ਬਾਲ ਦਿਵਸ 'ਤੇ, ਕਸ਼ਮੀਰ ਦਾ ਦਰਦ!! (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Nov 14 2019 16:05
Reading time: 3 mins, 48 secs

ਸੋਹਣੇ ਸੁਨੱਖੇ ਅਤੇ ਉੱਚੇ ਲੰਮੇ ਕੱਦ ਵਾਲੇ ਬੱਚੇ ਜ਼ਿਆਦਾਤਰ ਕਸ਼ਮੀਰ ਵਿੱਚ ਹੀ ਪੈਦਾ ਹੁੰਦੇ ਹਨ। ਬੇਸ਼ੱਕ ਅੱਜ ਮੌਜੂਦਾ ਹਕੂਮਤ ਦੀਆਂ ਨਜ਼ਰਾਂ ਦੇ ਵਿੱਚ ਕਸ਼ਮੀਰ ਇਕ ਅੱਤਵਾਦੀਆਂ ਦਾ ਰਾਜ ਬਣ ਚੁੱਕਿਆ ਹੋਵੇ, ਪਰ ਕਦੇ ਵੀ ਹਕੂਮਤ ਨੇ ਕਸ਼ਮੀਰ ਦਾ ਦਰਦ ਜਾਨਣ ਦੀ ਕੋਸ਼ਿਸ਼ ਨਹੀਂ ਕੀਤੀ। ਕਸ਼ਮੀਰੀਆਂ ਦੇ ਬੱਚੇ ਆਖ਼ਰ ਕਿਉਂ ਨਿੱਕੀ ਉਮਰੇ ਹੀ ਕਲਮ ਚੁੱਕਣ ਦੀ ਬਿਜਾਏ, ਹਥਿਆਰ ਚੁੱਕ ਲੈਂਦੇ ਹਨ, ਇਹ ਸੋਚਣ ਵਾਲੀ ਗੱਲ ਹੈ ਅਤੇ ਇਹ ਸੋਚਣਾ ਵੀ ਬੇਹੱਦ ਜ਼ਰੂਰੀ ਹੈ ਸਾਡੇ ਸਭਨਾਂ ਦੇ ਲਈ। ਕਸ਼ਮੀਰ ਨੂੰ ਕਿਸੇ ਸਮੇਂ ਸੋਹਣਾ ਰਾਜ ਕਿਹਾ ਜਾਂਦਾ ਸੀ।

ਕਿਉਂਕਿ ਕਸ਼ਮੀਰ ਦੀਆਂ ਪਹਾੜੀਆਂ ਦੇ ਨਜ਼ਾਰੇ ਪੂਰੀ ਦੁਨੀਆ ਵਿੱਚ ਨਹੀਂ ਮਿਲਦੇ। ਕਸ਼ਮੀਰ ਦੇ ਅੰਦਰ ਬਹੁਤ ਸਾਰੇ ਫਲ ਫਰੂਟ ਅਜਿਹੇ ਪਾਏ ਜਾਂਦੇ ਹਨ, ਜੋ ਦੁਨੀਆ ਦੇ ਕਿਸੇ ਵੀ ਕੋਨੇ ਵਿੱਚੋਂ ਨਹੀਂ ਮਿਲਦੇ। ਅੱਜ ਵੀ ਕਸ਼ਮੀਰ ਦੇ ਬਹੁਤ ਸਾਰੇ ਹਿੱਸਿਆਂ ਦੇ ਵਿੱਚ ਸੈਲਾਨੀ ਘੁੰਮਣ ਵਾਸਤੇ ਆ ਰਹੇ ਹਨ। ਪਰ ਪਿਛਲੇ ਸਮੇਂ ਦੌਰਾਨ ਜਦੋਂ 5 ਅਗਸਤ 2019 ਨੂੰ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਜੰਮੂ ਕਸ਼ਮੀਰ ਦੇ ਵਿੱਚੋਂ ਧਾਰਾ 370 ਅਤੇ 35-ਏ ਨੂੰ ਖ਼ਤਮ ਕੀਤਾ ਗਿਆ ਸੀ ਤਾਂ ਉਸ ਤੋਂ ਮਗਰੋਂ ਪੂਰੇ ਦੇਸ਼ ਦੇ ਇਨਕਲਾਬੀਆਂ ਨੇ ਮੋਦੀ ਸਰਕਾਰ ਵਿਰੁੱਧ ਪ੍ਰਦਰਸ਼ਨ ਕੀਤਾ ਸੀ।

