ਲੱਗਦੈ ਕਿਸੇ ਚਮਤਕਾਰ ਨਾਲ ਹੀ ਸੁਧਰਨਗੇ ਬਟਾਲਾ ਦੇ ਹਾਲਾਤ, ਸਿਆਸੀ ਲੋਕਾਂ ਨੇ ਤਾਂ ਬਿਠਾ ਦਿੱਤਾ ਭੱਠਾ !!!

Last Updated: Nov 19 2019 12:21
Reading time: 4 mins, 34 secs

ਇਸ ਵੇਲੇ ਪੰਜਾਬੀ ਦੀਆਂ ਕਈ ਕਹਾਵਤਾਂ ਬਟਾਲਾ ਵਾਸੀਆਂ ਲਈ ਪੂਰੀਆਂ ਢੁੱਕਦੀਆਂ ਤੇ ਫਿੱਟ ਬੈਠਦੀਆਂ ਪ੍ਰਤੀਤ ਹੋ ਰਹੀਆਂ ਹਨ। ਇਸ ਵੇਲੇ ਇੱਥੇ ਹਾਲਾਤ ਅਜਿਹੇ ਹੀ ਬਣੇ ਦਿਖਾਈ ਦੇ ਰਹੇ ਹਨ ਜਿਵੇਂ ਅੱਗਾ ਦੌੜ ਤੇ ਪਿੱਛਾ ਚੌੜ ਹੋਇਆ ਹੋਵੇ। ਭਾਵੇਂ ਕਿ ਲੋਕਾਂ ਅਤੇ ਸਿਆਸੀ ਲੋਕਾਂ ਨੇ ਰੌਲਾ ਰੱਪਾ ਪਾ ਕੇ ਬਟਾਲਾ ਨਗਰ ਕੌਂਸਲ ਨੂੰ ਨਗਰ ਨਿਗਮ ਦਾ ਦਰਜਾ ਤਾਂ ਦਿਵਾ ਦਿੱਤਾ ਹੈ ਪਰ ਜੋ ਹਾਲਾਤ ਇੱਥੇ ਇਸ ਵੇਲੇ ਬਣੇ ਹੋਏ ਹਨ ਇਹ ਕਿਸੇ ਵੀ ਤਰ੍ਹਾਂ ਨਗਰ ਨਿਗਮ ਵਾਲੇ ਦਿਖਾਈ ਨਹੀਂ ਦੇ ਰਹੇ ਹਨ। ਚਲੋ ਮੰਨ ਲਿਆ ਜਾਵੇ ਕਿ ਲੋਕਾਂ ਨੂੰ ਤਾਂ ਨਹੀਂ ਸੀ ਪਤਾ ਨਗਰ ਕੌਂਸਲ ਦੀ ਵਿੱਤੀ ਹਾਲਾਤ ਦਾ ਪਰ ਜੇਕਰ ਸਿਆਸੀ ਲੋਕਾਂ ਦੀ ਗੱਲ ਕਰੀਏ ਤਾਂ ਉਹ ਤਾਂ ਸਭ ਜਾਣਦੇ ਸਨ ਕਿ ਨਗਰ ਕੌਂਸਲ ਨੂੰ ਕਿੰਨੀ ਕੁ ਆਮਦਨ ਹੈ ਤੇ ਜੇਕਰ ਨਗਰ ਨਿਗਮ ਬਣਾਇਆ ਜਾਂਦਾ ਹੈ ਤਾਂ ਫੇਰ ਸ਼ਹਿਰ ਵਾਸੀਆਂ ਤੇ ਕਿੰਨਾ ਬੋਝ ਹੋਰ ਵਧੇਗਾ ਤੇ ਉਸ ਨਾਲ ਸ਼ਹਿਰ ਦਾ ਵਿਕਾਸ ਹੋ ਸਕੇਗਾ? ਹੁਣ ਜਦਕਿ ਨਗਰ ਨਿਗਮ ਬਣੇ ਨੂੰ ਕਾਗਜ਼ੀ ਪੱਤਰੀ ਦੋ ਮਹੀਨੇ ਦਾ ਸਮਾਂ ਬੀਤ ਚੁੱਕਾ ਹੈ ਤਾਂ ਸਰਕਾਰ ਨੇ ਪਹਿਲੀ ਪ੍ਰਾਪਤੀ ਕੀਤੀ ਹੈ, ਇੰਨਾ ਸਮਾਂ ਬੀਤ ਜਾਣ ਦੇ ਬਾਅਦ ਨਿਗਮ ਨੂੰ ਨਵਾਂ ਕਮਿਸ਼ਨਰ ਦੇ ਦਿੱਤਾ ਹੈ ਜਿਸ ਸਬੰਧੀ ਵੀ ਕਈ ਤਰ੍ਹਾਂ ਦੇ ਸਵਾਲ ਉਠਣ ਲੱਗ ਪਏ ਹਨ। ਵਿਰੋਧੀ ਸਿਆਸੀ ਪਾਰਟੀਆਂ ਦੇ ਲੋਕਾਂ ਦਾ ਕਹਿਣਾ ਹੈ ਕਿ ਜੇਕਰ ਦੋ ਮਹੀਨੇ ਪਹਿਲਾਂ ਹੀ ਇਹ ਨਿਗਮ ਬਣ ਚੁੱਕਾ ਸੀ ਤਾਂ ਫੇਰ ਈ.ਓ ਨੂੰ ਕਿਉਂ ਸਾਰੇ ਕੰਮਕਾਜ ਦੀ ਜ਼ਿੰਮੇਵਾਰੀ ਦਿੱਤੀ ਗਈ ਸੀ ਜਦੋਂ ਕਿ ਅਜਿਹੀ ਪੋਸਟ ਨਿਗਮ ਵਿੱਚ ਹੁੰਦੀ ਹੀ ਨਹੀਂ ਹੈ। ਸਿਆਸੀ ਵਿਰੋਧੀਆਂ ਦਾ ਕਹਿਣਾ ਹੈ ਕਿ ਹੋ ਸਕਦਾ ਹੈ ਕਿ ਸਰਕਾਰ ਦੇ ਇੱਕ ਮੰਤਰੀ ਦੇ ਚਹੇਤੇ ਈ.ਓ ਨੇ ਹੁਣ ਇੰਨੇ ਸਮੇਂ ਵਿੱਚ ਸਭ ਕੁਝ ਮੈਨੇਜ ਕਰ ਲਿਆ ਹੋਵੇਗਾ ਤਾਂ ਜੋ ਕਿਸੇ ਤਰ੍ਹਾਂ ਦਾ ਕੋਈ ਗਾਜ਼ ਉਸ ਤੇ ਨਾ ਡਿੱਗ ਸਕੇ ਕਿਉਂਕਿ ਭਾਜਪਾ ਅਤੇ ਅਕਾਲੀ ਦਲ ਵਾਲੇ ਪਹਿਲਾਂ ਤੋਂ ਹੀ ਈ.ਓ ਦੀ ਭੂਮਿਕਾ ਤੇ ਸਵਾਲ ਖੜੇ ਕਰਦੇ ਆ ਰਹੇ ਸਨ ਤੇ ਜਿਸ ਤਰ੍ਹਾਂ ਸ਼ਹਿਰ ਵਿੱਚ ਸਟਰੀਟ ਲਾਈਟਾਂ ਬੰਦ ਪਈਆਂ ਹਨ, ਕੂੜੇ ਦੇ ਢੇਰ ਜਗ੍ਹਾ-ਜਗ੍ਹਾ ਦਿਖਾਈ ਦਿੰਦੇ ਹਨ, ਸੜਕਾਂ ਵਿੱਚ ਟੋਏ ਪਏ ਹੋਏ ਹਨ, ਸੀਵਰੇਜ ਦਾ ਮਾੜਾ ਸਿਸਟਮ ਹੈ ਦਾ ਕੁਝ ਵੀ ਸੰਵਾਰਿਆ ਨਹੀਂ ਸੀ ਗਿਆ ਜਦਕਿ ਇਹ ਵੀ ਸੁਣਨ ਵਿੱਚ ਮਿਲਦਾ ਰਿਹਾ ਹੈ ਕਿ ਇਨ੍ਹਾਂ ਕੰਮਾਂ ਲਈ ਲੱਖਾਂ ਰੁਪਏ ਦੇ ਠੇਕੇ ਚਹੇਤਿਆਂ ਨੂੰ ਦਿੱਤੇ ਗਏ ਸਨ।

