ਕੀ ਕਣਕ-ਝੋਨੇ ਵਾਂਗ ਕਾਂਗਰਸ ਅਤੇ ਅਕਾਲੀ ਦਲ ਦੇ ਚੱਕਰ ਵਿੱਚ ਹੀ ਫਸੀ ਰਹੇਗੀ ਪੰਜਾਬ ਦੀ ਰਾਜਨੀਤੀ ?

Last Updated: Nov 18 2019 12:28
Reading time: 3 mins, 34 secs

ਜਿਸ ਤਰ੍ਹਾਂ ਬਥੇਰੀ ਦੁਹਾਈ ਦੇਣ ਦੇ ਬਾਅਦ ਵੀ ਕਈ ਦਹਾਕਿਆਂ ਤੋਂ ਕਿਸਾਨੀ ਕਣਕ-ਝੋਨੇ ਦੇ ਫ਼ਸਲੀ ਚੱਕਰ ਵਿੱਚੋਂ ਬਾਹਰ ਨਹੀਂ ਨਿਕਲ ਰਹੀ ਹੈ ਉਸੇ ਤਰ੍ਹਾਂ ਹੀ ਪੰਜਾਬ ਦੀ ਰਾਜਨੀਤੀ ਵੀ ਇਸ ਵੇਲੇ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਦੇ ਚੱਕਰਾਂ ਵਿੱਚ ਹੀ ਫਸੀ ਹੋਈ ਹੈ। ਭਾਵੇਂ ਕਿ 2017 ਵਿੱਚ ਤੀਸਰੀ ਧਿਰ ਆਮ ਆਦਮੀ ਪਾਰਟੀ ਨੇ ਅਲਖ਼ ਜਗਾਉਣ ਦੀ ਕੋਸ਼ਿਸ਼ ਕੀਤੀ ਸੀ ਪਰ ਉਹ ਕਾਮਯਾਬ ਨਹੀਂ ਸਨ ਹੋ ਸਕੇ। ਜਿਸ ਤਰ੍ਹਾਂ ਕਣਕ-ਝੋਨੇ ਦੀ ਬਿਜਾਈ ਦੇ ਦੂਰਗਾਮੀ ਹੋਣ ਵਾਲੇ ਨੁਕਸਾਨ ਤੋਂ ਅਸੀਂ ਭਲੀ ਭਾਂਤ ਜਾਣੂ ਹਾਂ ਪਰ ਫੇਰ ਵੀ ਇਸ ਚੱਕਰ ਵਿੱਚੋਂ ਬਾਹਰ ਨਿਕਲਣ ਨੂੰ ਤਿਆਰ ਨਹੀਂ ਹਾਂ। ਇਸੇ ਤਰ੍ਹਾਂ ਹੀ ਦੋਵਾਂ ਸਿਆਸੀ ਪਾਰਟੀਆਂ ਤੋਂ ਵੀ ਲੋਕ ਆਪਣੇ ਆਪ ਨੂੰ ਮੁਕਤ ਕਰਵਾਉਣਾ ਹੀ ਨਹੀਂ ਚਾਹੁੰਦੇ ਸ਼ਾਇਦ ਇਸੇ ਕਰਕੇ ਹੀ ਸਰਕਾਰ ਬਣਾਉਣ ਤੋਂ ਮਹਿਜ਼ ਥੋੜ੍ਹੇ ਸਮੇਂ ਬਾਅਦ ਹੀ ਪਛਤਾਉਣ ਲੱਗ ਪੈਂਦੇ ਹਨ ਤੇ ਫੇਰ ਸ਼ੁਰੂ ਹੋ ਜਾਂਦਾ ਹੈ ਸਿਲਸਿਲਾ ਪੰਜ ਸਾਲਾਂ ਤੱਕ ਨਤੀਜੇ ਭੁਗਤਣ ਦਾ।