ਦਰਅਸਲ, ਕਸ਼ਮੀਰ ਦੇ ਵਿੱਚੋਂ ਧਾਰਾ 370 ਅਤੇ 35-ਏ ਬੰਦੂਕ ਦੀ ਨੋਕ 'ਤੇ ਖ਼ਤਮ ਕੀਤੀ ਗਈ। ਮੋਦੀ ਹਕੂਮਤ ਨੇ ਧਾਰਾ ਖ਼ਤਮ ਕਰਨ ਤੋਂ ਪਹਿਲੋਂ ਹੀ ਕਸ਼ਮੀਰ ਦੇ ਵਿੱਚ ਵੱਡੀ ਮਾਤਰਾ ਵਿੱਚ ਫ਼ੌਜਾਂ ਤਾਇਨਾਤ ਕਰ ਦਿੱਤੀਆਂ ਅਤੇ ਕਰਫਿਊ ਲਗਾ ਦਿੱਤਾ ਗਿਆ। ਇਹ ਕਰਫਿਊ ਕੋਈ ਇੱਕ ਦਿਨ ਨਹੀਂ, ਬਲਕਿ ਕਈ ਹਫ਼ਤੇ ਤੱਕ ਚੱਲਿਆ। ਕਸ਼ਮੀਰ ਦੇ ਲੋਕ ਜਿਹੜੇ ਰੋਜ਼ ਦਿਹਾੜੀ ਕਰਕੇ ਰੋਟੀ ਖਾਂਦੇ ਸਨ, ਉਨ੍ਹਾਂ ਹੱਥੋਂ ਸਰਕਾਰਾਂ ਨੇ ਰੁਜ਼ਗਾਰ ਖੋਹ ਲਿਆ। ਇੱਥੋਂ ਤੱਕ ਕਿ ਲੱਖਾਂ ਦੀ ਗਿਣਤੀ ਵਿੱਚ ਕਿਰਤੀ ਬੇਰੁਜ਼ਗਾਰ ਹੋ ਗਏ।

ਰੋਟੀ ਦੀ ਬੁਰਕੀ ਨੂੰ ਤਰਸਦੇ ਕਈ ਕਸ਼ਮੀਰੀ ਬੱਚੇ ਮਰ ਗਏ। ਦੱਸ ਦਈਏ ਕਿ ਅੱਜ ਕਸ਼ਮੀਰ ਦੇ ਵਿੱਚ ਹਾਲਾਤ ਬਦ ਤੋਂ ਬਦਤਰ ਹਨ। ਜੀਵਨ ਠੀਕ ਤਰੀਕੇ ਦੇ ਨਾਲ ਚੱਲ ਹੀ ਨਹੀਂ ਰਿਹਾ। 102 ਦਿਨ ਹੋ ਗਏ ਹਨ ਕਸ਼ਮੀਰ ਦੇ ਵਿੱਚੋਂ ਧਾਰਾ 370 ਅਤੇ 35-ਏ ਨੂੰ ਖ਼ਤਮ ਕੀਤਿਆਂ ਹੋਇਆ, ਪਰ ਹੁਣ ਤੱਕ ਕਸ਼ਮੀਰ ਦੇ ਲੋਕ ਚੱਜ ਦੀ ਰੋਟੀ ਨਹੀਂ ਖਾ ਸਕੇ, ਕਿਉਂਕਿ ਫੌਜ ਦਾ ਕਸ਼ਮੀਰੀਆਂ 'ਤੇ ਚੱਤੋਂ ਪਹਿਰ ਪਹਿਰਾ ਲੱਗਿਆ ਹੋਇਆ ਹੈ। ਕਸ਼ਮੀਰੀਆਂ ਦੀ ਹਰ ਹਰਕਤ 'ਤੇ ਹੀ ਫ਼ੌਜਾਂ ਬੜਾ ਧਿਆਨ ਰੱਖ ਰਹੀਆਂ ਹਨ।