ਜਿਹੜੇ ਲਾਹੌਰ ਭੁੱਖੇ ਉਹ ਪਸ਼ੋਰ ਵੀ ਭੁੱਖੇ: ਪੰਜਾਬੀ ਦੀ ਇੱਕ ਹੋਰ ਕਹਾਵਤ ਇਸ ਵੇਲੇ ਪੂਰੀ ਠੁਕਦੀ ਪ੍ਰਤੀਤ ਹੁੰਦੀ ਹੈ ਜਿਵੇਂ ਨਗਰ ਕੌਂਸਲ ਸਮੇਂ ਸ਼ਹਿਰ ਦੀ ਹਾਲਾਤ ਬਦ ਤੋਂ ਬਦਤਰ ਸੀ ਉਸੇ ਤਰ੍ਹਾਂ ਹੀ ਹੁਣ ਨਿਗਮ ਬਣਨ ਤੋਂ ਬਾਅਦ ਵੀ ਰੱਤੀ ਭਰ ਵੀ ਫ਼ਰਕ ਕੋਈ ਮਹਿਸੂਸ ਨਹੀਂ ਹੋ ਰਿਹਾ ਹੈ। ਅੱਜ ਵੀ ਕਿਸੇ ਵੀ ਇਲਾਕੇ ਵਿੱਚ ਇਹ ਪ੍ਰਤੀਤ ਹੀ ਨਹੀਂ ਹੋ ਰਿਹਾ ਹੈ ਕਿ ਬਟਾਲਾ ਨਗਰ ਕੌਂਸਲ, ਨਿਗਮ ਬਣ ਚੁੱਕਾ ਹੈ। ਹੋਰ ਗੱਲਾਂ ਤਾਂ ਛੱਡੋ ਅਜੇ ਤੱਕ ਤਾਂ ਇਹ ਹੀ ਲੋਕਾਂ ਨੂੰ ਪਤਾ ਨਹੀਂ ਲੱਗ ਸਕਿਆ ਹੈ ਕਿ ਕੌਂਸਲ ਅਪਗ੍ਰੇਡ ਹੋ ਕੇ ਨਿਗਮ ਬਣ ਗਿਆ ਹੈ ਤੇ ਇਹ ਸ਼ਾਇਦ ਇਸੇ ਕਰਕੇ ਹੀ ਹੋ ਰਿਹਾ ਹੈ ਕਿ ਫੰਡਜ਼ ਨਹੀਂ ਹਨ ਤੇ ਨਾ ਹੀ ਸਰਕਾਰ ਵੱਲੋਂ ਹੀ ਕੋਈ ਫ਼ੰਡ ਨਿਗਮ ਨੂੰ ਮੁਹੱਈਆ ਕਰਵਾਏ ਜਾ ਰਹੇ ਹਨ ਜਿਹੜਾ ਕਿ ਸ਼ਹਿਰ ਵਾਸੀਆਂ ਵੱਲੋਂ ਸੋਚਿਆ ਜਾ ਰਿਹਾ ਸੀ ਕਿ ਨਿਗਮ ਬਣਨ ਨਾਲ ਪਤਾ ਨਹੀਂ ਕੈਪਟਨ ਸਾਹਿਬ ਨੇ ਕਿਹੜੇ ਟਰੱਕ ਭਰ ਕੇ ਸੁਖਬੀਰ ਬਾਦਲ ਵਾਂਗ ਬਟਾਲੇ ਦੇ ਵਿਕਾਸ ਕਾਰਜਾਂ ਲਈ ਭੇਜ ਦੇਣੇ ਹਨ। ਇਸ ਵੇਲੇ ਤਾਂ ਹਾਲਾਤ ਇਹ ਹੈ ਕਿ ਜਿਹੜੇ ਲਾਹੌਰ ਭੁੱਖੇ ਉਹ ਪਸ਼ੋਰ ਵੀ ਭੁੱਖੇ ਹੀ ਹਨ।

ਇੱਕ ਕੈਬਨਿਟ ਮੰਤਰੀ ਦੀ ਲੋੜੋਂ ਵੱਧ ਦਖ਼ਲਅੰਦਾਜ਼ੀ: ਇਹ ਵੀ ਸੁਣਨ ਵਿੱਚ ਮਿਲ ਰਿਹਾ ਹੈ ਕਿ ਇੱਕ ਬਟਾਲਾ ਦੇ ਨਾਲ ਲੱਗਦੇ ਹਲਕੇ ਦੇ ਵਜ਼ੀਰ ਦੀ ਲੋੜੋਂ ਵੱਧ ਸਿਆਸੀ ਦਖ਼ਲਅੰਦਾਜ਼ੀ ਵੀ ਬਟਾਲਾ ਦੇ ਵਿਕਾਸ ਕਾਰਜਾਂ ਵਿੱਚ ਅੜਿੱਕਾ ਬਣ ਰਹੀ ਹੈ। ਕਹਿਣ ਨੂੰ ਤਾਂ ਉਸ ਵਜ਼ੀਰ ਦੇ ਖ਼ਾਸਮ ਖਾਸਾਂ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ ਜੋ ਕੰਮ ਸ਼ਹਿਰ ਵਿੱਚ ਹੋ ਰਹੇ ਹਨ ਉਹ ਉਸ ਵਜ਼ੀਰ ਦੇ ਕਰਕੇ ਹੀ ਹੋ ਰਹੇ ਹਨ ਪਰ ਜੇਕਰ ਵੇਖਿਆ ਜਾਵੇ ਤਾਂ ਸਰਕਾਰ ਦੇ ਢਾਈ ਸਾਲਾਂ ਦਾ ਸਮਾਂ ਬੀਤ ਚੱਲਿਆ ਹੈ ਸ਼ਹਿਰ ਦਾ ਹਾਲ ਪਹਿਲਾਂ ਤੋਂ ਵੀ ਮਾੜਾ ਹੁੰਦਾ ਜਾ ਰਿਹਾ ਹੈ। ਕਈ ਇਲਾਕੇ ਤਾਂ ਅਜਿਹੇ ਹਨ ਜੋ ਨਰਕ ਦਾ ਹਾਲ ਬਿਆਨ ਕਰਦੇ ਹਨ।

ਚੇਅਰਮੈਨ ਚੀਮਾ ਨੇ ਵੀ ਕੀਤੇ ਸਨ ਸਿਰਤੋੜ ਯਤਨ: ਜੇਕਰ ਗੱਲ ਕਰੀਏ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਅਮਰਦੀਪ ਸਿੰਘ ਚੀਮਾ ਦੀ ਤਾਂ ਉਸ ਨੌਜਵਾਨ ਵੱਲੋਂ ਵੀ ਬਟਾਲਾ ਨੂੰ ਸਹੀ ਦਿਸ਼ਾ ਦੇਣ ਅਤੇ ਵਿਕਾਸ ਕਾਰਜਾਂ ਲਈ ਸਿਰਤੋੜ ਯਤਨ ਕੀਤੇ ਗਏ ਸਨ ਤੇ ਸ਼ੁਰੂ-ਸ਼ੁਰੂ ਵਿੱਚ ਤਾਂ ਬੜਾ ਹੀ ਜੋਸ਼ ਨਾਲ ਸ਼ਹਿਰ ਦੀ ਨੁਹਾਰ ਬਦਲਣ ਦੀਆਂ ਕੋਸ਼ਿਸ਼ਾਂ ਹੋਈਆਂ ਸਨ। ਜਿਸ ਦੇ ਸਿੱਟੇ ਵਜੋਂ ਬਟਾਲਾ ਵਿਚਲੇ ਹੰਸਲੀ ਨਾਲੇ ਨੂੰ ਤਿੰਨ ਪੁਲ ਨਸੀਬ ਹੋ ਗਏ ਸਨ। ਇੱਥੇ ਹੀ ਬੱਸ ਨਹੀਂ ਕਈ ਸਿਹਤ ਨਾਲ ਸਬੰਧਿਤ ਵੀ ਕਈ ਸੁਧਾਰ ਕੀਤੇ ਗਏ ਸਨ ਪਰ ਚੀਮਾ ਦੇ ਯਤਨਾਂ ਨਾਲ ਸ਼ੁਰੂ ਹੋਏ ਵਿਕਾਸ ਕੰਮਾਂ ਨੂੰ ਵੀ ਵਜ਼ੀਰ ਦੇ ਚਹੇਤਿਆਂ ਨੇ ਆਪਣੇ ਜ਼ਿੰਮੇ ਲੈਣਾ ਸ਼ੁਰੂ ਕਰ ਦਿੱਤਾ ਹੈ।