ਜੇਕਰ ਪਿੱਛੇ ਝਾਤ ਮਾਰੀਏ ਤਾਂ ਲਗਾਤਾਰ 10 ਸਾਲ ਰਾਜ ਕਰਨ ਵਾਲੀ ਸ਼੍ਰੋਮਣੀ ਅਕਾਲੀ ਦਲ ਤੋਂ ਵੀ ਪੰਜਾਬ ਦੀ ਜਨਤਾ ਇਸ ਕਦਰ ਦੁਖੀ ਹੋ ਗਈ ਸੀ ਕਿ ਇਸ ਵਾਰ 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਤਾਂ ਸ਼੍ਰੋਮਣੀ ਅਕਾਲੀ ਦਲ ਨੂੰ ਮੁੱਖ ਵਿਰੋਧੀ ਧਿਰ ਦੀ ਕੁਰਸੀ ਵੀ ਨਸੀਬ ਨਹੀਂ ਸੀ ਹੋਈ। ਭਾਵੇਂ ਕਿ ਸ਼੍ਰੋਮਣੀ ਅਕਾਲੀ ਦਲ ਤੋਂ ਅੱਕੇ ਤੇ ਦੁਖੀ ਲੋਕਾਂ ਨੇ ਪੰਜਾਬ ਦੀ ਸੱਤਾ ਕਾਂਗਰਸੀਆਂ ਨੂੰ ਸੌਂਪ ਦਿੱਤੀ ਸੀ ਪਰ ਮਾਲਵੇ ਵਾਲਿਆਂ ਨੇ ਆਮ ਆਦਮੀ ਪਾਰਟੀ ਤੇ ਜ਼ਿਆਦਾ ਭਰੋਸਾ ਪ੍ਰਗਟਾਇਆ ਸੀ ਤੇ ਉਸ ਖੇਤਰ ਵਿੱਚੋਂ ਜ਼ਿਆਦਾ ਸੀਟਾਂ ਵੀ ਆਮ ਆਦਮੀ ਪਾਰਟੀ ਨੂੰ ਹੀ ਮਿਲੀਆਂ ਸਨ।

ਭਾਵੇਂ ਕਿ ਕੈਪਟਨ ਦੇ ਚੋਣ ਰਣਨੀਤੀਕਾਰ ਕਾਰਣ ਕਾਂਗਰਸ ਸੱਤਾ ਵਿੱਚ ਆ ਗਈ ਹੈ ਪਰ ਜਿਸ ਤਰ੍ਹਾਂ ਦੇ ਵਾਅਦੇ ਕੈਪਟਨ ਵੱਲੋਂ ਲੋਕਾਂ ਨਾਲ ਕੀਤੇ ਗਏ ਸਨ ਨੂੰ ਅਜੇ ਤੱਕ ਪੂਰਾ ਨਹੀਂ ਕੀਤਾ ਜਾ ਸਕਿਆ ਹੈ ਤੇ ਸ਼ਾਇਦ ਆਉਣ ਵਾਲੇ ਸਮੇਂ ਵਿੱਚ ਪੂਰਾ ਕੀਤਾ ਵੀ ਨਾ ਜਾ ਸਕੇ ਕਿਉਂਕਿ ਜਿੰਨੇ ਵੱਡੀ ਪੱਧਰ ਤੇ ਵਾਅਦੇ ਕੀਤੇ ਗਏ ਸਨ ਉਹ ਪੂਰੇ ਕਰਨੇ ਸਰਕਾਰ ਦੇ ਵੱਸ ਦੀ ਗੱਲ ਨਹੀਂ ਜਾਪਦੀ।

ਕੀ ਸਨ ਚੋਣ ਵਾਅਦੇ:

1. ਕੈਪਟਨ ਵੱਲੋਂ ਚੋਣਾਂ ਤੋਂ ਪਹਿਲਾਂ ਕਿਹਾ ਗਿਆ ਸੀ ਕਿ ਸੂਬੇ ਦੇ ਕਿਸਾਨਾਂ ਦਾ ਸਾਰਾ ਕਰਜ਼ਾ ਭਾਵੇਂ ਉਹ ਆੜ੍ਹਤੀਆਂ ਦਾ ਹੋਵੇ, ਭਾਵੇਂ ਸਹਿਕਾਰੀ ਜਾਂ ਨੈਸ਼ਨਲ ਬੈਂਕਾਂ ਦਾ ਹੋਵੇ ਸਾਰਾ ਮੁਆਫ਼ ਕਰ ਦਿੱਤਾ ਜਾਵੇਗਾ।
2. ਹਰ ਘਰ ਵਿੱਚ ਇੱਕ-ਇੱਕ ਸਰਕਾਰੀ ਨੌਕਰੀ ਦਿੱਤੀ ਜਾਵੇਗੀ ਜਿਸ ਲਈ ਬਕਾਇਦਾ ਫਾਰਮ ਵੀ ਭਰਵਾਏ ਗਏ ਸਨ।
3. ਸਰਕਾਰ ਦੇ ਗਠਨ ਦੇ ਪਹਿਲੇ ਮਹੀਨੇ ਤੋਂ ਹੀ ਬੇਰੁਜ਼ਗਾਰ ਨੌਜਵਾਨਾ ਨੂੰ 2500-2500 ਰੁਪਏ ਭੱਤਾ ਦਿੱਤਾ ਜਾਵੇਗਾ।
4. ਹਰੇਕ ਨੌਜਵਾਨ ਨੂੰ ਮੋਬਾਈਲ ਫ਼ੋਨ ਮੁਫ਼ਤ ਦਿੱਤਾ ਜਾਵੇਗਾ ਤੇ ਉਹ ਵੀ ਇੱਕ ਸਾਲ ਦੇ ਇੰਟਰਨੈਟ ਡਾਟੇ ਨਾਲ।
5. ਸ਼ਗਨ ਸਕੀਮ ਵਿੱਚ ਵਾਧਾ ਕੀਤਾ ਜਾਵੇਗਾ।
6. ਬੁਢਾਪਾ ਪੈਨਸ਼ਨ 2000 ਰੁਪਏ ਦਿੱਤੀ ਜਾਵੇਗੀ।
7. ਸਸਤੀ ਕਣਕ, ਦਾਲ ਨਾਲ ਚਾਹਪੱਤੀ, ਖੰਡ ਤੇ ਘਿਓ ਵੀ ਦਿੱਤਾ ਜਾਵੇਗਾ ਆਦਿ।

ਅਜਿਹੇ ਕਈ ਵਾਅਦੇ ਸਨ ਜਿਨ੍ਹਾਂ ਨੂੰ ਬੜੀ ਹੀ ਪ੍ਰਮੁੱਖਤਾ ਨਾਲ ਲੋਕਾਂ ਵਿੱਚ ਲਿਆਂਦਾ ਗਿਆ ਸੀ ਤੇ ਲੋਕ ਇਨ੍ਹਾਂ ਵਾਅਦਿਆਂ ਦੇ ਝਾਂਸੇ ਵਿੱਚ ਆ ਗਏ ਸਨ ਤੇ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਬਣਾ ਦਿੱਤੀ ਸੀ ਪਰ ਹੁਣ ਜਦੋਂ ਇਨ੍ਹਾਂ ਵਿੱਚੋਂ ਕੋਈ ਵੀ ਵਾਅਦੇ ਸਰਕਾਰ ਦੇ ਢਾਈ ਸਾਲਾਂ ਦੇ ਕਾਰਜਕਾਲ ਦੌਰਾਨ ਪੂਰਾ ਨਹੀਂ ਕੀਤਾ ਜਾ ਸਕਿਆ ਹੈ ਤਾਂ ਇੱਕ ਵਾਰ ਮੁੜ ਲੋਕਾਂ ਦਾ ਰੁਝਾਨ ਸ਼੍ਰੋਮਣੀ ਅਕਾਲੀ ਦਲ ਦੇ ਵੱਲ ਪਰਤ ਰਿਹਾ ਦਿਖਾਈ ਦੇ ਰਿਹਾ ਹੈ।

