ਅੱਜ ਮਲਕ ਭਾਗੋਆਂ ਨੇ ਲੁੱਟ ਲਿਆ ਦੇਸ਼ ਸਾਰਾ.!!(ਨਿਊਜ਼ਨੰਬਰ ਖ਼ਾਸ ਖਬਰ)

Last Updated: Nov 08 2019 16:39
Reading time: 2 mins, 51 secs

ਪੰਜਾਬ ਦੇ ਅੰਦਰ ਜਿਹੜੀ ਵੀ ਸਰਕਾਰ ਆਈ ਹੈ। ਹਰ ਸਾਰ ਨੇ ਆਪਣੇ ਹੀ ਹੁਕਮ ਸੁਣਾ ਕੇ ਆਪਣੇ ਮੰਤਰੀਆਂ, ਵਿਧਾਇਕਾਂ ਅਤੇ "ਫੀਲਿਆਂ" ਨੂੰ ਹੀ ਫਾਇੰਦਾ ਪਹੁੰਚਾਉਣ ਦਾ ਕੰਮ ਕੀਤਾ ਹੈ। ਭਾਵੇਂ ਹੀ ਗੁਰੂਆਂ ਪੀਰਾਂ ਦੀ ਧਰਤੀ ਦੇ ਨਾਲ ਜਾਣੀ ਜਾਂਦੀ ਪੰਜਾਬ ਦੀ ਧਰਤੀ 'ਤੇ ਗੁਰੂ ਸਹਿਬਾਨਾਂ ਨੇ ਸੱਚ ਦਾ ਹੋਕਾ ਦਿੱਤਾ ਅਤੇ ਜੁਲਮ ਖ਼ਿਲਾਫ਼ ਲੜੇ। ਉਸੇ ਹੀ ਪੰਜਾਬ ਦੀ ਧਰਤੀ 'ਤੇ ਇਸ ਵੇਲੇ ਆਪਣੇ ਆਪ ਨੂੰ ਸਭ ਤੋਂ ਵੱਡਾ ਅਖਵਾਉਣ ਦਾ "ਟਰੈਂਡ" ਇਨ੍ਹਾਂ ਕੁ ਜ਼ਿਆਦਾ ਵੱਧ ਚੁੱਕਿਆ ਹੈ ਕਿ ਕੋਈ ਕਹਿਣ ਦੀ ਹੱਦ ਨਹੀਂ।

ਜਿਹੜੀ ਬਾਣੀ ਦੇ ਨਾਲ ਸਾਨੂੰ ਗੁਰੂ ਸਹਿਬਾਨਾਂ ਨੇ ਜੋੜਿਆ ਸੀ, ਉਸ ਨਾਲੋਂ ਲੋਕਾਂ ਨੂੰ ਤੋੜ ਕੇ ਲੀਡਰਾਂ ਦੇ ਵੱਲੋਂ ਆਪਣੇ ਨਾਲ ਜੋੜਿਆ ਜਾ ਰਿਹਾ ਹੈ ਅਤੇ ਗੁਰੂ ਸਾਹਿਬ ਦੇ ਦੱਸੇ ਮਾਰਗ ਤੋਂ ਉਲਟ ਚੱਲ ਕੇ ਪੰਜਾਬ ਨੂੰ ਬਰਬਾਦ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪੰਜਾਬ ਦਾ ਸਰਕਾਰੀ ਖ਼ਜਾਨਾ ਜਿਹੜਾ ਕਿ ਜਨਤਾ ਉਪਰ ਖ਼ਰਚ ਹੋਣਾ ਸੀ, ਪਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਉਹੀ ਸਰਕਾਰੀ ਖ਼ਜਾਨਾ ਆਪਣੇ ਵਜੀਰਾਂ ਉਪਰ ਖ਼ਰਚ ਕਰਨ ਦਾ ਮਨ ਬਣਾਇਆ ਹੋਇਆ ਹੈ, ਜਿਸ ਦੇ ਕਾਰਨ ਪੰਜਾਬ ਗਰੀਬੀ ਦੀ ਰੇਖ਼ਾਂ ਹੇਠਾਂ ਧੱਸਦਾ ਜਾ ਰਿਹਾ ਹੈ।