ਸ਼ਤਾਬਦੀ ਸਮਾਗਮ ਵੀ ਲੰਘ ਗਏ ਨਹੀਂ ਸੁਧਰੀ ਦਸ਼ਾ: ਸ਼ਤਾਬਦੀ ਸਮਾਗਮਾਂ ਮੌਕੇ ਪਹਿਲਾਂ ਸਰਕਾਰ ਵੱਲੋਂ ਬਟਾਲਾ ਸ਼ਹਿਰ ਦੀ 200 ਕਰੋੜ ਰੁਪਈਆਂ ਨਾਲ ਨੁਹਾਰ ਬਦਲਣ ਦੀ ਗੱਲ ਕੀਤੀ ਗਈ ਸੀ ਪਰ ਇੱਕ ਹੋਰ ਹਲਕੇ ਦੇ ਵਜ਼ੀਰ ਨੇ ਬਟਾਲਾ ਦੀ ਦਿੱਖ ਸੰਵਾਰਣ ਲਈ ਉਸ ਵੇਲੇ ਧੜਾਧੜ ਬੈਠਕਾਂ ਵੀ ਕੀਤੀਆਂ ਸਨ ਪਰ ਜੇਕਰ ਹਾਲਾਤ ਵੇਖੇ ਜਾਣ ਤਾਂ ਸ਼ਤਾਬਦੀ ਸਮਾਗਮ ਵੀ ਲੰਘ ਚੁੱਕੇ ਹਨ ਪਰ ਬਟਾਲਾ ਦੀ ਤਰਸਯੋਗ ਹਾਲਾਤ ਨਹੀਂ ਸੁਧਰੀ ਹੈ।

ਬਟਾਲਾ ਦਾ ਵਿਕਾਸ ਕਿਸੇ ਚਮਤਕਾਰ ਤੋਂ ਘੱਟ ਨਹੀਂ: ਹੁਣ ਤਾਂ ਅਜਿਹਾ ਲੱਗਦਾ ਹੈ ਕਿ ਸ਼ਾਇਦ ਕੋਈ ਵੱਡਾ ਚਮਤਕਾਰ ਹੀ ਹੋਵੇਗਾ ਜਦੋਂ ਬਟਾਲਾ ਸ਼ਹਿਰ ਦੇ ਵਿਕਾਸ ਕਾਰਜ ਸਿਰੇ ਚੜ੍ਹਨਗੇ। ਸ਼ਹਿਰ ਵਾਸੀਆਂ ਦਾ ਕਹਿਣਾ ਹੈ ਕਿ ਪਹਿਲਾਂ ਅਕਾਲੀ-ਭਾਜਪਾ ਦੀ ਆਪਸੀ ਲੜਾਈ ਕਰਕੇ ਬਟਾਲਾ ਸ਼ਹਿਰ ਨਰਕ ਬਣਿਆ ਰਿਹਾ ਹੈ ਤੇ ਹੁਣ ਕਾਂਗਰਸੀਆਂ ਦੀ ਬੇਲੋੜੀ ਦਖ਼ਲਅੰਦਾਜ਼ੀ ਨੇ ਅਜਿਹੇ ਹਾਲਾਤ ਬਣਾ ਦਿੱਤੇ ਹਨ ਕਿ ਪ੍ਰਸ਼ਾਸਨ ਵੀ ਲੋਕਾਂ ਦੀ ਕੋਈ ਪ੍ਰਵਾਹ ਨਹੀਂ ਕਰ ਰਿਹਾ ਹੈ। ਇਸ ਵੇਲੇ ਹਾਲਾਤ ਇਹ ਹਨ ਕਿ ਲੋਕਾਂ ਦੀ ਅਜਿਹੇ ਹਾਲਾਤਾਂ ਵਿੱਚ ਰਹਿਣਾ ਮਜਬੂਰੀ ਹੀ ਹੋ ਗਈ ਹੈ। ਹੁਣ ਤਾਂ ਲੋਕ ਕਿਸੇ ਵੱਡੇ ਚਮਤਕਾਰ ਦੀ ਉਡੀਕ ਵਿੱਚ ਹੀ ਹਨ ਜਦੋਂ ਕੋਈ ਅਜਿਹਾ ਆਵੇਗਾ ਜੋ ਛੜੀ ਘੁਮਾਏਗਾ ਤੇ ਸ਼ਹਿਰ ਦੀ ਦਸ਼ਾ ਬਦਲ ਜਾਵੇਗੀ।

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।