ਚਾਰ ਵਿਧਾਨ ਸਭਾ ਹਲਕਿਆਂ ਜਲਾਲਾਬਾਦ, ਮੁਕੇਰੀਆਂ, ਫਗਵਾੜਾ ਅਤੇ ਦਾਖਾ ਦੇ ਨਤੀਜੇ ਦੱਸਦੇ ਹਨ ਕਿ ਪੰਜਾਬ ਦੀ ਜਨਤਾ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਤੋਂ ਇਲਾਵਾ ਅਜੇ ਵੀ ਕਿਸੇ ਹੋਰ ਪਾਰਟੀ ਦੇ ਹੱਕ ਵਿੱਚ ਭੁਗਤਣ ਨੂੰ ਤਿਆਰ ਨਹੀਂ ਹੈ। ਇਨ੍ਹਾਂ ਚੋਣਾਂ ਵਿੱਚ ਨਾ ਤਾਂ ਆਮ ਆਦਮੀ ਪਾਰਟੀ ਅਤੇ ਨਾ ਹੀ ਲੋਕ ਇਨਸਾਫ਼ ਪਾਰਟੀ ਨੂੰ ਹੀ ਕੋਈ ਜ਼ਿਆਦਾ ਸਪੋਰਟ ਲੋਕਾਂ ਨੇ ਕੀਤਾ ਹੈ। ਹੁਣ ਜਿਸ ਤਰ੍ਹਾਂ ਪੰਜਾਬ ਦੀ ਰਾਜਨੀਤੀ ਵਿੱਚ ਮੁੜ ਇੱਕ ਵਾਰ ਫੇਰ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਤੋਂ ਕਿਨਾਰੇ ਕਰ ਰਹੇ ਲੀਡਰਾਂ ਵੱਲੋਂ ਵੱਖਰਾ ਫ਼ਰੰਟ ਬਣਾਉਣ ਦੀਆਂ ਚਰਚਾਵਾਂ ਚੱਲ ਰਹੀਆਂ ਹਨ ਤੋਂ ਨਹੀਂ ਲੱਗਦਾ ਕਿ ਨਵਾਂ ਬਣਨ ਵਾਲਾ ਫ਼ਰੰਟ ਵੀ ਇਨ੍ਹਾਂ ਦਾ ਮੁਕਾਬਲਾ ਕਰ ਸਕੇਗਾ। ਕਿਉਂਕਿ ਵੇਖਣ ਵਿੱਚ ਮਿਲਦਾ ਰਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਤੋਂ ਵੱਖ ਹੋਏ ਤਕੜੇ ਸਮਝੇ ਜਾਂਦੇ ਲੀਡਰਾਂ ਬ੍ਰਹਮਪੁਰਾ, ਸੇਖਵਾਂ, ਅਜਨਾਲਾ ਆਦਿ ਨੂੰ ਵੀ ਜਨਤਾ ਨੇ ਘਾਹ ਨਹੀਂ ਸੀ ਪਾਇਆ ਤੇ ਇਸੇ ਤਰ੍ਹਾਂ ਹੀ ਕਾਂਗਰਸ ਤੋਂ ਵੱਖ ਹੋਣ ਵਾਲੇ ਜਗਮੀਤ ਸਿੰਘ ਬਰਾੜ, ਬੀਰਦਵਿੰਦਰ ਸਿੰਘ ਆਦਿ ਨੂੰ ਵੀ ਕਿਸੇ ਨਹੀਂ ਸੀ ਪੁੱਛਿਆ।

ਅਜਿਹਾ ਸ਼ਾਇਦ ਇਸੇ ਕਰਕੇ ਹੀ ਹੋਇਆ ਸੀ ਕਿ ਪੰਜਾਬ ਦੀ ਜਨਤਾ ਜਿਸ ਤਰ੍ਹਾਂ ਕਣਕ ਅਤੇ ਝੋਨੇ ਦੇ ਫ਼ਸਲੀ ਚੱਕਰ ਵਿੱਚ ਬੁਰੀ ਤਰ੍ਹਾਂ ਉਲਝੀ ਹੋਈ ਹੈ ਉਸੇ ਤਰ੍ਹਾਂ ਹੀ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਚੱਕਰਵਿਊ ਵਿੱਚ ਵੀ ਜਕੜੀ ਪਈ ਹੈ ਜਿਸ ਕਰਕੇ ਇਨ੍ਹਾਂ ਚੱਕਰਾਂ ਵਿੱਚੋਂ ਨਿਕਲਣ ਲਈ ਕਿਸੇ ਚੰਗੀ ਤਕੜੀ ਸਿਆਸੀ ਧਿਰ ਨੂੰ ਪੰਜਾਬ ਦੀ ਰਾਜਨੀਤੀ ਵਿੱਚ ਉੱਭਰਨਾ ਪਵੇਗਾ ਜੋ ਫ਼ਿਲਹਾਲ ਦਿਖਾਈ ਨਹੀਂ ਦੇ ਰਿਹਾ ਹੈ।

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।