ਦੱਸ ਦਈਏ ਕਿ ਬਾਬੇ ਨਾਨਕ ਦੀ ਸਿੱਖਿਆ ਦੇ ਉਲਟ ''ਰਾਜੇ ਸੀਹ ਮੁਕਦਮ ਕੁਤੇ ਜਾਇ ਜਗਾਇਨਿ ਬੈਠੇ ਸੁਤੇ'' ਦੇ ਮਹਾਂਵਾਕ ਨੂੰ ਸੱਚ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੀਤੇ ਦਿਨ ਸਰਖਾਰੀ ਖ਼ਜਾਨੇ ਦੀ ਪਹਿਲਾ ਤਨਖਾਹਾਂ, ਭੱਤਿਆਂ, ਪੈਨਸ਼ਨਾਂ ਦੇ ਰੂਪ ਵਿੱਚ ਵੱਡੀ ਪੱਧਰ 'ਤੇ ਕੀਤੀ ਜਾ ਰਹੀ ਲੁੱਟ ਨੂੰ ਹੋਰ ਵਧਾਉਂਦਿਆਂ ਪਹਿਲਾ ਰੱਖੇ ਗੈਰ ਕਾਨੂੰਨੀ 19 ਸਲਾਹਕਾਰਾਂ ਦੀ ਫੌਜ ਵਿੱਚ 6 ਹੋਰ ਸ਼ਾਮਲ ਕਰਕੇ ਉਨ੍ਹਾਂ ਨੂੰ ਕਾਨੂੰਨ ਦੀ ਅੱਖ ਤੋਂ ਬਚਾਉਣ ਲਈ ਬਿੱਲ ਪਾਸ ਕਰਨ ਵਾਲੀ ਸਰਕਾਰ ਪੰਜਾਬ ਦਾ ਕੀ ਸੁਧਾਰ ਕਰੇਗੀ? ਦੋਸਤੋਂ, ਤੁਹਾਨੂੰ ਦੱਸ ਦਈਏ ਕਿ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਨੇ ਸਰਖਾਰੀ ਖ਼ਜਾਨੇ ਦੀ ਲੁੱਟ ਕਰ ਰਹੇ ਗੈਰ ਕਾਨੂੰਨੀ ਸਲਾਹਕਾਰਾਂ ਨੂੰ ਕਾਨੂੰਨ ਦੀ ਅੱਖ ਤੋਂ ਬਚਾਉਣ ਲਈ ਬਿੱਲ ਪਾਸ ਕਰਨ ਵਾਲੀ ਸਰਕਾਰ ਪੰਜਾਬ ਕੈਪਟਨ ਸਰਕਾਰ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਆਗੂਆਂ ਨੇ ਕੈਪਟਨ ਸਰਕਾਰ ਦੀ ਇਸ ਕੋਝੀ ਚਾਲ ਨੂੰ ਗੁਰੂ ਨਾਨਕ ਸਾਹਿਬ ਦੀ ਸਿੱਖਿਆ ਅਤੇ ਪੰਜਾਬ ਦੇ ਕਿਰਤੀ ਭਾਈ ਲਾਲੋਆਂ ਨਾਲ ਵੱਡਾ ਧੋਖਾ ਅਤੇ ਮੱਕਾਰੀ ਦੱਸਿਆ ਹੈ। "ਨਿਊਜ਼ਨੰਬਰ" ਨਾਲ ਵਿਸੇਸ਼ ਤੌਰ 'ਤੇ ਜਾਣਕਾਰੀ ਸਾਂਝੀ ਕਰਦਿਆ ਹੋਇਆ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂੰ, ਜਨਰਲ ਸਕੱਤਰ ਸਰਵਨ ਸਿੰਘ ਪੰਧੇਰ ਨੇ ਗੈਰ ਕਾਨੂੰਨੀ ਰੱਖੇ ਸਿਆਸੀ ਸਲਾਹਕਾਰ ਹਟਾਉਣ ਤੇ ਮੰਤਰੀਆਂ, ਵਿਧਾਇਕਾਂ ਦੀਆਂ ਪੈਨਸ਼ਨਾਂ, ਭੱਤੇ ਤਨਖਾਹਾਂ ਬੰਦ ਕਰਨ ਦੀ ਜੋਰਦਾਰ ਮੰਗ ਕਰਦਿਆਂ ਕਿਹਾ ਕਿ ਮਹਾਨ ਗੁਰੂ ਸਾਹਿਬ ਦੇ ਸ਼ੁੱਭ ਜਨਮ ਦਿਹਾੜੇ 'ਤੇ ਪੰਜਾਬ ਸਰਕਾਰ ਪਰਾਲੀ ਦੀ ਸੰਭਾਲ ਲਈ ਸੁਪਰੀਮ ਕੋਰਟ ਵੱਲੋਂ 100 ਰੁਪਏ ਪ੍ਰਤੀ ਕੁਇੰਟਲ ਬੋਨਸ ਕਿਸਾਨਾਂ ਨੂੰ ਦੇਣ ਦੇ ਫੈਸਲੇ ਵਿੱਚ ਵਾਧਾ ਕਰਕੇ 200 ਰੁਪਏ ਕੁਇੰਟਲ ਬੋਨਸ ਦੇਵੇ।