ਇੱਥੇ ਦੱਸ ਦਈਏ ਕਿ ਅੱਜ ਜਿੱਥੇ ਭਾਰਤ ਭਰ ਦੇ ਵਿੱਚ ਜਵਾਹਰ ਲਾਲ ਨਹਿਰੂ ਦਾ ਜਨਮ ਦਿਹਾੜਾ ਮਨਾਇਆ ਜਾ ਰਿਹਾ ਹੈ, ਉੱਥੇ ਹੀ ਬਾਲ ਦਿਵਸ ਵੀ ਮਨਾਇਆ ਜਾ ਰਿਹਾ ਹੈ। ਪਰ ਦੁੱਖ ਇਸ ਗੱਲ ਦਾ ਹੈ ਕਿ ਕਸ਼ਮੀਰ ਦੇ ਵਿੱਚ ਅੱਜ ਫਿਰ ਤੋਂ ਕਰਫਿਊ ਜਿਹਾ ਮਾਹੌਲ ਬਣਿਆ ਪਿਆ ਹੈ ਅਤੇ ਕਈ ਜਗ੍ਹਾਵਾਂ 'ਤੇ ਤਾਂ ਫ਼ੌਜ ਵੱਲੋਂ ਕਸ਼ਮੀਰੀਆਂ ਨੂੰ ਘਰਾਂ ਤੋਂ ਬਾਹਰ ਹੀ ਨਹੀਂ ਨਿਕਲਣ ਦਿੱਤਾ ਜਾ ਰਿਹਾ। ਕਥਿਤ ਤੌਰ 'ਤੇ ਫ਼ੌਜ ਵੱਲੋਂ ਕਸ਼ਮੀਰੀਆਂ ਦੇ ਬੱਚਿਆਂ ਨੂੰ ਕਾਬੂ ਕਰਕੇ ਸਲਾਖਾਂ ਪਿੱਛੇ ਸੁੱਟਿਆ ਜਾ ਰਿਹਾ ਹੈ।

ਜਿਨ੍ਹਾਂ ਬੱਚਿਆਂ ਦੀ ਪੜ੍ਹਨ ਦੀ ਉਮਰ ਹੈ, ਉਨ੍ਹਾਂ ਬੱਚਿਆਂ ਨੂੰ ਮੋਦੀ ਹਕੂਮਤ ਵੱਲੋਂ ਅੱਤਵਾਦੀ ਬਣਨ ਲਈ ਮਜਬੂਰ ਕੀਤਾ ਜਾ ਰਿਹਾ ਹੈ। ਅੱਜ ਕਸ਼ਮੀਰ ਦੇ ਹਾਲਾਤ ਇਹ ਹਨ ਕਿ ਕਸ਼ਮੀਰੀਆਂ ਨੂੰ ਇੱਕ ਪਾਸੇ ਤਾਂ ਘਰਾਂ ਤੋਂ ਬਾਹਰ ਨਹੀਂ ਨਿਕਲਣ ਦਿੱਤਾ ਜਾ ਰਿਹਾ, ਉੱਥੇ ਹੀ ਦੂਜੇ ਪਾਸੇ ਜੇਕਰ ਬੱਚੇ ਆਪਣਾ ਕਿਤਾਬਾਂ ਵਾਲਾ ਬੈਗ ਫੜ ਕੇ ਸਕੂਲ ਜਾਂ ਫਿਰ ਕਾਲਜ ਜਾਂਦੇ ਹਨ ਤਾਂ, ਉਨ੍ਹਾਂ ਦੀ ਫ਼ੌਜ ਵੱਲੋਂ ਇਸ ਤਰ੍ਹਾਂ ਤਲਾਸ਼ੀ ਲਈ ਜਾ ਰਹੀ ਹੈ, ਜਿਵੇਂ ਕਸ਼ਮੀਰੀਆਂ ਦੇ ਬੱਚੇ ਪੜ੍ਹਨ ਲਈ ਨਹੀਂ, ਬਲਕਿ ਕੋਈ ਜੁਰਮ ਕਰਨ ਲਈ ਚੱਲੇ ਹੋਣ।

ਮੌਜੂਦਾ ਦੌਰ ਦੇ ਵਿੱਚ ਗੋਲੀ ਦਾ ਸ਼ਿਕਾਰ ਬੱਚੇ ਅੱਖਾਂ ਤੋਂ ਅੰਨ੍ਹੇ ਹੋਏ ਪਏ ਹਨ, ਕਈਆਂ ਦੀਆਂ ਸੂਰਤਾਂ ਵਿਗੜ ਚੁੱਕੀਆਂ ਹਨ, ਬੱਚੀਆਂ ਦੇ ਸਰੀਰ ਬਲਾਤਕਾਰੀਆਂ ਦੇ ਵੱਲੋਂ ਵਿੰਨੇ ਜਾ ਰਹੇ ਹਨ। ਜਿਹੜਾ ਕਸ਼ਮੀਰ ਕਦੇ ਸ਼ਾਂਤੀ ਦਾ ਪ੍ਰਤੀਕ ਹੁੰਦਾ ਸੀ, ਅੱਜ ਉਸੇ ਕਸ਼ਮੀਰ ਨੂੰ ਅੱਤਵਾਦ ਦਾ ਨਾਮ ਦਿੱਤਾ ਜਾ ਰਿਹਾ ਹੈ। ਸੁਣਿਆ ਹੈ ਕਿ ਕਸ਼ਮੀਰ ਦੇ ਵਿੱਚ ਵੀ ਅੱਜ ਮੋਦੀ ਹਕੂਮਤ ਦੇ ਫੀਲਿਆਂ ਵੱਲੋਂ ਬਾਲ ਦਿਵਸ ਮਨਾਇਆ ਜਾ ਰਿਹਾ ਹੈ ਤਾਂ ਜੋ ਦੇਸ਼ ਦੇ ਅੰਦਰ ਇਹ ਸੁਨੇਹਾ ਜਾ ਸਕੇ ਕਿ ਕਸ਼ਮੀਰ ਬਿਲਕੁਲ ਠੀਕ ਠਾਕ ਹੈ।

