨ ਇਹ ਮੰਗ ਕਰਦੀ ਹੈ ਕਿ ਦੋਸ਼ੀਆਂ ਨੂੰ ਜਲਦ ਤੋਂ ਜਲਦ ਅਤੇ ਸਖ਼ਤ ਤੋਂ ਸਖ਼ਤ ਸਜ਼ਾਵਾਂ ਦਿੱਤੀਆਂ ਜਾਣੀਆਂ ਚਾਹੀਦੀਆਂ ਹਨ। ਦੇਖਣਾ ਹੁਣ ਇਹ ਹੋਵੇਗਾ ਕਿ ਆਖ਼ਰ ਕਦੋਂ ਬਲਾਤਕਾਰੀਆਂ ਨੂੰ ਸਖ਼ਤ ਸਜ਼ਾਵਾਂ ਮਿਲਦੀਆਂ ਹਨ ਅਤੇ ਉਹ ਸਲਾਖ਼ਾਂ ਦੇ ਪਿੱਛੇ ਸੜਦੇ ਹਨ?

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।