ਉਨ੍ਹਾਂ ਮੰਗ ਇਹ ਵੀ ਰੱਖੀ ਕਿ ਪੀੜ੍ਹਤ ਕਿਸਾਨਾਂ 'ਤੇ ਦਰਜ ਕੀਤੇ ਪਰਚੇ ਅਤੇ ਪਾਏ ਜੁਰਮਾਨੇ ਤੁਰੰਤ ਰੱਦ ਕਰੇ, ਕਿਸਾਨਾਂ ਮਜ਼ਦੂਰਾਂ ਦਾ ਸਮੁੱਚਾ ਕਰਜਾ ਖਤਮ ਕਰਨ ਸਮੇਤ ਹੋਰ ਸਾਰੇ ਕੀਤੇ ਚੋਣ ਵਾਅਦੇ ਲਾਗੂ ਕਰਨ ਦਾ ਐਲਾਣ 12 ਨਵੰਬਰ ਨੂੰ ਕੀਤਾ ਜਾਵੇ। ਇਸਤੋਂ ਇਲਾਵਾ ਪਿਛਲੀ ਦਿਨੀਂ ਹੜ੍ਹਾਂ ਨਾਲ ਤਬਾਹ ਹੋਈਆਂ ਫਸਲਾਂ ਦਾ 40 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ ਅਤੇ ਹੜ੍ਹ ਪੀੜ੍ਹਤਾਂ ਦੇ ਮੁੜ ਵਸੇਬੇ ਲਈ ਮੁਆਵਜ਼ਾ ਵੀ 12 ਨਵੰਬਰ ਨੂੰ ਸੁਲਤਾਨਪੁਰ ਲੋਧੀ ਸਾਹਿਬ ਵਿਖੇ ਲਾਈ ਸਟੇਜ ਤੋਂ ਵੰਡਿਆ ਜਾਵੇ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਆਗੂਆਂ ਨੇ ਕਿਹਾ ਕਿ ਜੇਕਰ ਸਰਕਾਰ ਇਹ ਕੰਮ ਕਰਦੀ ਹੈ ਤਾਂ ਗੁਰੂ ਸਾਹਿਬ ਦਾ ਦਿਨ ਮਨਾਉਣਾ ਸਾਰਥਿਕ ਹੈ, ਨਹੀਂ ਤਾਂ ਪੰਜਾਬ ਤੇ ਕੇਂਦਰ ਸਰਕਾਰ ਜਾਂ ਕਿਸੇ ਹੋਰ ਮਲਕ ਭਾਗੋ ਨੂੰ ਗੁਰੂ ਸਾਹਿਬ ਦੇ ਦਿਲ 'ਤੇ ਅੰਡਬਰ ਕਰਨ ਦਾ ਕੋਈ ਨੈਤਿਕ ਹੱਕ ਨਹੀਂ ਹੈ। ਦੋਸਤੋਂ, ਦੇਖਣਾ ਹੁਣ ਇਹ ਹੋਵੇਗਾ ਕਿ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਰੱਖੀ ਗਈ ਮੰਗ ਦੇ ਵੱਲ ਸਰਕਾਰ ਕਿੰਨਾ ਕੁ ਧਿਆਨ ਦਿੰਦੀ ਹੈ? ਕੀ ਸਰਕਾਰ ਬਾਬੇ ਨਾਨਕ ਦੇ ਸੁਨੇਹੇ ਮੁਤਾਬਿਕ ਪੰਜਾਬ ਨੂੰ ਸੁਧਾਰਨ ਦਾ ਕੰਮ ਕਰੇਗੀ ਜਾਂ ਨਹੀਂ? ਇਹ ਆਉਣ ਵਾਲਾ ਵੇਲਾ ਦੱਸੇਗਾ।