ਪਰ ਦੋਸਤੋ, ਗੋਲੀ ਦੀ ਨੋਕ 'ਤੇ ਬਾਲ ਦਿਵਸ ਮਨਾਉਣਾ ਕਿੰਨਾ ਕੁ ਠੀਕ ਹੈ, ਤੁਸੀਂ ਆਪ ਹੀ ਸਮਝ ਸਕਦੇ ਹੋ? ਕਸ਼ਮੀਰੀ ਬੱਚਿਆਂ ਦੇ ਮਨਾਂ ਅੰਦਰ ਵੀ ਇਹ ਖਿਆਲ ਕਦੇ ਜਾਗਦੇ ਹੋਣਗੇ ਕਿ ਉਹ ਵੀ ਵੱਡੇ ਅਫ਼ਸਰ ਬਣਨ ਤਾਂ ਜੋ ਦੇਸ਼ ਦਾ ਭਲਾ ਹੋ ਸਕੇ, ਪਰ ਮੌਜੂਦਾ ਹਕੂਮਤ ਨੇ ਕਸ਼ਮੀਰੀਆਂ 'ਤੇ ਤਸ਼ੱਦਦ ਹੀ ਇੰਨਾਂ ਕੁ ਜ਼ਿਆਦਾ ਢਾਹ ਦਿੱਤਾ ਹੈ ਕਿ ਉਹ ਹੁਣ ਸਰਕਾਰ ਦੇ ਨਾਲ ਲੜਾਈ ਲੜਣ ਨੂੰ ਹਰ ਵੇਲੇ ਤਿਆਰ ਰਹਿੰਦੇ ਹਨ। ਦੋਸਤੋ, ਕਸ਼ਮੀਰ ਵਿੱਚ ਬਾਲ ਦਿਹਾੜਾ ਤਾਂ ਉਸੇ ਦਿਨ ਹੀ ਮਨਾਇਆ ਜਾ ਚੁੱਕਿਆ ਸੀ।

ਜਿਸ ਦਿਨ ਹਕੂਮਤ ਨੇ ਕਸ਼ਮੀਰ ਦੇ ਵਿੱਚੋਂ ਧਾਰਾ 370 ਅਤੇ 35-ਏ ਨੂੰ ਖ਼ਤਮ ਕੀਤਾ ਸੀ। ਕਸ਼ਮੀਰੀਆਂ ਦੇ ਬੱਚਿਆਂ ਨੂੰ ਅੱਤਵਾਦੀਆਂ ਦਾ ਨਾਮ ਦੇ ਕੇ ਉਨ੍ਹਾਂ ਨੂੰ ਸਲਾਖ਼ਾਂ ਪਿੱਛੇ ਸੁੱਟ ਦਿੱਤਾ ਗਿਆ। ਕੀ ਅੱਜ ਬਾਲ ਦਿਹਾੜੇ 'ਤੇ ਕੋਈ ਲੀਡਰ ਕਸ਼ਮੀਰੀ ਬੱਚਿਆਂ ਦੇ ਹੱਕਾਂ ਵਿੱਚ ਬੋਲੇਗਾ? ਕੀ ਮੋਦੀ ਜਿਹੜੇ ਹਰ ਵੇਲੇ ਹੀ ਬੱਚਿਆਂ ਨਾਲ ਗੱਲਾਂ ਕਰਦੇ ਅਤੇ ਹੱਸਦੇ ਖੇਡਦੇ ਨਜ਼ਰ ਆਉਂਦੇ ਹਨ, ਉਹ ਕਦੇ ਕਸ਼ਮੀਰੀ ਬੱਚਿਆਂ ਦੇ ਨਾਲ ਵੀ ਬਾਲ ਦਿਹਾੜਾ ਮਨਾਉਣ ਵਾਸਤੇ ਜਾਣਗੇ? ਕਸ਼ਮੀਰ ਦਾ ਦਰਦ, ਸਿਰਫ਼ ਕਸ਼ਮੀਰੀ ਹੀ ਜਾਣ ਸਕਦੇ ਹਨ, ਹਕੂਮਤ ਨੂੰ ਕੋਈ ਫ਼ਿਕਰ ਨਹੀਂ।

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।